The Khalas Tv Blog Punjab ਮੁੱਖ ਮੰਤਰੀ ਕੈਪਟਨ ਨੇ PM ਮੋਦੀ ਤੋਂ ਪੰਜਾਬ ਲਈ 200 ਕਰੋੜ ਰੁਪਏ ਤੁਰੰਤ ਮੰਗੇ
Punjab

ਮੁੱਖ ਮੰਤਰੀ ਕੈਪਟਨ ਨੇ PM ਮੋਦੀ ਤੋਂ ਪੰਜਾਬ ਲਈ 200 ਕਰੋੜ ਰੁਪਏ ਤੁਰੰਤ ਮੰਗੇ

‘ਦ ਖ਼ਾਲਸ ਬਿਊਰੋ :-  ਪੰਜਾਬ ’ਚ ਕੋਵਿਡ ਪ੍ਰਬੰਧਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ 23 ਸਤੰਬਰ ਨੂੰ ਵਰਚੁਅਲ ਮੀਟਿੰਗ ਦੌਰਾਨ ਪ੍ਰਧਾਨ ਨਰਿੰਦਰ ਮੋਦੀ ਤੋਂ 200 ਕਰੋੜ ਰੁਪਏ ਦੀ ਕੇਂਦਰੀ ਮਦਦ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਨੂੰ ਮੈਡੀਕਲ ਆਕਸੀਜਨ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ ਲਈ ਦੂਸਰੇ ਰਾਜਾਂ ਨੂੰ ਲੋੜੀਂਦੇ ਕਦਮ ਉਠਾਉਣ ਲਈ ਨਿਰਦੇਸ਼ ਦੇਣ ਦੀ ਮੰਗ ਵੀ ਕੀਤੀ ਹੈ।

ਕੈਪਟਨ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੀ ਲਾਗਤ ਦੇ ਭੁਗਤਾਨ ਲਈ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਵਿੱਤੀ ਮੱਦਦ ਦੇਣ ਦੀ ਮੰਗ ਮੁੜ ਦੁਹਰਾਉਂਦਿਆਂ ਝੋਨੇ ’ਤੇ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਵੱਸਥ ਸੁਰੱਕਸ਼ਾ ਯੋਜਨਾ ਤਹਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਸਥਾਪਤ ਕੀਤੇ ਜਾਣ ਵਾਲੇ ਲਿਕੁਅਡ ਮੈਡੀਕਲ ਆਕਸੀਜਨ ਪਲਾਂਟ ਲਈ ਲਾਇਸੰਸ ਦੀ ਬੇਨਤੀ ਨੂੰ ਪ੍ਰਵਾਨਗੀ ਦਿੱਤੀ ਜਾਵੇ। ਵਰਚੁਅਲ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਤੋਂ ਇਲਾਵਾ ਛੇ ਹੋਰ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਝਾਅ ਦਿੱਤਾ ਕਿ ਸੂਬਾ ਸਰਕਾਰ ਨੂੰ ਕੋਵਿਡ ਸਬੰਧੀ ਜਾਗਰੂਕਤਾ ਉਪਰਾਲਿਆਂ ਵਿੱਚ ਸਿਵਲ ਸੁਸਾਇਟੀਆਂ ਨੂੰ ਵੱਡੀ ਪੱਧਰ ’ਤੇ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਪਾਜ਼ਿਟਿਵਿਟੀ ਦਰ ਨੂੰ 5 ਫੀਸਦੀ ਤੋਂ ਘੱਟ ਕਰਨ ਤੇ ਕੋਵਿਡ ਮੌਤ ਦਰ ਨੂੰ ਹੇਠਾਂ ਲਿਆਉਣ ਲਈ ਪੰਜਾਬ ਦੀ ਯੋਗਤਾ ਵਿੱਚ ਭਰੋਸਾ ਜ਼ਾਹਰ ਕੀਤਾ। ਮੋਦੀ ਨੇ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਮੈਡੀਕਲ ਆਕਸੀਜਨ ਦਾ ਕੋਈ ਉਤਪਾਦਕ ਨਾ ਹੋਣ ਕਰਕੇ ਸੂਬਾ ਲਿਕੁਅਡ ਆਕਸੀਜਨ ਲਈ ਵੱਡੇ ਪੱਧਰ ’ਤੇ ਤਿੰਨ ਵੱਡੇ ਉਤਪਾਦਕਾਂ ’ਤੇ ਨਿਰਭਰ ਹੈ। ਇਹ ਪਲਾਂਟ ਬੱਦੀ (ਹਿਮਾਚਲ ਪ੍ਰਦੇਸ਼), ਦੇਹਰਾਦੂਨ (ਉੱਤਰਾਖੰਡ) ਤੇ ਪਾਣੀਪਤ (ਹਰਿਆਣਾ) ਵਿੱਚ ਹਨ, ਪਰ ਦੇਹਰਾਦੂਨ ਅਤੇ ਪਾਣੀਪਤ ਦੇ ਪਲਾਂਟ ਸੂਬੇ ਦੀ ਮੰਗ ਮੁਤਾਬਕ ਆਕਸੀਜਨ ਸਪਲਾਈ ਨਹੀਂ ਕਰ ਰਹੇ।

ਵਿੱਤੀ ਪੈਕੇਜ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੋਵਿਡ-19 ਐਮਰਜੈਂਸੀ ਰੈਸਪਾਂਸ ਫੰਡ ਤੋਂ 131.22 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਕੈਪਟਨ ਨੇ ਦੱਸਿਆ ਕਿ ਮੌਜੂਦ ਵਸੀਲਿਆਂ ਤੋਂ ਐਸ.ਡੀ.ਆਰ.ਐਫ. ਤਹਿਤ ਕੋਵਿਡ ਰਾਹਤ ਲਈ 35 ਫੀਸਦੀ ਖਰਚੇ ਦੀ ਮਿਥੀ ਹੱਦ ਬਾਰੇ ਪੁਨਰਵਿਚਾਰ ਕਰਨ ਲਈ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਹੱਦ ਨੂੰ ਸਮੁੱਚੀ ਹੱਦ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਜਾਵੇ ਜਾਂ ਬਿਲਕੁਲ ਹੀ ਹਟਾ ਦਿੱਤਾ ਜਾਵੇ। ਉਨ੍ਹਾਂ ਕੇਂਦਰ ਸਰਕਾਰ ਨੂੰ ਪੀਜੀਆਈਐੱਮਈਆਰ, ਚੰਡੀਗੜ੍ਹ ਨੂੰ ਆਈਸੀਯੂ ਬੈੱਡਾਂ ਦੀ ਗਿਣਤੀ ਵਧਾਉਣ ਅਤੇ ਸੰਗਰੂਰ ਵਿਚਲੇ ਆਪਣੇ ਸੈਟੇਲਾਈਟ ਸੈਂਟਰ ਦੀ ਵਿਵਸਥਾ ਮਜ਼ਬੂਤ ਕਰਨ ਤੋਂ ਇਲਾਵਾ ਫਿਰੋਜ਼ਪੁਰ ਵਿਚਲੇ ਸੈਂਟਰ ਸਬੰਧੀ ਕੰਮ ਸ਼ੁਰੂ ਕਰਨ ਦੀ ਵੀ ਬੇਨਤੀ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ 3-4 ਹਫ਼ਤਿਆਂ ਦੌਰਾਨ ਕੋਵਿਡ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।

Exit mobile version