The Khalas Tv Blog Punjab ਮਿਲਟਰੀ ਸਟੇਸ਼ਨ ਗੋਲੀਬਾਰੀ ਮਾਮਲਾ: ਪਹਿਲਾਂ ਬਣਾਉਂਦਾ ਰਿਹਾ ਕਹਾਣੀਆਂ ਪਰ ਬਾਅਦ ਵਿੱਚ ਮੰਨਿਆ ਜ਼ੁਰਮ,ਪੁਲਿਸ ਦੇ ਵੱਡੇ ਖੁਲਾਸੇ
Punjab

ਮਿਲਟਰੀ ਸਟੇਸ਼ਨ ਗੋਲੀਬਾਰੀ ਮਾਮਲਾ: ਪਹਿਲਾਂ ਬਣਾਉਂਦਾ ਰਿਹਾ ਕਹਾਣੀਆਂ ਪਰ ਬਾਅਦ ਵਿੱਚ ਮੰਨਿਆ ਜ਼ੁਰਮ,ਪੁਲਿਸ ਦੇ ਵੱਡੇ ਖੁਲਾਸੇ

ਬਠਿੰਡਾ : ਮਿਲਟਰੀ ਸਟੇਸ਼ਨ ਗੋਲੀਬਾਰੀ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਕੇਸ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਅਤੇ ਫੌਜੀ ਅਫਸਰਾਂ ਵੱਲੋਂ ਕੀਤੀ ਗਈ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਉੱਚ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਡਿਊਟੀ ਦੇਣ ਵਾਲਾ ਆਰਮੀ ਗਾਰਡ ਹੀ ਦੋਸ਼ੀ ਸਾਰੇ ਮਾਮਲੇ ਦਾ ਦੋਸ਼ੀ ਹੈ ਤੇ ਇਸ ਕਤਲ ਪਿੱਛੇ ਪੁਰਾਣੀ ਰੰਜਿਸ਼ ਸੀ।ਇਨਾਂ ਹੀ ਨਹੀਂ,ਕਾਤਲ ਨੇ ਪੁਲਿਸ ਨੂੰ ਗੁਮਰਾਹ ਕਰਨ ਲਈ ਝੂਠੀ ਕਹਾਣੀ ਵੀ ਬਣਾਈ। ਉਹਨਾਂ ਇਹ ਵੀ ਕਿਹਾ ਕਿ ਹਥਿਆਰ ਚੋਰੀ ਕਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਵਾਰਦਾਤ ਵਿੱਚ ਸਿਰਫ INSAS ਰਾਈਫਲ ਦੀ ਵਰਤੋਂ ਹੋਈ ਹੈ ਤੇ ਸਖ਼ਤੀ ਨਾਲ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ।

ਪੁਲਿਸ ਅਫਸਰਾਂ ਨੇ ਹੋਰ ਖੁਲਾਸੇ ਕਰਦੇ ਹੋਏ ਦੱਸਿਆ ਹੈ ਕਿ ਕਾਤਲ ਦੀ ਪਛਾਣ ਦੇਸਾਈ ਮੋਹਨ ਨਾਂ ਦੇ ਵਿਅਕਤੀ ਵੱਜੋਂ ਹੋਈ ਹੈ ਤੇ ਮਰਨ ਵਾਲੇ 4 ਲੋਕਾਂ ਨਾਲ ਉਸ ਦੀ ਨਿੱਜੀ ਰੰਜਿਸ਼ ਸੀ। ਮਰਨ ਵਾਲੇ ਤੇ ਮਾਰਨ ਵਾਲਾ ਸਾਰੇ ਸੰਤਰੀ ਡਿਊਟੀ ‘ਤੇ ਤਾਇਨਾਤ ਹੁੰਦੇ ਸੀ।ਮਰਨ ਵਾਲਿਆਂ ਵਿੱਚੋਂ 2 ਤਾਮਿਲਨਾਡੂ ਤੇ 2 ਕਰਨਾਟਕਾ ਦੇ ਸਨ ਤੇ ਮਾਰਨ  ਵਾਲੇ  ਦਾ ਸੰਬੰਧ ਆਂਧਰਾ ਪ੍ਰਦੇਸ਼ ਨਾਲ ਹੈ ਤੇ ਇਹਨਾਂ ਸਾਰਿਆਂ ਦੀ  ਇੱਕ ਹੀ ਯੂਨੀਟ ਹੈ।

