The Khalas Tv Blog International ਅਮਰੀਕਾ ‘ਚ ਅਫਰੀਕੀ ਮੂਲ ਦੇ ਨਾਗਰਿਕ ਦੀ ਹੋਈ ਮੌਤ, ਹਿੰਸਾ ‘ਤੇ ਉਤਰੇ ਲੋਕਾਂ ਨੇ ਕੀਤੀ ਲੁੱਟਮਾਰ
International

ਅਮਰੀਕਾ ‘ਚ ਅਫਰੀਕੀ ਮੂਲ ਦੇ ਨਾਗਰਿਕ ਦੀ ਹੋਈ ਮੌਤ, ਹਿੰਸਾ ‘ਤੇ ਉਤਰੇ ਲੋਕਾਂ ਨੇ ਕੀਤੀ ਲੁੱਟਮਾਰ

‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਫ਼ਿਲਡੈਲਫ਼ਿਆ ਸ਼ਹਿਰ ਵਿੱਚ ਇੱਕ ਅਫ਼ਰੀਕੀ ਮੂਲ ਦੇ ਨਾਗਰਿਕ ਦੀ ਮੌਤ ਹੋਣ ਨਾਲ ਕਾਫੀ ਹੰਗਾਮਾ ਰਿਹਾ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਫ਼ਿਲਡੈਲਫ਼ਿਆ ਪੁਲਿਸ ਨੇ ਦੱਸਿਆ ਕਿ ਤਣਾਅ ਦੇ ਵਿਚਕਾਰ ਸੈਂਕੜੇ ਲੋਕਾਂ ਦੀ ਭੀੜ ਨੇ ਸੜਕਾਂ ‘ਤੇ ਅਗਜ਼ਨੀ ਕੀਤੀ ਤੇ ਦੁਕਾਨਾਂ ਦੀ ਲੁੱਟ ਮਾਰ ਕਰ ਦਿੱਤੀ। ਸਥਾਨਕ ਪ੍ਰਸ਼ਾਸਨ ਦੇ ਅਨੁਸਾਰ ਸ਼ਹਿਰ ਵਿੱਚ ਵਾਧੂ ਪੁਲਿਸ ਬਲ ਤੇ ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ।

ਪੁਲਿਸ ਅਧਿਕਾਰੀਆਂ ਦੇ ਅਨੁਸਾਰ ਭੀੜ ਨੂੰ ਕਾਬੂ ਕਰਨ ਵਿੱਚ ਹੁਣ ਤੱਕ 30 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਪੁਲਿਸ ਦਾ ਕਹਿਣਾ ਹੈ, “27 ਸਾਲਾ ਵਾਲਟਰ ਵਾਲੈਸ ਨੂੰ ਪੁਲਿਸ ਵਾਲਿਆਂ ਨੇ ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਸੀ,  ਪੁਲਿਸ ਨੇ ਉਸ ਨੂੰ ਕਿਹਾ ਕਿ ਉਸ ਦੇ ਹੱਥ ਵਿੱਚ ਜੋ ਚਾਕੂ ਹੈ ਉਹ ਹੇਠਾਂ ਰੱਖ ਦੇਵੇ, ਪਰ ਉਹ ਰਾਜ਼ੀ ਨਹੀਂ ਹੋਇਆ, ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ।” ਵਾਲੈਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਮਾਨਸਿਕ ਸਿਹਤ ਸੰਕਟ ਨਾਲ ਜੂਝ ਰਿਹਾ ਸੀ।

 

usa

ਫ਼ਿਲਡੈਲਫ਼ਿਆ ਵਿੱਚ ਸਥਿਤੀ ਕਿਵੇਂ ਹੈ?

