ਅੱਜ ਅਸੀਂ ਉਸ ਇਨਸਾਨ ਨੂੰ ਯਾਦ ਕਰ ਰਹੇ ਹਾਂ ਜਿਸ ਦੇ ਜਿੰਦਗੀ ਤੇ ਬਣੀ ਫਿਲਮ ਨੂੰ ਭਾਰਤ ਵਿੱਚ ਦੇਖਣ ਤੋਂ ਰੋਕਿਆ ਜਾ ਰਿਹਾ ਹੈ, ਦਹਾਕਿਆ ਪਹਿਲਾਂਪੰਜਾਬ ਪੁਲਿਸ ਉਸਦੇ ਆਪਣੇ ਘਰ ਤੋਂ ਚੁੱਕ ਕੇ ਲੈ ਗਈ ਸੀ। ਉਹ ਫਿਰ ਕਦੇ ਘਰ ਨਹੀਂ ਪਰਤਿਆ। ਅੱਜ ਤੱਕ ਉਸਦੀ ਦੇਹ ਨਹੀਂ ਮਿਲੀ। ਪਰ ਉਸਦਾ ਨਾਮ, ਉਸਦਾ ਮਿਸ਼ਨ ਅਤੇ ਉਸਦੀ ਕੁਰਬਾਨੀ ਦੁਨੀਆ ਭਰ ਵਿੱਚ ਮਨੁੱਖੀ ਹੱਕਾਂ ਦੀ ਲੜਾਈ ਦਾ ਪ੍ਰਤੀਕ ਬਣ ਚੁੱਕੀ ਹੈ।
ਉਸ ਇਨਸਾਨ ਦਾ ਨਾਮ ਸੀ—ਭਾਈ ਜਸਵੰਤ ਸਿੰਘ ਖਾਲੜਾ।
ਭਾਈ ਜਸਵੰਤ ਸਿੰਘ ਖਾਲੜਾ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਖਾਲੜਾ ਦਾ ਇੱਕ ਸਧਾਰਨ ਜਿਹਾ ਇਨਸਾਨ ਸੀ, ਨੌਕਰੀ ਕਰਦਾ ਸੀ, ਪਰ ਜਿਸ ਦਿਨ ਉਸਨੇ ਪੰਜਾਬ ਦੇ ਲਾਪਤਾ ਹੋ ਰਹੇ ਨੌਜਵਾਨਾਂ ਬਾਰੇ ਸੱਚ ਦੀ ਖੋਜ ਸ਼ੁਰੂ ਕੀਤੀ, ਉਸ ਦਿਨ ਤੋਂ ਪੂਰਾ ਪੰਜਾਬ ਹੀ ਉਸਦਾ ਪਰਿਵਾਰ ਬਣ ਗਿਆ।
ਉਸਨੇ ਕੋਈ ਸਿਆਸੀ ਲੜਾਈ ਨਹੀਂ ਲੜੀ। ਉਸਨੇ ਹਥਿਆਰ ਨਹੀਂ ਚੁੱਕੇ। ਉਸਨੇ ਸਿਰਫ਼ ਇੱਕ ਸਵਾਲ ਪੁੱਛਿਆ—ਜਿਹੜੇ ਲੋਕ ਘਰਾਂ ਤੋਂ ਚੁੱਕੇ ਗਏ…ਉਹ ਕਿੱਥੇ ਗਏ? ਇਹੀ ਸਵਾਲ ਉਸ ਵੇਲੇ ਦੀਆਂ ਹਕੂਮਤਾਂ ਅਤੇ ਪੁਲਿਸ ਪ੍ਰਸ਼ਾਸਨ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਿਆ।
ਉਸਦਾ ਮਿਸ਼ਨ ਹਾਲੇ ਸ਼ੁਰੂ ਹੋਇਆ ਹੀ ਸੀ ਕਿ ਉਸਨੂੰ ਲਾਪਤਾ ਹੀ ਕਰ ਦਿੱਤਾ ਗਿਆ। ਪਰ ਉਸਦਾ ਮਿਸ਼ਨ ਨਹੀਂ ਰੁਕਿਆ ਅੱਜ ਵੀ ਚੱਲ ਰਿਹਾ ਹੈ। 1984 ਵਿੱਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਤੋਂ ਬਾਅਦ ਪੰਜਾਬ ਵਿੱਚ ਹਾਲਾਤ ਤੇਜ਼ੀ ਨਾਲ ਬਦਲੇ।
