ਹੁਣ ਪਟਿਆਲਾ, ਨਾਭਾ, ਧੂਰੀ, ਬਰਨਾਲਾ ਅਤੇ ਬਠਿੰਡਾ ਤੋਂ ਚੰਡੀਗੜ੍ਹ ਪਹੁੰਚਣ ਲਈ ਬੱਸਾਂ ਵਿੱਚ ਕਈ ਘੰਟੇ ਸਫ਼ਰ ਕਰਨ ਦੀ ਲੋੜ ਨਹੀਂ ਪਵੇਗੀ। ਰੇਲਵੇ ਮੰਤਰਾਲੇ ਨੇ ਮੋਹਾਲੀ-ਰਾਜਪੁਰਾ ਰੇਲ ਲਿੰਕ ਲਈ 202.99 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਹੈ ਜਿਸ ਕਾਰਨ ਇਹ ਲੰਬੇ ਸਮੇਂ ਤੋਂ ਲਟਕਿਆ ਹੋਇਆ ਪ੍ਰੋਜੈਕਟ ਹੁਣ ਸ਼ੁਰੂ ਕੀਤਾ ਜਾ ਸਕਦਾ ਹੈ।
ਇਹ ਰੇਲਵੇ ਲਾਈਨ ਮੋਹਾਲੀ ਤੋਂ ਸ਼ੰਭੂ ਵਾਇਆ ਬਨੂੜ ਤੋਂ ਰਾਜਪੁਰਾ ਨੂੰ ਜੋੜੇਗੀ। ਇਸ ਨਾਲ ਇਨ੍ਹਾਂ ਸ਼ਹਿਰਾਂ ਵਿੱਚ ਸਿੱਧਾ ਰੇਲ ਸੰਪਰਕ ਸੰਭਵ ਹੋ ਜਾਵੇਗਾ। ਅਜਿਹੀ ਸਥਿਤੀ ਵਿੱਚ ਪਟਿਆਲਾ, ਬਠਿੰਡਾ ਤੋਂ ਚੰਡੀਗੜ੍ਹ ਪਹੁੰਚਣ ਵਿੱਚ ਘੱਟ ਸਮਾਂ ਲੱਗੇਗਾ।
ਇਸ ਪ੍ਰਾਜੈਕਟ ਨੂੰ ਸਾਲ 2017 ਵਿਚ ਮਨਜ਼ੂਰੀ ਦਿਤੀ ਗਈ ਸੀ ਅਤੇ ਸਾਲ 2018 ਵਿਚ ਤਤਕਾਲੀ ਕੇਂਦਰ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੰਦੇ ਹੋਏ ਪੰਜਾਬ ਸਰਕਾਰ ਨੂੰ 78 ਕਰੋੜ ਰੁਪਏ ਵਿਚ 42 ਏਕੜ ਜ਼ਮੀਨ ਪ੍ਰਾਪਤ ਕਰਨ ਲਈ ਕਿਹਾ ਸੀ ਪਰ ਜ਼ਮੀਨ ਪ੍ਰਾਪਤ ਨਾ ਹੋਣ ਕਾਰਨ ਇਹ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ। ਹੁਣ ਇਸ ਦਾ ਕੰਮ ਰੇਲ ਮੰਤਰਾਲੇ ਵਲੋਂ ਬਜਟ ਜਾਰੀ ਹੋਣ ਤੋਂ ਤੁਰਤ ਬਾਅਦ ਸ਼ੁਰੂ ਹੋ ਜਾਵੇਗਾ।