27 ਅਕਤੂਬਰ ਦੀ ਰਾਤ ਨੂੰ ਫ਼ਿਲਡੈਲਫ਼ਿਆ ਪੁਲਿਸ ਨੇ ਇੱਕ ਚੇਤਾਵਨੀ ਜਾਰੀ ਕੀਤੀ ਸੀ ਕਿ “ਸ਼ਹਿਰ ਦੇ ਕਾਸਟਰ ਅਤੇ ਅਰਾਮਿੰਗੋ ਖੇਤਰਾਂ ਵਿੱਚ ਲਗਭਗ 1000 ਲੋਕਾਂ ਦੀ ਭੀੜ ਲੁੱਟ ਕਰ ਰਹੀ ਹੈ, ਇਨ੍ਹਾਂ ਖੇਤਰਾਂ ਵਿੱਚ ਜਾਣ ਤੋਂ ਬੱਚੋ।”

ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ‘ਵਾਲਟਰ ਵਾਲੈਸ ਦੀ ਮੌਤ ‘ਤੇ ਹੋ ਰਹੇ ਵਿਰੋਧ ਪ੍ਰਦਰਸ਼ਨ ਕੁੱਝ ਥਾਵਾਂ ‘ਤੇ ਹਿੰਸਕ ਹੋ ਗਏ ਹਨ, ਇਸ ਲਈ ਸਥਾਨਕ ਨਾਗਰਿਕਾਂ ਨੂੰ ਬਾਹਰ ਨਿਕਲਣ ਤੋਂ ਬਚੋਂ ਅਤੇ ਆਪਣੇ ਘਰਾਂ ਵਿੱਚ ਹੀ ਰਹੋ।

ਫ਼ਿਲਡੈਲਫ਼ਿਆ ਪੁਲਿਸ ਦੇ ਅਨੁਸਾਰ, “ਪ੍ਰਦਰਸ਼ਨਕਾਰੀਆਂ ਦੀ ਕਈ ਥਾਵਾਂ ‘ਤੇ ਪੁਲਿਸ ਨਾਲ ਝੜਪ ਹੋਈ। ਭੀੜ ਨੇ ਕਈ ਥਾਵਾਂ ’ਤੇ ਪੁਲਿਸ ਬੈਰੀਕੇਡਾਂ ਨੂੰ ਉਖਾੜ ਦਿੱਤਾ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ‘ਮਿਰਚ ਦੇ ਸਪਰੇਅ’ ਦੀ ਵਰਤੋਂ ਕਰਨੀ ਪਈ।” ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਸਮੇਂ ਤੋਂ ਬਹੁਤ ਪਹਿਲਾਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਸ਼ਹਿਰ ਦੀਆਂ ਕਈ ਸੜਕਾਂ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਸੀ।

 

ਸ਼ਹਿਰ ਦੇ ਅਧਿਕਾਰੀ ਕੀ ਕਹਿ ਰਹੇ ਹਨ?

ਮੇਅਰ ਜਿਮ ਕੈਨੀ ਡੈਮੋਕਰੇਟ ਲੀਡਰ ਹਨ। ਉਨ੍ਹਾਂ ਨੇ ਕਿਹਾ ਹੈ ਕਿ “26 ਅਕਤੂਬਰ ਨੂੰ ਵਾਲਟਰ ਵਾਲੈਸ ਦੀ ਸ਼ੂਟਿੰਗ ਦੀ ਵੀਡੀਓ ਨੇ ਬਹੁਤ ਸਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਦਾ ਜਵਾਬ ਦੇਣਾ ਲਾਜ਼ਮੀ ਹੈ।” ਉਨ੍ਹਾਂ ਨੇ ਇਸ ਬਾਰੇ ਵਿਸਥਾਰ ਨਾਲ ਕੁੱਝ ਨਹੀਂ ਕਿਹਾ, ਪਰ ਉਨ੍ਹਾਂ ਨੇ ਕਿਹਾ ਕਿ “ਵਾਲਟਰ ਵਾਲੈਸ, ਉਨ੍ਹਾਂ ਦੇ ਪਰਿਵਾਰ, ਅਧਿਕਾਰੀਆਂ ਅਤੇ ਫ਼ਿਲਡੈਲਫ਼ਿਆ ਲਈ ਇੱਕ ਤੇਜ਼ ਤੇ ਪਾਰਦਰਸ਼ੀ ਹੱਲ ਦੀ ਜ਼ਰੂਰਤ ਹੈ।”

