The Khalas Tv Blog India ਸ਼੍ਰੋਮਣੀ ਕਮੇਟੀ ਨੰੂ ਗੁਰਬਾਣੀ ਪ੍ਰਸਾਰਣ ਸਬੰਧੀ ਕੇਂਦਰ ਸਰਕਾਰ ਨੇ ਨਹੀਂ ਦਿੱਤੀ ਆਪਣਾ ਚੈਨਲ ਸ਼ੁਰੂ ਕਰਨ ਦੀ ਇਜਾਜ਼ਤ
India Punjab Religion

ਸ਼੍ਰੋਮਣੀ ਕਮੇਟੀ ਨੰੂ ਗੁਰਬਾਣੀ ਪ੍ਰਸਾਰਣ ਸਬੰਧੀ ਕੇਂਦਰ ਸਰਕਾਰ ਨੇ ਨਹੀਂ ਦਿੱਤੀ ਆਪਣਾ ਚੈਨਲ ਸ਼ੁਰੂ ਕਰਨ ਦੀ ਇਜਾਜ਼ਤ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿੰਮਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਦੁਨੀਆ ਭਰ ’ਚ ਸਿੱਧੇ ਪ੍ਰਸਾਰਣ ਲਈ ਆਪਣਾ ਚੈਨਲ ਸ਼ੁਰੂ ਕਰਨ ਦੀ ਯੋਜਨਾ ਨੂੰ ਡੇਢ ਸਾਲ ਬੀਤਣ ਮਗਰੋਂ ਵੀ ਬੂਰ ਨਹੀਂ ਪਿਆ ਹੈ। ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਨਾ ਮਿਲਣ ਕਾਰਨ ਸ਼੍ਰੋਮਣੀ ਕਮੇਟੀ ਦੀ ਇਹ ਯੋਜਨਾ ਸਿਰੇ ਨਹੀਂ ਚੜ੍ਹੀ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ਼ਾਹਬਾਜ਼ ਸਿੰਘ ਨੇ ਕਿਹਾ ਕਿ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨੇਮਾਂ ਤਹਿਤ ਸੈਟੇਲਾਈਟ ਚੈਨਲ ਨੂੰ ਮਨਜ਼ੂਰੀ ਤਾਂ ਹੀ ਦਿੱਤੀ ਜਾਂਦੀ ਹੈ ਜਦੋਂ ਉਹ ਕਿਸੇ ਇਕ ਵਿਅਕਤੀ ਵਿਸ਼ੇਸ਼ ਦੇ ਨਾਮ ਹੇਠ ਰਜਿਸਟਰਡ ਹੋਵੇ।

ਸਿੱਖ ਗੁਰਦੁਆਰਾ ਐਕਟ, 1925, ਜਿਸ ਤਹਿਤ ਸ਼੍ਰੋਮਣੀ ਕਮੇਟੀ ਦਾ ਗਠਨ ਹੋਇਆ ਹੈ, ਮੁਤਾਬਕ ਕਿਸੇ ਵੀ ਵਿਅਕਤੀ ਦੇ ਨਾਮ ’ਤੇ ਕੁਝ ਵੀ ਖ਼ਰੀਦਿਆ ਜਾਂ ਸਬਸਕ੍ਰਾਈਬ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਵਫ਼ਦ 2023 ’ਚ ਮੰਤਰਾਲੇ ਦੇ ਤਤਕਾਲੀ ਸਕੱਤਰ ਨੂੰ ਮਿਲਿਆ ਸੀ ਤਾਂ ਜੋ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੇ ਨਾਮ ’ਤੇ ਚੈਨਲ ਦੀ ਰਜਿਸਟਰੇਸ਼ਨ ਦੀ ਇਜਾਜ਼ਤ ਲਈ ਨੇਮਾਂ ’ਚ ਛੋਟ ਦਿੱਤੀ ਜਾਵੇ।

ਉਂਜ 24 ਜੁਲਾਈ, 2023 ਨੂੰ ਲਾਂਚ ਹੋਇਆ ਯੂਟਿਊਬ ਚੈਨਲ ‘ਐੱਸਜੀਪੀਸੀ ਸ੍ਰੀ ਅੰਮ੍ਰਿਤਸਰ’ ਦਿਨ ’ਚ ਤਿੰਨ ਵਾਰ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਦਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਅਤੇ ਫੇਸਬੁੱਕ ’ਤੇ ਵੀ ਗੁਰਬਾਣੀ ਕੀਰਤਨ ਦਾ ਪ੍ਰਵਾਹ ਤੜਕੇ ਤਿੰਨ ਵਜੇ ਤੋਂ ਰਾਤ 10 ਵਜੇ ਤੱਕ ਜਾਰੀ ਰਹਿੰਦਾ ਹੈ। ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਇਸ ਦੀ ਸਬਸਕ੍ਰਿਪਸ਼ਨ ਪਹਿਲਾਂ ਹੀ 11 ਲੱਖ ਤੋਂ ਵੱਧ ਹੈ, ਜਦਕਿ ਅਸਲ ਦਰਸ਼ਕਾਂ ਦੀ ਗਿਣਤੀ ਅੰਦਾਜ਼ਨ 40 ਲੱਖ ਤੋਂ ਵੱਧ ਹੈ।

ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਛੇ ਮੈਂਬਰੀ ਮਾਹਿਰਾਂ ਦੀ ਟੀਮ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦਾ ਕੰਮ ਦੇਖ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਟੀਵੀ ਚੈਨਲ ਪੀਟੀਸੀ ਕੋਲ ਹੀ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੇ ਅਧਿਕਾਰ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ।

ਇਸ ਮਗਰੋਂ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਨੇ ਪੀਟੀਸੀ ਚੈਨਲ ਦੇ ਏਕਾਧਿਕਾਰ ਨੂੰ ਖ਼ਤਮ ਕਰਨ ਲਈ ਸਿੱਖ ਗੁਰਦੁਆਰਾ ਸੋਧ ਬਿੱਲ, 2023 ਲਿਆਂਦਾ ਸੀ ਜਿਸ ਮਗਰੋਂ ਸ਼੍ਰੋਮਣੀ ਕਮੇਟੀ ਨੇ ਆਪਣਾ ਸੈਟੇਲਾਈਟ ਚੈਨਲ ਲਿਆਉਣ ਦਾ ਐਲਾਨ ਕੀਤਾ ਸੀ।

Exit mobile version