ਸੂਬੇ ਵਿੱਚ ਖਾੜਕੂਵਾਦ ਵਧਿਆ, ਹਿੰਸਾ ਵੀ ਹੋਈ, ਸੁਰੱਖਿਆ ਬਲਾਂ ਨੇ ਵੀ ਵੱਡੇ ਪੱਧਰ ‘ਤੇ ਕਾਰਵਾਈ ਕੀਤੀ। ਉਸ ਦੌਰ ਵਿੱਚ ਹਜ਼ਾਰਾਂ ਬੇਗੁਨਾਹੇ ਲੋਕ ਮਾਰੇ ਗਏ ਬਹੁਤਾਤ ਸਿੱਖਾਂ ਦੀ ਸੀ। ਬਹੁਤ ਸਾਰੇ ਪੁਲਿਸ ਮੁਕਾਬਲੇ ਅੱਜ ਵੀ ਵਿਵਾਦ ਅਤੇ ਜਾਂਚ ਦਾ ਵਿਸ਼ਾ ਹਨ। ਕਈ ਮਾਮਲਿਆਂ ਵਿੱਚ ਪਰਿਵਾਰਾਂ ਅਤੇ ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਨੇ ਦਾਅਵਾ ਕੀਤਾ ਕਿ ਬੇਗੁਨਾਹ ਲੋਕਾਂ ਨੂੰ ਵੀ ਗੈਰ-ਕਾਨੂੰਨੀ ਤਰੀਕੇ ਨਾਲ ਮੁਕਾਕੇ “ਪੁਲਿਸ ਮੁਕਾਬਲੇ” ਦਾ ਨਾਮ ਦੇ ਦਿੱਤਾ ਗਿਆ।
ਇਸੇ 1980 ਦੇ ਦਹਾਕੇ ਵਿੱਚ ਬੈਂਕ ਦੀ ਨੌਕਰੀ ਕਰਦੇ ਜਸਵੰਤ ਸਿੰਘ ਖਾਲੜਾ ਨੂੰ ਪਤਾ ਲੱਗਾ ਕਿ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਦੋ ਸਿੱਖ ਮੁਲਾਜ਼ਮ ਅਚਾਨਕ ਲਾਪਤਾ ਹੋ ਗਏ ਹਨ।
- ਪਰਿਵਾਰਾਂ ਕੋਲ ਕੋਈ ਜਵਾਬ ਨਹੀਂ ਸੀ।
- ਪੁਲਿਸ ਕੋਲ ਕੋਈ ਜਾਣਕਾਰੀ ਨਹੀਂ ਸੀ।
- ਕਿਸੇ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਜਿਉਂਦੇ ਹਨ ਜਾਂ ਨਹੀਂ।
ਇਹੀ ਸਵਾਲ ਭਾਈ ਖਾਲੜਾ ਨੂੰ ਚੈਨ ਨਾਲ ਬੈਠਣ ਨਾ ਦੇ ਸਕਿਆ।
ਉਹ ਉਹਨਾਂ ਦੀ ਭਾਲ ਵਿੱਚ ਨਿਕਲੇ। ਇਸ ਭਾਲ ਨੇ ਉਹਨਾਂ ਨੂੰ ਅੰਮ੍ਰਿਤਸਰ ਦੇ ਦੁਰਗਿਆਣਾ ਸ਼ਮਸ਼ਾਨ ਘਾਟ ਤੱਕ ਪਹੁੰਚਾ ਦਿੱਤਾ। ਉੱਥੇ ਇੱਕ ਕਰਮਚਾਰੀ ਨੇ ਜੋ ਦੱਸਿਆ, ਉਹ ਸੁਣ ਕੇ ਭਾਈ ਖਾਲੜਾ ਧੁਰ ਅੰਦਰ ਤੱਕ ਕੰਬ ਗਏ। ਉਸਨੇ ਦੱਸਿਆ ਕਿ ਪੁਲਿਸ ਅਕਸਰ ਟਰੱਕਾਂ ਵਿੱਚ ਲਾਸ਼ਾਂ ਲਿਆਉਂਦੀ ਹੈ। ਕਦੇ ਅੱਠ, ਕਦੇ ਦਸ, ਕਦੇ ਇਸ ਤੋਂ ਵੀ ਵੱਧ, ਜ਼ਿਆਦਾਤਰ ਲਾਸ਼ਾਂ ਸਿੱਖ ਨੌਜਵਾਨਾਂ ਦੀਆਂ ਹੁੰਦੀਆਂ ਤੇ ਉਹਨਾਂ ਸਭ ਦਾ ਸਸਕਾਰ “ਲਾਵਾਰਿਸ” ਲਿਖ ਕੇ ਕਰ ਦਿੱਤਾ ਜਾਂਦਾ।
ਉਹਨਾਂ ਦੀ ਪਛਾਣ, ਉਹਨਾਂ ਦਾ ਪਰਿਵਾਰ, ਉਹਨਾਂ ਦਾ ਨਾਮ, ਸਭ ਕੁਝ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ।
