The Khalas Tv Blog India ਠੰਢ ਹਾਲੇ ਹੋਰ ਠਾਰੇਗੀ ਉੱਤਰੀ ਭਾਰਤ ਨੂੰ
India

ਠੰਢ ਹਾਲੇ ਹੋਰ ਠਾਰੇਗੀ ਉੱਤਰੀ ਭਾਰਤ ਨੂੰ

‘ਦ ਖ਼ਾਲਸ ਬਿਊਰੋ : ਸਮੁੱਚਾ ਉੱਤਰੀ ਭਾਰਤ ਠੰਡ ਨਾਲ ਕੰਬ ਰਿਹਾ ਹੈ ਅਤੇ ਅਜਿਹੇ ਸਮੇਂ ‘ਤੇ ਮੌਸਮ ਵਿਗਿਆਨੀਆਂ ਨੇ ਪਹਾੜੀ ਰਾਜਾਂ ਵਿੱਚ ਹੋਰ ਬਰਫ਼ਬਾਰੀ ਤੇ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਹੈ।ਅੱਜ ‘ਤੋਂ ਇੱਕ ਵਾਰ ਫਿਰ ਤੋਂ ਮੀਂਹ ਤੇ ਬਰਫ਼ ਪੈਣ ਨਾਲ ਮੌਸਮ ਹੋਰ ਠੰਡਾ ਤੇ ਪਾਰਾ ਹੋਰ ਡਿੱਗਣ ਦੀ ਸੰਭਾਵਨਾ ਹੈ।ਇਸ ਦਾ ਕਾਰਣ ਵੈਸਟਰਨ ਡਿਟਰਬੈਂਸ ਮੰਨਿਆ ਜਾ ਰਿਹਾ ਹੈ।ਇਹ ਦੂਜਾ ਵੈਸਟਰਨ ਡਿਸਟਰਬੈਂਸ ਪੱਛਮੀ ਹਿਮਾਚਲ ਪ੍ਰਦੇਸ਼ ਤੱਕ ਪਹੁੰਚ ਰਿਹਾ ਹੈ।ਨਤੀਜੇ ਵਜੋਂ ਠੰਡ ਹੋਰ ਵਧੇਗੀ ਅਤੇ ਪਹਾੜਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿੱਚ ਪਾਰਾ ਹੋਰ ਹੇਠਾਂ ਚਲਿਆ ਜਾਵੇਗਾ। ਉੱਤਰ ਭਾਰਤ ਦੇ ਲਗਭਗ ਸਾਰੇ ਵੱਡੇ ਰਾਜਾਂ ਵਿੱਚ 21 ਜਨਵਰੀ ਦੇ ਆਸਪਾਸ ਬਾਰਿਸ਼ ਹੋਵੇਗੀ।

ਮੌਸਮ ਵਿਗਿਆਨੀਆਂ ਮੁਤਾਬਕ ਅੱਜ ਤੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਲੱਦਾਖ ‘ਚ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ।ਇਹਨਾਂ ਸਭ ਮੌਸਮੀ ਗਤੀਵਿਧੀਆਂ ਪਿੱਛੇ ਉਪਰੋਥਲੀਂ ਹੋਣ ਵਾਲੀਆਂ ਤਿੰਨ ਗੜਬੜੀਆਂ ਜਿੰਮੇਵਾਰ ਹਨ।

ਇਹਨਾਂ ਗਤੀਵਿਧੀਆਂ ਦੇ ਪਿੱਛੇ ਕਾਰਨ ਪੱਛਮੀ ਗੜਬੜੀਆਂ ਦੀ ਇੱਕ ਲੜੀ ਨੂੰ ਮੰਨਿਆ ਜਾ ਰਿਹਾ ਹੈ। ਦੂਸਰੀ ਗੜਬੜੀ ਪਹਾੜੀ ਇਲਾਕਿਆਂ ਵਿੱਚ ਅੱਜ ਮੀਂਹ ਤੇ ਬਰਫ਼ਬਾਰੀ  ਲਿਆਵੇਗੀ। ਇਸ ਤੋਂ ਬਾਅਦ, 21 ਜਨਵਰੀ ਨੂੰ ਇੱਕ ਹੋਰ ਤੀਜੀ ਗੜਬੜ ਹੋਵੇਗੀ, ਜੋ ਉੱਤਰੀ ਭਾਰਤ ਦੀਆਂ ਪਹਾੜੀਆਂ ਲਈ ਇੱਕ ਹਫ਼ਤੇ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਗਤੀਵਿਧੀਆਂ ਲਿਆਵੇਗੀ।

ਮੌਸਮ ਵਿਗਿਆਨੀਆਂ ਦੇ ਅਨੁਸਾਰ ਇੱਕ ਹਫਤੇ ਤੱਕ ਜਾਰੀ ਰਹਿਣ ਵਾਲਾ ਇਹ ਮੀਂਹ ਅਤੇ ਬਰਫਬਾਰੀ ਸਿਰਫ ਪਹਾੜੀਆਂ ਨੂੰ ਹੀ ਪ੍ਰਭਾਵਤ ਕਰੇਗੀ,ਜਿਸ ਦੇ ਨਤੀਜੇ ਵਜੋਂ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਲੱਦਾਖ ਖੇਤਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋਵੇਗੀ।

ਉੱਤਰੀ ਭਾਰਤ ਦੇ ਮੈਦਾਨੀ ਇਲਾਕੇ ਸਿਰਫ਼ 21 ਜਨਵਰੀ ਦੇ ਆਸ-ਪਾਸ ਹੀ ਪ੍ਰਭਾਵਿਤ ਹੋਣਗੇ, ਜਿਸ ਕਰਕੇ ਮੌਸਮ ਵਿਗਿਆਨੀਆਂ ਵੱਲੋਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਦੇ ਨਾਲ-ਨਾਲ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

Exit mobile version