The Khalas Tv Blog Punjab ਕੈਪਟਨ ਨੇ ਸੁਖਬੀਰ ਬਾਦਲ ਤੇ ਭਗਵੰਤ ਮਾਨ ਨੂੰ ਰਾਸ਼ਟਰਪਤੀ ਕੋਲ ਚੱਲਣ ਦੀ ਕੀਤੀ ਅਪੀਲ
Punjab

ਕੈਪਟਨ ਨੇ ਸੁਖਬੀਰ ਬਾਦਲ ਤੇ ਭਗਵੰਤ ਮਾਨ ਨੂੰ ਰਾਸ਼ਟਰਪਤੀ ਕੋਲ ਚੱਲਣ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨਾਲ ਨਵਾਂ ਦਾਅ ਖੇਡਿਆ ਹੈ। ਦੋਵੇਂ ਮੁੱਖ ਵਿਰੋਧੀ ਧਿਰਾਂ ਕੈਪਟਨ ਵੱਲੋਂ ਲਿਆਂਦੇ ਖੇਤੀ ਬਿੱਲਾਂ ਦੀ ਪਹਿਲਾਂ ਹਮਾਇਤ ਕਰਕੇ ਹੁਣ ਵਿਰੋਧ ਕਰ ਰਹੀਆਂ ਹਨ। ਅਜਿਹੇ ਵਿੱਚ ਕੈਪਟਨ ਨੇ ਨਵਾਂ ਸਿਆਸੀ ਪੈਂਤੜਾ ਖੇਡਿਆ ਹੈ।

ਦਰਅਸਲ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਧਾਨ ਸਭਾ ‘ਚ ਪਾਸ ਬਿੱਲਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਨਵੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਰਾਸ਼ਟਰਪਤੀ ਕੋਲ ਚੱਲਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ‘ਚ ਪਾਸ ਕੀਤੇ ਬਿੱਲਾਂ ਦੀ ਕਾਪੀ ਉਸੇ ਦਿਨ ਕੈਪਟਨ ਸਰਕਾਰ ਨੇ ਰਾਜਪਾਲ ਨੂੰ ਸੌਂਪ ਦਿੱਤੀ ਸੀ।

ਵਿਰੋਧੀ ਧਿਰਾਂ ਨੇ ਪਹਿਲਾਂ ਬਿੱਲਾਂ ਨੂੰ ਹਮਾਇਤ ਦਿੱਤੀ ਤੇ ਫਿਰ ਯੂ-ਟਰਨ ਲੈਂਦਿਆਂ ਬਿੱਲਾਂ ਉੱਪਰ ਸਵਾਲ ਉੱਠਾ ਦਿੱਤੇ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਲੀਡਰ ਇਲਜ਼ਾਮ ਲਾ ਰਹੇ ਹਨ, ਕਿ ਕੈਪਟਨ ਕੇਂਦਰ ਸਰਕਾਰ ਦੇ ਇਸ਼ਾਰੇ ਉੱਪਰ ਹੀ ਬਿੱਲ ਲੈ ਕੇ ਆਏ ਹਨ। ਵਿਰੋਧੀ ਧਿਰਾਂ ਕੈਪਟਨ ਸਰਕਾਰ ਨੂੰ ਇਸ ਗੱਲ ‘ਤੇ ਵੀ ਘੇਰ ਰਹੀਆਂ ਸੀ ਕਿ ਕੀ ਰਾਜਪਾਲ ਤੇ ਰਾਸ਼ਟਰਪਤੀ ਇਨ੍ਹਾਂ ਬਿੱਲਾਂ ਨੂੰ ਮਨਜ਼ੂਰੀ ਦੇਣਗੇ ਜਾਂ ਨਹੀਂ।

ਹੁਣ ਕੈਪਟਨ ਨੇ ਵਿਰੋਧੀ ਧਿਰਾਂ ਨੂੰ ਨਾਲ ਚੱਲਣ ਦੀ ਗੱਲ ਕਹਿ ਕੇ ਘੇਰ ਲਿਆ ਹੈ। ਹੁਣ ਵਿਰੋਧੀ ਧਿਰਾਂ ਲਈ ਹਾਲਾਤ ਇੱਕ ਪਾਸੇ ਖੂਹ ਤੇ ਦੂਜੇ ਪਾਸ ਖਾਈ ਵਾਲੇ ਹਨ। ਜੇਕਰ ਹੁਣ ਐਸੀ ਹਾਲਤ ‘ਚ ਵਿਰੋਧੀ ਧਿਰਾਂ ਕੈਪਟਨ ਦੇ ਨਾਲ ਨਹੀਂ ਤੁਰਦੀਆਂ ਤਾਂ ਕਿਸਾਨ ਉਨ੍ਹਾਂ ਦੇ ਖਿਲਾਫ ਹੋ ਸਕਦੇ ਹਨ। ਦੂਜੇ ਪਾਸੇ ਜੇ ਨਾਲ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਵਿਰੋਧ ਉੱਪਰ ਸਵਾਲ ਉੱਠਣਗੇ।

Exit mobile version