ਭਾਈ ਖਾਲੜਾ ਨੂੰ ਇਸ ਗੱਲ ਨੇ ਚੈਨ ਨਾਲ ਸੌਣ ਨਾ ਦਿੱਤਾ ਕਿ ਪੰਜਾਬ ਦੀਆਂ ਪਤਾ ਨਹੀਂ ਕਿਨੀਆਂ ਹਜ਼ਾਰਾਂ ਮਾਵਾਂ ਅੱਜ ਵੀ ਆਪਣੇ ਪੁੱਤਰਾਂ ਦੀ ਉਡੀਕ ਕਰ ਰਹੀਆਂ ਹੋਣਗੀਆਂ, ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਉਹਨਾਂ ਦੇ ਪੁੱਤਰ ਕਈ ਸਾਲ ਪਹਿਲਾਂ ਸੁਆਹ ਬਣ ਚੁੱਕੇ ਹਨ।
ਉਸੇ ਵੇਲੇ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਲਿਆ ਕਿ ਜੇ ਉਹ ਹਰ ਮਾਂ ਨੂੰ ਉਸਦਾ ਪੁੱਤਰ ਵਾਪਸ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਉਸਨੂੰ ਇਹ ਸੱਚ ਤਾਂ ਦੱਸ ਸਕਦੇ ਹਨ ਕਿ ਉਸਦੇ ਪੁੱਤਰ ਨਾਲ ਹੋਇਆ ਕੀ ਸੀ ਤੇ ਇਹ ਕੰਮ ਇੱਕ ਦਿਨ ਜਾਂ ਇੱਕ ਮਹੀਨੇ ਵਿੱਚ ਹੋਣ ਵਾਲਾ ਨਹੀਂ ਸੀ, ਸਾਲਾਂ ਤੱਕ ਉਹਨਾਂ ਨੇ ਸ਼ਮਸ਼ਾਨ ਘਾਟਾਂ ਦੇ ਰਿਕਾਰਡ ਖੰਗਾਲੇ।
ਦਸਤਾਵੇਜ਼ ਇਕੱਠੇ ਕੀਤੇ, ਹਰ ਤੱਥ ਦੀ ਪੁਸ਼ਟੀ ਕੀਤੀ ਅਤੇ ਆਖ਼ਿਰਕਾਰ ਉਹਨਾਂ ਨੇ ਅੰਮ੍ਰਿਤਸਰ, ਤਰਨ ਤਾਰਨ ਅਤੇ ਪੱਟੀ ਇਲਾਕੇ ਦੀਆਂ ਸਿਰਫ 3 ਸ਼ਮਸ਼ਾਨ ਘਾਟਾਂ ਤੋਂ 6,017 ਅਣਪਛਾਤੀਆਂ ਲਾਸ਼ਾਂ ਦਾ ਦਸਤਾਵੇਜ਼ੀ ਰਿਕਾਰਡ ਤਿਆਰ ਕੀਤਾ।
ਮਨੁੱਖੀ ਹੱਕਾਂ ਨਾਲ ਜੁੜੇ ਕਈ ਲੋਕਾਂ ਦਾ ਮੰਨਣਾ ਸੀ ਕਿ ਜੇ ਪੂਰੇ ਪੰਜਾਬ ਦਾ ਰਿਕਾਰਡ ਸਾਹਮਣੇ ਆਵੇ, ਤਾਂ ਇਹ ਗਿਣਤੀ ਇਸ ਤੋਂ ਕਈ ਗੁਣਾ ਵੱਧ ਹੋ ਸਕਦੀ ਹੈ ਸ਼ਾਇਦ 25-30 ਹਜ਼ਾਰ ਤੋਂ ਵੀ ਵੱਧ, ਭਾਈ ਜਸਵੰਤ ਸਿੰਘ ਖਾਲੜਾ ਦੀ ਸਭ ਤੋਂ ਵੱਡੀ ਤਾਕਤ ਇਹ ਸੀ ਕਿ ਉਹ ਸਿਰਫ਼ ਇਲਜ਼ਾਮ ਨਹੀਂ ਲਗਾਉਂਦੇ ਸਨ—ਉਹ ਦਸਤਾਵੇਜ਼ਾਂ ਨਾਲ ਗੱਲ ਕਰਦੇ ਸਨ।
ਭਾਈ ਖਾਲੜਾ ਨੇ ਸਭ ਤੋਂ ਪਹਿਲਾਂ ਇਹ ਸਬੂਤ ਭਾਰਤ ਦੀਆਂ ਅਦਾਲਤਾਂ ਅਤੇ ਸੰਬੰਧਤ ਅਦਾਰਿਆਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ।