ਦੋਸ਼ੀ ਨੇ ਕਤਲ ਪਿਛੋਂ ਸੀਵਰੇਜ ਦੇ ਟੋਏ ਵਿੱਚ ਵਾਰਦਾਤ ਵਿੱਚ ਵਰਤੀ INSAS ਰਾਈਫਲ ਸੁੱਟ ਦਿੱਤੀ ਸੀ ,ਜੋ ਪੁਲਿਸ ਨੇ ਪਹਿਲੇ ਦਿਨ ਹੀ ਬਰਾਮਦ ਕਰ ਲਈ ਸੀ। ਬਾਅਦ ਵਿੱਚ ਪੁਲਿਸ ਨੇ ਪੁੱਛਗਿੱਛ ਦੇ ਦੌਰਾਨ ਪਤਾ ਲਗਾਇਆ ਕਿ 8 ਚੋਰੀ ਕੀਤੇ ਕਾਰਤੂਸ ਵੀ ਬਾਅਦ ਵਿੱਚ ਇਸੇ ਟੋਏ ਵਿਚ ਸੁੱਟੇ ਗਏ ਸਨ,ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।

ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਘਟਨਾ ਤੋਂ ਬਾਅਦ ਇਸ ਬੰਦੇ ਨੇ ਕੁੜਤੇ ਪਜਾਮੇ ਵਾਲੀ ਕਹਾਣੀ ਬਣਾਈ ਤਾਂ ਜੋ ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਫੋਨਾਂ ਦੀ ਵੀ ਫੌਰੈਂਸਿਕ ਜਾਂਚ ਕੀਤੀ ਜਾਵੇਗੀ।

ਇਹ ਵੀ ਵੱਡਾ ਖੁਲਾਸਾ ਹੋਇਆ ਹੈ ਕਿ ਕਤਲ ਕਰਨ ਵਾਲਾ ਸ਼ੁਰੂ ਤੋਂ ਹੀ ਪੁਲਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੂੰ ਪਤਾ ਸੀ ਕਿ ਸੀਸੀਟੀਵੀ ਦੀ ਪਕੜ ਤੋਂ ਕਿਵੇਂ ਬਚਣਾ ਹੈ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਉਸ ਤੋਂ ਪੁੱਛਗਿੱਛ ਕੀਤੀ ਪਰ ਪਹਿਲਾਂ ਇਹ ਕਹਾਣੀਆਂ ਬਣਾਉਂਦਾ ਰਿਹਾ ਤੇ ਇਸ ਦੇ ਬਿਆਨ ਵੀ ਬਾਰ-ਬਾਰ ਬਦਲ ਰਹੇ ਸੀ। ਇਸ ਲਈ ਪੁਲਿਸ ਵਲੋਂ ਜਿਆਦਾ ਸਖ਼ਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਇਸ ਨੇ ਆਪਣਾ ਜ਼ੁਰਮ ਕਬੂਲ ਕੀਤਾ ਹੈ।

ਪੁਲਿਸ ਅਨੁਸਾਰ ਇੱਕ ਸੁੱਤੇ ਪਏ ਇੱਕ ਵਿਅਕਤੀ ਕੋਲੋਂ ਇਸ ਨੇ ਹਥਿਆਰ ਚੋਰੀ ਕੀਤਾ ਸੀ। ਬਾਕੀ ਜਾਂਚ ਚੱਲ ਰਹੀ ਹੈ ਤੇ ਪੁੱਛਗਿੱਛ ਦੇ ਦੌਰਾਨ ਹੋਰ ਵੀ ਕਈ ਗੱਲਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਪੁਲਿਸ ਅਧਿਕਾਰੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜੇਲ੍ਹ ਵਿੱਚ ਇੱਕ ਹੋਰ ਵਿਅਕਤੀ ਵੱਲੋਂ ਕੀਤੀ ਆਤਮਹੱਤਿਆ ਦਾ ਸੰਬੰਧ ਇਸ ਨਾਲ ਬਿਲਕੁਲ ਨਹੀਂ ਹੈ।

Exit mobile version