ਫ਼ਿਲਡੈਲਫ਼ਿਆ ਦੇ ਪੁਲਿਸ ਕਮਿਸ਼ਨਰ ਡੈਨੀਅਲ ਆਉਟਲੌ ਨੇ ਕਿਹਾ ਕਿ “ਉਹ ਘਟਨਾ ਸਥਾਨ ਦਾ ਦੌਰਾ ਕਰ ਚੁੱਕੇ ਹਨ ਅਤੇ ਮੰਨਦੇ ਹਨ ਕਿ ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਬਹੁਤ ਗੁੱਸਾ ਹੈ।” ਡੈਨੀਅਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ਅਜੇ ਹੋਰ ਤਣਾਅ ਵੇਖਣਾ ਬਾਕੀ ਹੈ। ਲੋਕਾਂ ਵਿੱਚ ਬਹੁਤ ਗੁੱਸਾ ਹੈ। ਪਰ ਅਸੀਂ ਸਾਰੀਆਂ ਲੋੜੀਂਦੀਆਂ ਤਿਆਰੀਆਂ ਕਰ ਰਹੇ ਹਾਂ ਤਾਂ ਜੋ ਸਥਿਤੀ ਵਿਗੜ ਨਾ ਸਕੇ, ਅਤੇ ਕਾਨੂੰਨ ਵਿਵਸਥਾ ਬਣਾਈ ਰਹੇ। ਸ਼ਹਿਰ ਦੇ ਕੁਝ ਮੁੱਖ ਸਥਾਨ ‘ਤੇ ਵਾਧੂ ਪੁਲਿਸ ਬਲ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। “

ਇਸੇ ਸਾਲ, ਮਿਨੇਸੋਟਾ ਵਿੱਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ, ਫ਼ਿਲਡੈਲਫ਼ਿਆ ਵਿੱਚ ਸਖ਼ਤ ਵਿਰੋਧ ਪ੍ਰਦਰਸ਼ਨ ਹੋਏ ਸੀ। ਜੌਰਜ ਫਲਾਇਡ ਨੂੰ ਆਪਣੀ ਅੰਤਮ ਵੀਡੀਓ ਵਿੱਚ ਸਾਹ ਨਾ ਲੈਣ ਦੀ ਤਕਲੀਫ਼ ਜ਼ਾਹਰ ਕਰਦੇ ਹੋਏ ਦੇਖਿਆ ਗਿਆ ਸੀ, ਪਰ ਗੋਰੇ ਪੁਲਿਸ ਅਧਿਕਾਰੀ ਡੇਰੇਕ ਸ਼ੋਵਿਨ ਨੇ ਜਦੋਂ ਤੱਕ ਜੌਰਜ ਦੀ ਮੌਤ ਨਹੀਂ ਹੋ ਗਈ ਆਪਣੇ ਗੋਡੇ ਉਨ੍ਹਾਂ ਦੇ ਗਲੇ ਤੋਂ ਨਹੀਂ ਹਟਾਏ।

ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਨਸਲਵਾਦ ਤੇ ਪੁਲਿਸ ਦੀ ਬੇਰਹਿਮੀ ਦੇ ਖਿਲਾਫ ਵੱਡੇ ਪ੍ਰਦਰਸ਼ਨ ਹੋਏ ਸਨ। ਹਾਲਾਂਕਿ, 26 ਅਕਤੂਬਰ ਨੂੰ ਵਾਲਟਰ ਵਾਲੈਸ ਦੀ ਮੌਤ ਤੋਂ ਬਾਅਦ, 300 ਤੋਂ ਵੱਧ ਲੋਕ ਵਿਰੋਧ ਪ੍ਰਦਰਸ਼ਨ ਕਰਨ ਲਈ ਸੜਕ ‘ਤੇ ਉਤਰੇ ਸਨ, ਜਿਨ੍ਹਾਂ ਵਿੱਚੋਂ 91 ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਪ੍ਰਦਰਸ਼ਨ ਸ਼ਾਂਤਮਈ ਸਨ ਅਤੇ ਲੋਕ ਮੰਗਲਵਾਰ ਸਵੇਰ ਤੱਕ ਆਪਣੇ ਜਗ੍ਹਾਂ ‘ਤੇ ਬਣੇ ਰਹੇ। ਪੁਲਿਸ ਦੇ ਅਨੁਸਾਰ ਰਾਤ ਨੂੰ ਭੀੜ ਕਈ ਵਾਰ ਹਿੰਸਕ ਵੀ ਹੋਈ। ਪਰ ਮੰਗਲਵਾਰ ਦੀ ਸ਼ਾਮ ਤੱਕ ਸਾਰਾ ਮਾਹੌਲ ਗਰਮ ਹੋ ਗਿਆ ਅਤੇ ਲੁੱਟ-ਖੋਹ ਅਤੇ ਅੱਗ ਲਾਉਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।

ਗੋਲੀਬਾਰੀ ਬਾਰੇ ਕੀ ਪਤਾ ਹੈ?

ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸੋਮਵਾਰ ਸ਼ਾਮ 4 ਵਜੇ ਵਾਪਰੀ, ਜਦੋਂ ਦੋ ਪੁਲਿਸ ਅਧਿਕਾਰੀਆਂ ਨੂੰ ਪੱਛਮੀ ਫ਼ਿਲਡੈਲਫ਼ਿਆ ਦੇ ਕੋਬਸ ਕ੍ਰੀਕ ਖੇਤਰ ਤੋਂ ਇੱਕ ਵਿਅਕਤੀ ਦੇ ਹੱਥ ਵਿੱਚ ਚਾਕੂ ਲੈ ਕੇ ਘੁੰਮਣ ਦੀ ਸ਼ਿਕਾਇਤ ਮਿਲੀ।

ਪੁਲਿਸ ਦੀ ਬੁਲਾਰੀ ਤਾਨਿਆ ਲਿਟਲ ਨੇ ਪ੍ਰੈਸ ਨੂੰ ਦੱਸਿਆ, “ਇੱਕ ਵਿਅਕਤੀ ਜਿਸਦੀ ਪਛਾਣ ਬਾਅਦ ਵਿੱਚ ਵਾਲਟਰ ਵਾਲੇਸ ਵਜੋਂ ਹੋਈ ਸੀ, ਨੇ ਆਪਣੇ ਹੱਥ ਵਿੱਚ ਇੱਕ ਚਾਕੂ ਫੜਿਆ ਸੀ। ਜਦੋਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਉਸ ਨੂੰ ਚਾਕੂ ਹੇਠਾਂ ਰੱਖਣ ਲਈ ਕਿਹਾ। ਪਰ ਚਾਕੂ ਸੁੱਟਣ ਦੀ ਬਜਾਏ ਉਹ ਪੁਲਿਸ ਵਾਲਿਆਂ ਵੱਲ ਵੱਧਣ ਲੱਗਿਆ ਜਿਸ ਦੌਰਾਨ ਪੁਲਿਸ ਦੇ ਦੋਵਾਂ ਅਧਿਕਾਰੀਆਂ ਨੇ ਗੋਲੀਆਂ ਚਲਾਈਆਂ, ਕੁੱਝ ਗੋਲੀਆਂ ਵਾਲੈਸ ਦੇ ਸੀਨੇ ਅਤੇ ਮੋਢੇ ‘ਤੇ ਲੱਗੀਆ।” ਉਨ੍ਹਾਂ ਵਿਚੋਂ ਇੱਕ ਅਧਿਕਾਰੀ ਵਾਲਟਰ ਵਾਲੈਸ ਨੂੰ ਹਸਪਤਾਲ ਲੈ ਕੇ ਭੱਜਿਆ, ਪਰ ਹਸਪਤਾਲ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਵੀਡੀਓ ਜੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਹੈ, ਵਿੱਚ ਵੇਖਿਆ ਜਾ ਸਕਦਾ ਹੈ ਕਿ ਵਾਲਟਰ ਵਾਲੈਸ ਦੋਵੇਂ ਪੁਲਿਸ ਅਧਿਕਾਰੀਆਂ ਵੱਲ ਵੱਧ ਰਹੇ ਹਨ ਅਤੇ ਦੋਵਾਂ ਨੇ ਉਨ੍ਹਾਂ ‘ਤੇ ਬੰਦੂਕਾਂ ਤੰਨੀਆਂ ਹੋਈਆਂ ਹਨ।

 

ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਵਾਲਟਰ ਵਾਲੈਸ ਨੂੰ ਹਥਿਆਰ ਰੱਖਣ ਦੀ ਚੇਤਾਵਨੀ ਦਿੱਤੀ ਸੀ।