ਉਸ ਵੇਲੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਬੇਅੰਤ ਸਿੰਘ ਮੁੱਖ ਮੰਤਰੀ ਸਨ। ਪਰ ਭਾਈ ਖਾਲੜਾ ਨੂੰ ਉਮੀਦ ਮੁਤਾਬਕ ਸੁਣਵਾਈ ਨਹੀਂ ਮਿਲੀ ਪਰ ਉਹਨਾਂ ਦੀ ਲੜਾਈ ਇੱਥੇ ਨਹੀਂ ਰੁਕੀ। ਉਹ ਸੱਚ ਨੂੰ ਦੁਨੀਆ ਦੇ ਸਾਹਮਣੇ ਲਿਜਾਣ ਦਾ ਫ਼ੈਸਲਾ ਕਰ ਚੁੱਕੇ ਸਨ।1995 ਵਿੱਚ ਇੱਕ ਸੱਦੇ ਤੇ ਭਾਈ ਜਸਵੰਤ ਸਿੰਘ ਖਾਲੜਾ ਕੈਨੇਡਾ ਗਏ। ਉੱਥੇ ਉਹਨਾਂ ਨੇ ਆਪਣੇ ਕੋਲ ਮੌਜੂਦ ਦਸਤਾਵੇਜ਼ ਅਤੇ ਸਬੂਤ ਅਸੈਂਬਲੀ ਚ ਪੇਸ਼ ਕੀਤੇ।
ਕੈਨੇਡਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਅਤੇ ਉੱਥੋਂ ਦੇ ਨੁਮਾਇੰਦਿਆਂ ਦੇ ਸਾਹਮਣੇ ਉਹਨਾਂ ਨੇ ਪੰਜਾਬ ਵਿੱਚ ਹੋਏ ਕਥਿਤ ਮਨੁੱਖੀ ਹੱਕਾਂ ਦੇ ਉਲੰਘਣਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਭਾਈ ਖਾਲੜਾ ਵੱਲੋਂ ਪੇਸ਼ ਕੀਤੇ ਦਸਤਾਵੇਜ਼ਾਂ ਨੇ ਕੈਨੇਡਾ ਵਸਦੇ ਸਿੱਖਾਂ ਸਮੇਤ ਸਰਕਾਰ ਨੂੰ ਵੀ ਝੰਜੋੜ ਕੇ ਰੱਖ ਦਿੱਤਾ।
ਇੱਕ ਲੀਡਰ ਨੇ ਤਾਂ ਉਹਨਾਂ ਨੂੰ ਭਾਰਤ ਵਾਪਸ ਨਾ ਜਾਣ ਦੀ ਸਲਾਹ ਵੀ ਦਿੱਤੀ
ਇੱਕ ਲੀਡਰ ਨੇ ਤਾਂ ਉਹਨਾਂ ਨੂੰ ਭਾਰਤ ਵਾਪਸ ਨਾ ਜਾਣ ਦੀ ਸਲਾਹ ਵੀ ਦਿੱਤੀ, ਕਈ ਹੋਰ ਲੋਕਾਂ ਨੇ ਵੀ ਉਹਨਾਂ ਨੂੰ ਕੈਨੇਡਾ ਵਿੱਚ ਰਹਿਣ ਅਤੇ ਆਪਣੇ ਪਰਿਵਾਰ ਸਮੇਤ ਸੁਰੱਖਿਆ ਪ੍ਰਾਪਤ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਪਰ ਭਾਈ ਜਸਵੰਤ ਸਿੰਘ ਖਾਲੜਾ ਦਾ ਜਵਾਬ ਸੀ ਕਿ ਕੰਮ ਤਾਂ ਹਾਲੇ ਸ਼ੁਰੂ ਹੋਇਆ ਹੈ, ਜਿਨ੍ਹਾਂ ਪਰਿਵਾਰਾਂ ਨਾਲ ਉਹ ਇਨਸਾਫ਼ ਦੀ ਇਸ ਲੜਾਈ ਵਿੱਚ ਖੜ੍ਹੇ ਹੋਏ ਹਨ, ਉਹਨਾਂ ਨੂੰ ਅੱਧ ਵਿਚਕਾਰ ਛੱਡ ਕੇ ਜਾਣਾ ਉਹਨਾਂ ਦੇ ਜ਼ਮੀਰ ਨੂੰ ਕਦੇ ਮਨਜ਼ੂਰ ਨਹੀਂ ਹੋਵੇਗਾ।
