ਕੈਨੇਡਾ : ਸਰੀ ਦੇ ਨਿਊਟਨ ਇਲਾਕੇ ’ਚ ਟਮਨਾਵਿਸ ਸੈਕੰਡਰੀ ਸਕੂਲ ’ਚ ਕਤਲ ਕੀਤੇ ਗਏ 18 ਸਾਲ ਦੇ ਲੜਕੇ ਮਹਿਕਪ੍ਰੀਤ ਸੇਠੀ ਦੇ ਪਿਤਾ ਹਰਸ਼ਪ੍ਰੀਤ ਸੇਠੀ ਨੂੰ ਕੈਨੇਡਾ ਆ ਕੇ ਵਸਣ ਦਾ ਅਫ਼ਸੋਸ ਹੈ। ਮਹਿਕਪ੍ਰੀਤ ਦੀ ਸਕੂਲ ਦੇ ਇਕ ਵਿਦਿਆਰਥੀ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਮਹਿਕਪ੍ਰੀਤ ਸੇਠੀ ਦੇ ਪਿਤਾ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕਿ‘‘ਜਦੋਂ ਮੈਂ ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਚਾਕੂ ਮਹਿਕਪ੍ਰੀਤ ਦੇ ਦਿਲ ਨੂੰ ਚੀਰ ਗਿਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦਾ ਇਹ ਪਰਿਵਾਰ ਦੁਬਈ ਤੋਂ ਅੱਠ ਸਾਲ ਪਹਿਲਾਂ ਕੈਨੇਡਾ ਆ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ‘ਮੈਂ ਕੈਨੇਡਾ ’ਚ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਅਤੇ ਸੁਰੱਖਿਅਤ ਰਹਿਣ ਦੀ ਆਸ ਨਾਲ ਆਇਆ ਸੀ। ਹੁਣ ਮੈਨੂੰ ਅਫ਼ਸੋਸ ਹੋ ਰਿਹਾ ਹੈ ਕਿ ਮੈਂ ਇਥੇ ਆਪਣੇ ਬੱਚਿਆਂ ਨਾਲ ਕਿਉਂ ਆਇਆ।’ ਹਰਸ਼ਪ੍ਰੀਤ ਨੇ ਕਿਹਾ ਕਿ ਜਾਨ ਲੈਣ ਦੀ ਬਜਾਏ ਹਮਲਾਵਰ ਉਸ ਦੇ ਪੁੱਤਰ ਨੂੰ ਥੱਪੜ ਮਾਰ ਸਕਦਾ ਸੀ, ਹੱਥ ਜਾਂ ਲੱਤ ਤੋੜ ਸਕਦਾ ਸੀ।
ਉੱਥੇ ਹੀ ਮਹਿਕਪ੍ਰੀਤ ਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਭਵਪ੍ਰੀਤ ਲਈ ਨਵੇਂ ਕੱਪੜੇ ਖ਼ਰੀਦਣ ਦੀ ਯੋਜਨਾ ਬਣਾਈ ਸੀ ਕਿਉਂਕਿ ਉਸ ਦਾ ਜਨਮ ਦਿਨ ਸੀ। ਇਸੇ ਕਾਰਨ ਉਹ ਭਵਪ੍ਰੀਤ ਨੂੰ ਸਕੂਲ ’ਚ ਲੈਣ ਲਈ ਗਿਆ ਸੀ।
ਦੱਸ ਦਈਏ ਕਿ ਸਰੀ ਦੇ ਨਿਊਟਨ ਇਲਾਕੇ ‘ਚ ਝਗੜੇ ਤੋਂ ਬਾਅਦ ਬੁੱਧਵਾਰ ਨੂੰ ਸਕੂਲ ਦੀ ਪਾਰਕਿੰਗ ‘ਚ 18 ਸਾਲਾ ਭਾਰਤੀ ਮੂਲ ਦੇ ਪੰਜਾਬੀ ਨੌਜਵਾਨ ਮਹਿਕਪ੍ਰੀਤ ਸੇਠੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਸੇਠੀ ਦੇ ਕਿਸੇ ਜਾਣਕਾਰ ਨੇ ਹੀ ਸਕੂਲ ਦੀ ਪਾਰਕਿੰਗ ਚ ਉਹਦੇ ਤੇ ਹਮਲਾ ਕਰਕੇ, ਉਹਨੂੰ ਮੌਤ ਦੀ ਘਾਟ ਉਤਾਰ ਦਿੱਤਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਟਿਮੋਥੀ ਪਿਰੋਟੀ ਦੇ ਅਨੁਸਾਰ, ਹਮਲੇ ਦੌਰਾਨ ਸੇਠੀ ਜ਼ਖਮੀ ਹੋ ਗਿਆ ਸੀ, ਜਿਸ ਨੂੰ ਬਚਾਉਣ ਲਈ ਹਸਪਤਾਲ ਲਿਜਿਾਇਆ ਗਿਆ, ਜਿਥੇ ਉਹਨੇ ਦਮ ਤੋੜ ਦਿੱਤਾ ਸੀ।