ਵਾਲੈਸ ਦੇ ਪਿਤਾ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਮਾਨਸਿਕ ਸਿਹਤ ਸੰਕਟ ਨਾਲ ਜੂਝ ਰਿਹਾ ਸੀ, ਜਿਸਦੇ ਲਈ ਉਸਦੀ ਦਵਾਈ ਚੱਲ ਰਹੀ ਸੀ। ਉਨ੍ਹਾਂ ਦੇ ਪਿਤਾ ਨੇ ਸਵਾਲ ਕੀਤਾ ਕਿ ‘ਪੁਲਿਸ ਵਾਲਿਆਂ ਨੇ ਟੇਜ਼ਰ ਗਨ (ਕਰੰਟ ਮਾਰਨ ਵਾਲੀ ਗਨ) ਕਿਉਂ ਨਹੀਂ ਨਾਲ ਰੱਖੀ ਸੀ?

ਪ੍ਰੈਸ ਕਾਨਫਰੰਸ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਪੁਲਿਸ ਮੁਲਾਜ਼ਮਾਂ ਨੇ ਸੱਤ ਫਾਇਰ ਕੀਤੇ ਸਨ, ਜਿਨ੍ਹਾਂ ਵਿਚੋਂ ਕੁੱਝ ਵਾਲੈਸ ਨੂੰ ਲੱਗੇ ਸੀ। ਪੁਲਿਸ ਵਿਭਾਗ ਨੇ ਦੋਹਾਂ ਅਧਿਕਾਰੀਆਂ ਦੇ ਨਾਮਾਂ ਦਾ ਜ਼ਿਕਰ ਨਹੀਂ ਕੀਤਾ, ਪਰ ਇਹ ਕਿਹਾ ਗਿਆ ਕਿ ਦੋਵਾਂ ਨੇ ਬਾਡੀ-ਕੈਮਰੇ ਪਹਿਨੇ ਹੋਏ ਸਨ ਅਤੇ ਦੋਵਾਂ ਕੋਲ ਸ਼ਾਟ ਗਨ ਨਹੀਂ ਸੀ। ਇਸ ਦੌਰਾਨ, ਵਾਲੈਸ ਪਰਿਵਾਰ ਦੇ ਵਕੀਲ ਨੇ ਕਿਹਾ ਕਿ ‘ਪਰਿਵਾਰ ਨੇ ਵਾਲਟਰ ਦੀ ਮਾਨਸਿਕ ਸਥਿਤੀ ਦੇ ਮੱਦੇਨਜ਼ਰ ਇੱਕ ਐਂਬੂਲੈਂਸ ਬੁਲਾਈ ਸੀ, ਨਾ ਕਿ ਪੁਲਿਸ’। ਵਕੀਲ ਸ਼ਾਕਾ ਜੌਹਨਸਨ ਨੇ ਕਿਹਾ ਕਿ ਵਾਲਟਰ ਦੀ ਗਰਭਵਤੀ ਪਤਨੀ ਦੇ ਅਨੁਸਾਰ, ਉਹ ਬਾਈਪੋਲਰ ਮਾਨਸਿਕ ਰੋਗ ਤੋਂ ਪੀੜਤ ਸੀ ਅਤੇ ਦਵਾਈ ਚੱਲ ਰਹੀ ਸੀ।

ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਈਡਨ ਅਤੇ ਉਨ੍ਹਾਂ ਦੀ ਸਹਿਯੋਗੀ ਕਮਲਾ ਹੈਰਿਸ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਸਨੇ ਇੱਕ ਬਿਆਨ ਵਿੱਚ ਕਿਹਾ ਕਿ ‘ਇਸ ਘਟਨਾ ਨਾਲ ਉਨ੍ਹਾਂ ਦਾ ਦਿਲ ਦੁਖੀ ਹੈ। ਉਹ ਇਹ ਨਹੀਂ ਚਾਹਣਗੇ ਕਿ ਮਾਨਸਿਕ ਰੋਗ ਤੋਂ ਪੀੜਤ ਵਿਅਕਤੀ ਦਾ ਅੰਤ ਇਸ ਤਰ੍ਹਾਂ ਦੀ ਮੌਤ ਨਾਲ ਹੋਵੇ।ਫ਼ਿਲਡੈਲਫ਼ਿਆ ਪੈਨਸਿਲਵੇਨੀਆ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ, ਜੋ ਅਗਲੇ ਹਫ਼ਤੇ ਹੋਣ ਵਾਲੀਆਂ ਚੋਣਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।

Exit mobile version