ਆਪਣੇ ਦੌਰੇ ਦੌਰਾਨ, ਅਪ੍ਰੈਲ 1995 ਵਿੱਚ, ਟੋਰਾਂਟੋ ਦੇ ਇੱਕ ਗੁਰਦੁਆਰੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੇ ਇੱਕ ਇਤਿਹਾਸਕ ਭਾਸ਼ਣ ਦਿੱਤਾ। ਇਹ ਭਾਸ਼ਣ ਅੱਜ ਵੀ ਮਨੁੱਖੀ ਹੱਕਾਂ, ਇਨਸਾਫ਼ ਅਤੇ ਸੱਚ ਦੀ ਲੜਾਈ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਮੰਨਿਆ ਜਾਂਦਾ ਹੈ।
ਇਸ ਵਿੱਚ ਉਹਨਾਂ ਨੇ ਪੰਜਾਬ ਦੇ ਉਸ ਦੌਰ, ਗੈਰ-ਕਾਨੂੰਨੀ ਹੱਤਿਆਵਾਂ ਦੇ ਦੋਸ਼ਾਂ ਅਤੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਖੁੱਲ੍ਹ ਕੇ ਆਪਣੀ ਗੱਲ ਰੱਖੀ। ਅੱਜ ਵੀ ਇਹ ਪੂਰਾ ਭਾਸ਼ਣ ਸੋਸ਼ਲ ਮੀਡੀਆ ਤੇ ਉਪਲਬਧ ਹੈ ਇੱਕ ਛੋਟਾ ਜਿਹਾ ਹਿੱਸਾ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ।
ਇਹ ਉਹਨਾਂ ਦੀ ਜ਼ਿੰਦਗੀ ਦੇ ਇਕਲੌਤੇ ਤੇ ਆਖ਼ਰੀ ਜਨਤਕ ਭਾਸ਼ਣਾਂ ਵਿੱਚੋਂ ਇੱਕ ਸੀ। ਭਾਸ਼ਣ ਖ਼ਤਮ ਹੋਇਆ।ਕੈਨੇਡਾ ਦਾ ਦੌਰਾ ਵੀ ਮੁੱਕ ਗਿਆ।ਅਤੇ ਭਾਈ ਜਸਵੰਤ ਸਿੰਘ ਖਾਲੜਾ ਮੁੜ ਆਪਣੇ ਪੰਜਾਬ ਪਰਤ ਆਏ। ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ ਜਾਣਦੇ ਸਨ ਕਿ ਉਹਨਾਂ ਦੀ ਲੜਾਈ ਹੁਣ ਹੋਰ ਵੀ ਔਖੀ ਹੋਣ ਵਾਲੀ ਹੈ।
ਕਿਉਂਕਿ ਹੁਣ ਇਹ ਮਾਮਲਾ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਰਿਹਾ ਸੀ।
ਉਹਨਾਂ ਵੱਲੋਂ ਇਕੱਠੇ ਕੀਤੇ ਦਸਤਾਵੇਜ਼ ਅੰਤਰਰਾਸ਼ਟਰੀ ਪੱਧਰ ‘ਤੇ ਵੀ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ।ਪਰ ਭਾਈ ਖਾਲੜਾ ਪਿੱਛੇ ਨਹੀਂ ਹਟੇ। ਉਸ ਵੇਲੇ ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐੱਸ. ਗਿੱਲ ਸਨ। ਭਾਈ ਜਸਵੰਤ ਸਿੰਘ ਖਾਲੜਾ ਨੇ ਜਨਤਕ ਤੌਰ ‘ਤੇ ਸਵਾਲ ਚੁੱਕਿਆ ਕਿ ਹਜ਼ਾਰਾਂ ਲਾਪਤਾ ਲੋਕਾਂ ਅਤੇ ਅਣਪਛਾਤੀਆਂ ਲਾਸ਼ਾਂ ਦਾ ਜਵਾਬ ਕੌਣ ਦੇਵੇਗਾ?
