ਵਿਦੇਸ਼ਾਂ ਵਿੱਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਵਾਲੀਆਂ ਖ਼ਬਰਾਂ ਵਧਦੀਆਂ ਜਾ ਰਹੀਆਂ ਹਨ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਕੈਨੇਡਾ (Canada) ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬ ਦੀ ਨੌਜਵਾਨ ਲੜਕੀ ਦੀ ਮੌਤ ਹੋ ਗਈ।
ਬਰਨਾਲਾ ਦੇ ਨੇੜਲੇ ਪਿੰਡ ਕੁਰੜ ਵਾਸੀ ਦਿਲਪ੍ਰੀਤ ਕੌਰ (23) ਦੀ ਕੈਨੇਡਾ ਵਿੱਚ ਮੌਤ ਹੋ ਗਈ। ਉਹ ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ। ਉਹ ਕੈਨੇਡਾ ਦੇ ਬਰੈਂਪਟਨ ’ਚ ਰਹਿ ਰਹੀ ਸੀ। ਮ੍ਰਿਤਕਾ ਦੀ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਆਪਣੀ ਧੀ ਦਾ ਬਾਰ੍ਹਵੀਂ ਪਾਸ ਕਰਨ ਮਗਰੋਂ ਬਲਵੀਰ ਸਿੰਘ ਵਾਸੀ ਚਾਉਕੇ ਨਾਲ ਵਿਆਹ ਕਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਲੜਕੀ 17 ਸਤੰਬਰ 2021 ਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ। ਉਸ ਤੋਂ ਕੁੱਝ ਸਮਾਂ ਬਾਅਦ ਉਸ ਦਾ ਪਤੀ ਵੀ ਕੈਨੇਡਾ ਚਲਾ ਗਿਆ। ਉਨ੍ਹਾਂ ਦੱਸਿਆ ਕਿ ਕੱਲ੍ਹ ਉਸ ਦੀ ਆਪਣੀ ਧੀ ਨਾਲ ਗੱਲਬਾਤ ਹੋਈ ਸੀ। ਅੱਜ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਦਾ ਜਵਾਈ ਉਸ ਨੂੰ ਹਸਪਤਾਲ ਲੈ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਹੈ।
ਦਿਲਪ੍ਰੀਤ ਪਹਿਲਾਂ ਕਦੇ ਬਿਮਾਰ ਨਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਲੜਕੀ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਉੱਥੋਂ ਦੇ ਡਾਕਟਰਾਂ ਨਾਲ ਰਾਬਤਾ ਚੱਲ ਰਿਹਾ ਹੈ। ਬਜ਼ੁਰਗਾਂ ਨੇ ਦੱਸਿਆ ਕਿ ਦਿਲਪ੍ਰੀਤ ਦੇ ਪਿਤਾ ਦੀ ਕਰੀਬ 8-9 ਸਾਲ ਪਹਿਲਾਂ ਮੌਤ ਹੋ ਗਈ ਸੀ। ਦਿਲਪ੍ਰੀਤ ਦੀ ਮਾਂ ਨੇ ਆਪਣੇ ਬੇਟੇ ਅਤੇ ਬੇਟੀ ਦੋਵਾਂ ਨੂੰ ਬੜੀ ਮੁਸ਼ਕਲ ਨਾਲ ਪੜ੍ਹਾ ਲਿਖਾ ਕੇ ਇਸ ਕਾਬਲ ਬਣਾਇਆ ਸੀ। ਹੁਣ ਧੀ ਦੀ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮਾਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ, ਮਾਂ ਦੇ ਵੈਣ ਦੇਖੇ ਨਹੀਂ ਜਾ ਰਹੇ।