The Khalas Tv Blog Punjab ਢੀਂਡਸਾ ਧੜੇ ਨੇ ਕੀਤਾ ਐਲਾਨ, ਜਾਣੋ ਕਿਸ ਦਾ ਦੇਣਗੇ ਸਾਥ
Punjab

ਢੀਂਡਸਾ ਧੜੇ ਨੇ ਕੀਤਾ ਐਲਾਨ, ਜਾਣੋ ਕਿਸ ਦਾ ਦੇਣਗੇ ਸਾਥ

ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਐਲਾਨ ਤੋਂ ਬਾਅਦ ਢੀਂਡਸਾ ਧੜੇ ਵਿੱਚ ਬਗ਼ਾਵਤ ਦੇਖਣ ਨੂੰ ਮਿਲ ਰਹੀ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਰਿਹਾਇਸ਼ ਤੇ ਵਰਕਰਾਂ ਦਾ ਇਕੱਠ ਕਰਕੇ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦਾ ਸਾਥ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਵਰਕਰਾਂ ਦੀ ਰਾਏ ਜਾਨਣ ਤੋਂ ਬਾਅਦ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਸਮਰਥਕ ਪਾਰਟੀ ਵਰਕਰ ਸੰਗਰੂਰ ਸੰਸਦੀ ਹਲਕੇ ਤੋਂ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿਚ ਨਹੀਂ ਚੱਲਣਗੇ ਤੇ ਘਰ ਬੈਠ ਜਾਣਗੇ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਾਂਵੇ ਪਾਰਟੀ ਵੱਲੋਂ ਟਿਕਟ ਬਦਲਣ ਦੇ ਸੁਨੇਹੇ ਆਏ ਹਨ ਪਰ ਉਨ੍ਹਾਂ ਨੇ ਹੁਣ ਟਿਕਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਜੋ ਹੋਣਾ ਸੀ ਹੋ ਗਿਆ। ਪਾਰਟੀ ਸਰਪ੍ਰਸਤ ਨੇ ਕਿਹਾ ਕਿ ਭਾਵੇਂ ਪਰਮਿੰਦਰ ਸਿੰਘ ਢੀਂਡਸਾ ਨੂੰ ਬੀਜੇਪੀ ਤੇ ਕਾਂਗਰਸ ਪਾਰਟੀ ਵੱਲੋਂ ਵੀ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਕਿ ਅਸੀਂ ਅਕਾਲੀ ਸੀ, ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੇ।

ਉਨ੍ਹਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਦੇ ਸਮਰਥਕ ਪਾਰਟੀ ਵਰਕਰਾਂ ਵੱਲੋਂ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਕਬਾਲ ਸਿੰਘ ਝੂੰਦਾਂ ਨਾਲ ਬਿਲਕੁਲ ਨਹੀਂ ਚੱਲਣਗੇ। ਢੀਂਡਸਾ ਨੇ ਕਿਹਾ ਕਿ ਝੂੰਦਾਂ ਜਿਥੇ ਕਿਤੇ ਵੀ ਪ੍ਰਚਾਰ ਲਈ ਗਏ, ਸਾਡੇ ਵਰਕਰਾਂ ਨੂੰ ਨਹੀਂ ਬੁਲਾਇਆ ਗਿਆ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਰਿਹਾਇਸ਼ ’ਤੇ ਪੁੱਜ ਕੇ ਕਿਹਾ ਸੀ,ਕਿ ‘ਤੁਹਾਡਾ ਬੱਚਾ ਹਾਂ, ਮੁਆਫ਼ੀ ਮੰਗਦਾ ਹਾਂ, ਗ਼ਲਤੀ ਹੋ ਗਈ’ ਮੁਆਫ਼ੀ ਤੇ ਗ਼ਲਤੀ ਦੀ ਗੱਲ ਨਹੀਂ ਸਗੋਂ ਵਿਸ਼ਵਾਸ ਟੁੱਟਿਆ ਹੈ। ਇਸ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਸਪੱਸ਼ਟ ਕਹਿ ਦਿੱਤਾ ਹੈ ਕਿ ਉਹ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿੱਚ ਨਹੀਂ ਚੱਲਣਗੇ ਅਤੇ ਨਾਂ ਹੀ ਵਿਰੋਧ ਕਰਨਗੇ ਸਗੋਂ ਘਰ ਬੈਠ ਜਾਣਗੇ।

Exit mobile version