ਇਸ ਤੋਂ ਬਾਅਦ ਦੋਵਾਂ ਵਿਚਾਲੇ ਜਨਤਕ ਬਿਆਨਾਂ ਰਾਹੀਂ ਟਕਰਾਅ ਵੀ ਸਾਹਮਣੇ ਆਇਆ। ਉਸ ਸਮੇਂ ਕੇ.ਪੀ.ਐੱਸ. ਗਿੱਲ ਨੇ ਭਾਈ ਖਾਲੜਾ ਅਤੇ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ ਕੁਝ ਲੋਕਾਂ ‘ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਦੋਸ਼ ਲਗਾਏ ਸਨ। ਨਾਲ ਹੀ insensitivity ਦਿਖਾਉਂਦੇ ਹੋਏ ਇਹ ਵੀ ਕਿਹਾ ਸੀ ਕਿ ਪੰਜਾਬ ਦੇ ਲਾਪਤਾ ਨੌਜਵਾਨ ਤਾਂ ਵਿਦੇਸ਼ਾਂ ਵਿੱਚ ਦਿਹਾੜੀਆਂ ਕਰਨ ਗਏ ਹਨ, ਦੂਜੇ ਪਾਸੇ ਭਾਈ ਖਾਲੜਾ ਆਪਣੇ ਦਸਤਾਵੇਜ਼ਾਂ ਅਤੇ ਸਬੂਤਾਂ ਦੇ ਆਧਾਰ ‘ਤੇ ਲਗਾਤਾਰ ਇਹ ਦਾਅਵਾ ਕਰਦੇ ਰਹੇ ਕਿ ਹਜ਼ਾਰਾਂ ਪਰਿਵਾਰ ਅੱਜ ਵੀ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਦਾ ਜਵਾਬ ਮੰਗ ਰਹੇ ਹਨ। ਭਾਈ ਖਾਲੜਾ ਦੇ ਪਰਿਵਾਰ ਅਤੇ ਉਹਨਾਂ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ। ਕਥਿਤ ਤੌਰ ‘ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ— “ਜਿਹੜੀਆਂ ਲਾਸ਼ਾਂ ਦੀ ਗਿਣਤੀ ਤੁਸੀਂ ਕਰ ਰਹੇ ਹੋ… ਉਹਨਾਂ ਵਿੱਚ ਇੱਕ ਹੋਰ ਦੇਹ ਵੀ ਸ਼ਾਮਲ ਹੋ ਸਕਦੀ ਹੈ।”
ਪਰ ਭਾਈ ਖਾਲੜਾ ਨੇ ਆਪਣਾ ਕੰਮ ਨਹੀਂ ਰੋਕਿਆ ਪਰ ਫਿਰ ਉਹੀ ਦਿਨ ਆਉਆ ਜਿਸਦੇ ਆਉਣ ਦਾ ਕਈਆਂ ਨੂੰ ਖਦਸ਼ਾ ਸੀ
6 ਸਤੰਬਰ 1995 ਦਾ ਦਿਨ ਸਵੇਰ ਦਾ ਸਮਾਂ ਸੀ। ਭਾਈ ਜਸਵੰਤ ਸਿੰਘ ਖਾਲੜਾ ਆਪਣੇ ਘਰ ਦੇ ਬਾਹਰ ਕਾਰ ਧੋ ਰਹੇ ਸਨ। ਉਹਨਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੋਵੇਂ ਬੱਚਿਆਂ ਨੂੰ ਸਕੂਲ ਛੱਡਣ ਗਈ ਸੀ, ਖਾਲੜਾ ਦੇ ਇੱਕ ਦੋਸਤ ਘਰ ਚ ਮੌਜੂਦ ਸਨ, ਇਸੇ ਦੌਰਾਨ ਕਥਿਤ ਤੌਰ ਤੇ ਪੁਲਿਸ ਮੁਲਾਜ਼ਮ ਸਿਵਲ ਵਰਦੀਆਂ ਤੇ ਲਾਲ ਰੰਗ ਦੀ ਓਮਨੀ ਚ ਉੱਥੇ ਪਹੁੰਚੇ ਤੇ ਜ਼ਬਰਦਸਤੀ ਆਪਣੇ ਨਾਲ ਧੂਹ ਕੇ ਲੈ ਗਏ
