ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਵੱਲ ਜਾ ਰਹੇ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ ਨੂੰ ਲੈ ਕੇ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਲਾਠੀਚਾਰਜ ਕਿਸੇ ਮਸਲੇ ਦਾ ਹੱਲ ਨਹੀਂ। ਰਾਜਾ ਵੜਿੰਗ ਨੇ ਸਵਾਲ ਕਰਦਿਆਂ ਕਿਹਾ ਕਿ ਅੱਜ ਕਿਉਂ ਆਮ ਲੋਕਾਂ ਦੇ ਮੁੱਖ ਮੰਤਰੀ, ਆਮ ਲੋਕਾਂ ਨੂੰ ਹੀ ਨਹੀਂ ਮਿਲ ਰਹੇ? ਕੀ ਜਿਸ ਬਦਲਾਅ ਦੀ ਗੱਲ ਕੀਤੀ ਗਈ ਸੀ, ਉਹ ਨੇਤਾਵਾਂ ਦੇ ਤੌਰ-ਤਰੀਕੇ ਵਿੱਚ ਆਉਣਾ ਸੀ?”
ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ “ਇਸ਼ਤਿਹਾਰਾਂ ਦੀ ਸਰਕਾਰ ਨੇ ਜੋ ਵਾਅਦੇ ਚੋਣਾਂ ਦੌਰਾਨ ਕੀਤੇ ਉਹਨਾਂ ਚੋਂ ਇੱਕ ‘ਤੇ ਵੀ ਖ਼ਰੀ ਨਹੀਂ ਉਤਰੀ। ਇਹ ਲਾਠੀਚਾਰਜ ਕਿਸੇ ਮਸਲੇ ਦਾ ਹੱਲ ਨਹੀਂ ਹੈ। ਅੱਜ ਕਿਉਂ ਆਮ ਲੋਕਾਂ ਦੇ ਮੁੱਖ ਮੰਤਰੀ, ਆਮ ਲੋਕਾਂ ਨੂੰ ਹੀ ਨਹੀਂ ਮਿਲ ਰਹੇ? ਕੀ ਜਿਸ ਬਦਲਾਅ ਦੀ ਗੱਲ ਕੀਤੀ ਗਈ ਸੀ ਉਹ ਨੇਤਾਵਾਂ ਦੇ ਤੌਰ ਤਰੀਕੇ ਵਿੱਚ ਆਉਣਾ ਸੀ?”
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵੀ ਵੱਖ-ਵੱਖ ਵਰਗਾਂ ਦੇ ਲੋਕ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਅਹਿਮ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਨ੍ਹਾਂ ਉਫਰ ਸਖਤੀ ਵਰਤਣ ਲੱਗ ਪਈ ਹੈ। ਸੋਮਵਾਰ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਉੱਪਰ ਪੁਲਿਸ ਨੇ ਜੰਮ ਕੇ ਲਾਠੀਚਾਰਜ ਕੀਤਾ।
ਇਸ ਦੌਰਾਨ ਪੁਲਿਸ ਨੇ ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਨੂੰ ਖਧੇੜਨ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪਾਂ ਵੀ ਹੋਈਆਂ ਸਨ। ਇਹ ਤੀਜੀ ਵਾਰ ਹੈ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਮੰਤਰੀ ਦੇ ਘਰ ਵੱਲ ਤੋਂ ਰੋਕਣ ਲਈ ਪੁਲਿਸ ਬੱਲ ਦੀ ਵਰਤੋਂ ਕਰਨੀ ਪਈ ਸੀ।
ਬੇਰੁਜ਼ਗਾਰ ਅਧਿਆਪਕ ਲਗਾਤਾਰ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰੋਕਣ ਲਈ ਦੋਹਾਂ ਧਿਰਾਂ ਝੜਪ ਤੋਂ ਬਾਅਦ ਪੁਲਿਸ ਜਲ ਤੋਪਾਂ ਦੀ ਵਰਤੋਂ ਕੀਤੀ ਸੀ। ਲੰਘੇ ਕੱਲ੍ਹ ਬੇਰੁਜ਼ਗਾਰ 646 ਪੀ.ਟੀ.ਆਈ ਯੂਨੀਅਨ ਵੱਲੋਂ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।
ਸੈਂਕੜਿਆਂ ਦੀ ਗਿਣਤੀ ‘ਚ ਪੁਲਿਸ ਨੇ ਮੁੱਖ ਮੰਤਰੀ ਦੇ ਘਰ ਦੇ ਅੱਗੇ 100 ਮੀਟਰ ਤੱਕ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਪ੍ਰਦਰਸ਼ਨਕਾਰੀ ਅੱਗੇ ਵਧ ਰਹੇ ਸਨ ਅਤੇ ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ ਸੀ।