The Khalas Tv Blog Khetibadi ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਦਿੱਤੀ ਦਸਤਕ, ਕਿਸਾਨ ਫ਼ਸਲਾਂ ਵਾਹੁਣ ਲਈ ਮਜਬੂਰ
Khetibadi Poetry

ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਦਿੱਤੀ ਦਸਤਕ, ਕਿਸਾਨ ਫ਼ਸਲਾਂ ਵਾਹੁਣ ਲਈ ਮਜਬੂਰ

ਮੁਹਾਲੀ : ਪੰਜਾਬ ਦੇ ਕਿਸਾਨਾਂ ਨੂੰ ਅਕਸਰ ਹੀ ਕੁਦਰਤ ਦੀ ਮਾਰ ਪੈਂਦੀ ਹੈ। ਇਸ ਵਾਰ ਨਰਮੇ ਦੀ ਫ਼ਸਲ ਉਤੇ ਖ਼ਤਰਾ ਮੰਡਰਾ ਰਿਹਾ ਹੈ। ਦਰਅਸਲ ਪੰਜਾਬ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਦਸਤਕ ਦੇ ਦਿੱਤੀ ਹੈ। ਸਰਹੱਦੀ ਪਿੰਡਾਂ ਵਿੱਚ ਨੌਬਤ ਫ਼ਸਲ ਵਾਹੁਣ ਤੱਕ ਦੀ ਬਣ ਗਈ ਹੈ। ਗੁਲਾਬੀ ਸੁੰਡੀ ਨੇ ਖੇਤੀ ਮਹਿਕਮੇ ਦੀ ਨੀਂਦ ਉਡਾ ਦਿੱਤੀ ਹੈ। ਹਾਲਾਂਕਿ, ਗੁਲਾਬੀ ਸੁੰਡੀ ਦਾ ਹਮਲਾ ਮਾਰੂ ਪੜਾਅ ਤੋਂ ਹੇਠਾਂ ਹੈ ਪ੍ਰੰਤੂ ਕਿਸਾਨਾਂ ਨੇ ਕੀਟਨਾਸ਼ਕਾਂ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਹੈ। ਐਤਕੀਂ ਪਹਿਲੀ ਸੱਟ ਉਦੋਂ ਵੱਜੀ ਸੀ ਜਦੋਂ ਨਰਮੇ ਹੇਠਲਾ ਰਕਬਾ ਘੱਟ ਕੇ ਸਿਰਫ਼ 99,702 ਹੈਕਟੇਅਰ ਰਹਿ ਗਿਆ ਅਤੇ ਹੁਣ ਉੱਪਰੋਂ ਫ਼ਸਲ ਨੂੰ ਗੁਲਾਬੀ ਸੁੰਡੀ ਪੈ ਗਈ ਹੈ।

ਰਾਜਸਥਾਨ ਤੇ ਹਰਿਆਣਾ ਵਿੱਚ ਗੁਲਾਬੀ ਸੁੰਡੀ ਨੇ ਕਾਫ਼ੀ ਫ਼ਸਲ ਪ੍ਰਭਾਵਿਤ ਕੀਤੀ ਹੈ। ਪੰਜਾਬ ਦੀ ਅੰਤਰ-ਰਾਜੀ ਸੀਮਾ ਨਾਲ ਲੱਗਦੇ ਪਿੰਡਾਂ ਨੂੰ ਅਗੇਤ ਵਿੱਚ ਹੀ ਗੁਲਾਬੀ ਸੁੰਡੀ ਨੇ ਝੰਬ ਦਿੱਤਾ ਹੈ। ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ, ਹਨੂੰਮਾਨਗੜ੍ਹ ਅਤੇ ਅਨੂਪਗੜ੍ਹ ਵਿੱਚ ਗੁਲਾਬੀ ਸੁੰਡੀ ਦੀ ਕਾਫ਼ੀ ਮਾਰ ਪਈ ਹੈ। ਮਿਲੇ ਵੇਰਵਿਆਂ ਅਨੁਸਾਰ ਅਬੋਹਰ ਖਿੱਤੇ ਵਿੱਚ ਨਰਮੇ ਦੀ ਅਗੇਤੀ ਫ਼ਸਲ ਗੁਲਾਬੀ ਸੁੰਡੀ ਤੋਂ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ।

ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਵਜੀਦਪੁਰ ਭੋਮਾ ਵਿੱਚ ਕਿਸਾਨ ਸੁਰਜੀਤ ਸਿੰਘ ਨੇ ਗੁਲਾਬੀ ਸੁੰਡੀ ਦੇ ਹਮਲੇ ਮਗਰੋਂ ਆਪਣੀ ਡੇਢ ਏਕੜ ਫ਼ਸਲ ਹੀ ਵਾਹ ਦਿੱਤੀ। ਇਸੇ ਤਰ੍ਹਾਂ ਕਿਸਾਨ ਮੰਦਰ ਸਿੰਘ ਨੂੰ ਇੱਕ ਏਕੜ ਫ਼ਸਲ ਵਾਹੁਣੀ ਪਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੀਟਨਾਸ਼ਕਾਂ ’ਤੇ ਮਹਿੰਗੇ ਖ਼ਰਚੇ ਕਰਨ ਦੀ ਹੁਣ ਪਹੁੰਚ ਨਹੀਂ ਰਹੀ। ਇਸੇ ਤਰ੍ਹਾਂ ਪਿੰਡ ਦਲਮੀਰ ਖੇੜਾ ਵਿੱਚ ਵੀ ਇੱਕ ਕਿਸਾਨ ਵੱਲੋਂ ਫ਼ਸਲ ਵਾਹੇ ਜਾਣ ਦੀ ਖ਼ਬਰ ਹੈ।

ਪੰਜਾਬ ਦੇ ਖੇਤੀ ਮਹਿਕਮੇ ਦੇ ਡਾਇਰੈਕਟਰ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਹਮਲਾ ਚਿੰਤਾ ਦਾ ਕਾਰਨ ਹੈ ਪ੍ਰੰਤੂ ਮਹਿਕਮਾ ਇਸ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਡਾਇਰੈਕਟਰ ਦੀ ਅਗਵਾਈ ਵਿੱਚ ਸੋਮਵਾਰ ਤੋਂ ਟੀਮਾਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੀਆਂ ਤਾਂ ਜੋ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਜਾ ਸਕੇ। ਉਹ ਕਿਸਾਨਾਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਸਲਾਹ ਦੇ ਸਕਦੇ ਹਨ।

 

Exit mobile version