ਇਹ ਉਹ ਆਖ਼ਰੀ ਵਾਰ ਸੀ ਜਦੋਂ ਉਹ ਆਪਣੇ ਘਰ ਵਿੱਚ ਦੇਖੇ ਗਏ। ਇਸ ਤੋਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ ਕਦੇ ਘਰ ਵਾਪਸ ਨਹੀਂ ਆਏ। ਪਰਿਵਾਰ ਉਹਨਾਂ ਨੂੰ ਲੱਭਦਾ ਰਿਹਾ। ਅਦਾਲਤਾਂ ਦੇ ਦਰਵਾਜ਼ੇ ਖੜਕਾਏ ਗਏ, ਅਰਜ਼ੀਆਂ ਦਿੱਤੀਆਂ ਗਈਆਂ, ਸਵਾਲ ਪੁੱਛੇ ਗਏ, ਸ਼ੁਰੂਆਤੀ ਦੌਰ ਵਿੱਚ ਪੁਲਿਸ ਲਗਾਤਾਰ ਇਹ ਕਹਿੰਦੀ ਰਹੀ ਕਿ ਭਾਈ ਖਾਲੜਾ ਉਹਨਾਂ ਦੀ ਹਿਰਾਸਤ ਵਿੱਚ ਨਹੀਂ ਹਨ।
14 ਜੁਲਾਈ ਦੀ ਸ਼ਾਮ ਨੂੰ ਜਥੇਦਾਰ ਨੇ ਅਰਦਾਸ ਸਮਾਗਮ ਰੱਖਿਆ ਹੈ
ਸਮਾਂ ਲੰਘਦਾ ਗਿਆ, ਪਰ ਪਰਿਵਾਰ ਦੀ ਉਡੀਕ ਖ਼ਤਮ ਨਾ ਹੋਈ, ਜਾਂਚ ਅੱਗੇ ਵਧੀ। ਇਸ ਦੌਰਾਨ ਇੱਕ ਸਾਬਕਾ ਪੁਲਿਸ ਐੱਸ.ਪੀ.ਓ. ਕੁਲਦੀਪ ਸਿੰਘ ਬਚੜਾ ਨੇ ਜਾਂਚ ਦੌਰਾਨ ਦਿੱਤੇ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਕਿ ਭਾਈ ਜਸਵੰਤ ਸਿੰਘ ਖਾਲੜਾ ਖਤਮ ਕਰਕੇ ਉਹਨਾਂ ਦੀ ਦੇਹ ਹਰੀਕੇ ਪੱਤਣ ਨੇੜੇ ਦਰਿਆ ਵਿੱਚ ਸੁੱਟ ਦਿੱਤੀ ਗਈ ਸੀ। ਜਿੱਥੇ 14 ਜੁਲਾਈ ਦੀ ਸ਼ਾਮ ਨੂੰ ਜਥੇਦਾਰ ਨੇ ਅਰਦਾਸ ਸਮਾਗਮ ਰੱਖਿਆ ਹੈ
ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀਆਂ ਤੱਕ ਪਹੁੰਚੀ। ਸਾਲਾਂ ਚੱਲੀ ਸੁਣਵਾਈ ਤੋਂ ਬਾਅਦ 2015 ਵਿੱਚ ਇਸ ਕੇਸ ਵਿੱਚ DSP ਜਸਪਾਲ ਸਿੰਘ ਸਮੇਤ ਪੰਜਾਬ ਪੁਲਿਸ ਦੇ ਕਈ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਸਜ਼ਾਵਾਂ ਸੁਣਾਈਆਂ ਗਈਆਂ।
ਇਹ ਫ਼ੈਸਲਾ ਭਾਈ ਖਾਲੜਾ ਦੇ ਪਰਿਵਾਰ ਲਈ ਪੂਰਾ ਇਨਸਾਫ਼ ਤਾਂ ਨਹੀਂ ਸੀ, ਪਰ ਇਹ ਇੱਕ ਮਹੱਤਵਪੂਰਨ ਕਾਨੂੰਨੀ ਮੋੜ ਜ਼ਰੂਰ ਸੀ।
