‘ਦ ਖ਼ਾਲਸ ਬਿਊਰੋ (ਅਤਰ ਸਿੰਘ):- ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 30 ਤੋਂ ਵੱਧ ਘਰਾਂ ਦੇ ਚਿਰਾਗ ਬੁਝ ਗਏ ਹਨ। ਇਸ ਦੁਖਾਂਤ ਘਟਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੁਡੀਸ਼ੀਅਲ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਇਸ ਮਾਮਲੇ ਸਬੰਧੀ ਜਾਂਚ ਕਰਨਗੇ ਅਤੇ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਦੇ SSP ਅਫਸਰ ਅਤੇ ਹੋਰ ਅਧਿਕਾਰੀਆਂ ਨਾਲ ਤਾਲਮੇਲ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਲਿਖਿਆ ਕਿ ਜਿਹੜਾ ਵੀ ਇਸ ਮਾਮਲੇ ਸਬੰਧੀ ਦੋਸ਼ੀ ਪਾਇਆ ਗਿਆ ਉਹ ਬਖਸ਼ਿਆਂ ਨਹੀਂ ਜਾਵੇਗਾ, ਉਸ ਖਿਲ਼ਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਿੰਡ ਵਾਸੀਆਂ ਮੁਤਾਬਿਕ, ਨਕਲੀ ਸ਼ਰਾਬ ਦੇ ਗੈਰ ਕਾਨੂੰਨੀ ਧੰਦੇ ਖਿਲਾਫ ਪਹਿਲਾਂ ਵੀ ਕਈ ਵਾਰੀ ਸ਼ਿਕਾਇਤ ਕੀਤੀ ਗਈ ਸੀ ਪਰ ਪ੍ਰਸ਼ਾਸ਼ਨ ਵੱਲ਼ੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ।
ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਤਰਸਿੱਕਾ ਵਿਖੇ ਪੁਲਿਸ ਨੇ ਬਲਵਿੰਦਰ ਕੌਰ ਨੂੰ ਧਾਰਾ 304 IPC ਅਤੇ ਆਬਕਾਰੀ ਐਕਟ ਦੀਆਂ ਧਾਰਾਵਾਂ 61/1/14 ਤਹਿਤ ਗ੍ਰਿਫ਼ਤਾਰ ਕੀਤਾ ਹੈ।
ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ 8 ਲੋਕਾਂ ਦੀ ਮੌਤ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਇੱਕ ਸ਼ਰਮਨਾਕ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਇਹਨਾਂ 8 ਲੋਕਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
ਪੁਲਿਸ ਅਧਿਕਾਰੀਆਂ ਦੇ ਇਸ ਬਿਆਨ ਤੋਂ ਬਾਅਦ ਸੁਆਲ ਉੱਠਦਾ ਹੈ ਕਿ, ਕੀ 8 ਲੋਕਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਇੱਕੋ ਸਮੇਂ ਕਿਵੇਂ ਹੋ ਸਕਦੀ ਹੈ ? ਇਸ ਤੋਂ ਇਲਾਵਾਂ ਖਦਸ਼ਾਂ ਇਹ ਵੀ ਜਤਾਇਆ ਜਾ ਰਿਹਾ ਸੀ ਕਿ ਪ੍ਰਸ਼ਾਸ਼ਨ ਵੱਲੋਂ ਪੀੜਤ ਪਰਿਵਾਰਾਂ ‘ਤੇ ਕੋਈ ਦਬਾਅ ਪਾਇਆ ਜਾ ਰਿਹਾ ਹੈ, ਕਿਉਂਕਿ ਪੀੜਤ ਪਰਿਵਾਰਾਂ ਦਾ ਕੋਈ ਵੀ ਮੈਂਬਰ ਕਿਤੇ ਵੀ ਮੀਡੀਆ ਕਰਮੀਆਂ ਨੂੰ ਕੋਈ ਵੀ ਜਾਣਕਾਰੀ ਦਿੰਦਾ ਦਿਖਾਈ ਨਹੀਂ ਦਿੱਤਾ।