ਹਾਲਾਂਕਿ ਤਤਕਾਲੀ ਦੇ ਡੀ.ਜੀ.ਪੀ. ਕੇ.ਪੀ.ਐੱਸ. ਗਿੱਲ ਨੂੰ ਇਸ ਕੇਸ ਵਿੱਚ ਦੋਸ਼ੀ ਨਹੀਂ ਠਹਿਰਾਇਆ ਗਿਆ ਅਤੇ ਉਹ ਤਾਂ ਪੂਰੀ ਜ਼ਿੰਦਗੀ ਉਸ ਦੌਰ ਦੇ ਕਿਸੇ ਵੀ ਮਾਮਲੇ ਵਿੱਚ ਬਿਨਾਂ ਕਿਸੇ ਸਜ਼ਾ ਦਾ ਸਾਹਮਣਾ ਕੀਤੇ ਸਰਕਾਰਾਂ ਦਾ ਸੁਪਰ ਕੌਪ ਬਣਕੇ ਇਸ ਦੁਨੀਆ ਤੋਂ ਚਲਾ ਗਿਆ
ਅੱਜ ਵੀ ਭਾਈ ਜਸਵੰਤ ਸਿੰਘ ਖਾਲੜਾ ਦੀ ਦੇਹ ਨਹੀਂ ਮਿਲੀ, ਕੋਈ ਅੰਤਿਮ ਸੰਸਕਾਰ ਨਹੀਂ। ਕੋਈ ਯਾਦਗਾਰ ਨਹੀਂ, ਸਿਰਫ਼ ਇੱਕ ਨਾਮ, ਇੱਕ ਮਿਸ਼ਨ ਅਤੇ ਇਨਸਾਫ਼ ਲਈ ਲੜਦੇ ਇੱਕ ਪਰਿਵਾਰ ਦੀ ਲੰਬੀ ਉਡੀਕ। ਪਰ ਸ਼ਾਇਦ ਭਾਈ ਖਾਲੜਾ ਦੀ ਸਭ ਤੋਂ ਵੱਡੀ ਵਿਰਾਸਤ ਇਹ ਨਹੀਂ ਕਿ ਉਹਨਾਂ ਨਾਲ ਕੀ ਹੋਇਆ। ਸਭ ਤੋਂ ਵੱਡੀ ਵਿਰਾਸਤ ਇਹ ਹੈ ਕਿ ਉਹਨਾਂ ਨੇ ਉਹਨਾਂ ਹਜ਼ਾਰਾਂ ਲੋਕਾਂ ਲਈ ਆਵਾਜ਼ ਉਠਾਈ…ਜਿਨ੍ਹਾਂ ਦੀ ਆਵਾਜ਼ ਹਮੇਸ਼ਾ ਲਈ ਖ਼ਾਮੋਸ਼ ਕਰ ਦਿੱਤੀ ਗਈ ਸੀ।
ਅੱਜ ਵੀ ਉਹਨਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ, ਧੀ ਨਵਕਿਰਨ ਕੌਰ ਅਤੇ ਪੁੱਤਰ ਜਸਮੀਤ ਸਿੰਘ, ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਰਾਹੀਂ ਮਨੁੱਖੀ ਹੱਕਾਂ ਨਾਲ ਜੁੜੇ ਮਾਮਲਿਆਂ ‘ਤੇ ਕੰਮ ਕਰ ਰਹੇ ਹਨ ਤੇ ਹੁਣ ਤੱਕ ਬਹੁਤ ਸਾਰੇ ਕੇਸਾਂ ਚ ਸੈਂਕੜੇ ਪੁਲਸੀਆਂ ਨੂੰ ਸਜ਼ਾਵਾਂ ਮਿਲ ਚੁੱਕੀਆਂ ਹਨ ਤੇ ਮਿਲ ਰਹੀਆਂ ਹਨ, ਪਰ ਉਹ ਸਿਰਫ 3 ਸ਼ਮਸ਼ਾਨ ਘਾਟਾਂ ਦਾ ਰਿਕਾਰਡ ਸੀ, ਪੰਜਾਬ ਦੇ ਕਿੰਨੇ ਹੋਰ ਸਿਵੇ ਤਾਂ ਹਾਲੇ ਵੀ ਹਜ਼ਾਰਾਂ ਨੌਜਵਾਨਾਂ ਦਾ ਸੱਚ ਆਪਮੇ ਅੰਦਰ ਲੁਕੋ ਕੇ ਬੈਠੇ ਹਨ ਕੀ ਉਹਨਾਂ ਦਾ ਸੱਚ ਕਦੇ ਸਾਹਮਣੇ ਆ ਸਕੇਗਾ, ਕੀ ਕਦੇ ਕੋਈ ਹੋਰ ਖਾਲੜਾ ਬਾਕੀ ਲਾਵਾਰਿਸ ਦੇਹਾਂ ਦੀ ਆਵਾਜ਼ ਬਣੂਗਾ, ਇਹ ਦਰਦਨਾਕ ਸਵਾਲ ਹੈ



