ਫਰੀਦਕੋਟ : ਕੱਲ੍ਹ ਬਰਗਾੜੀ ਬੇਅਦਬੀ ਮਾਮਲੇ ਵਿੱਚ ਨਾਮਜ਼ਦ ਸੰਦੀਪ ਬਰੇਟਾ ਨੂੰ ਹਿਰਾਸਤ ਵਿਚ ਲਏ ਜਾਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਵੱਡੀ ਨਾਕਾਮੀ ਸਾਹਮਣੇ ਆਈ ਹੈ। ਕੱਲ੍ਹ ਪੁਲਿਸ ਨੇ ਸਾਫ਼ ਸਾਫ਼ ਇਹ ਜਾਣਕਾਰੀ ਦਿੱਤੀ ਸੀ ਕਿ ਸੰਦੀਪ ਬਰੇਟਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸਨੂੰ ਸਾਰੇ ਮੀਡੀਆ ਅਦਾਰਿਆਂ ਨੇ ਚਲਾਇਆ ਸੀ ਅਤੇ ਅੱਜ ਦੀਆਂ ਅਖਬਾਰਾਂ ਵਿੱਚ ਵੀ ਪਹਿਲੇ ਪੰਨੇ ਉੱਤੇ ਵੱਡੀਆਂ ਸੁਰਖੀਆਂ ਵਿੱਚ ਇਹ ਖਬਰ ਛਾਪੀ ਗਈ ਹੈ। ਪਰ ਅੱਜ ਪੰਜਾਬ ਪੁਲਿਸ ਵੱਲੋਂ ਇੱਕ ਹੋਰ ਜਾਣਕਾਰੀ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਗਿਆ ਹੈ। ਫਰੀਦਕੋਟ ਪੁਲਿਸ ਨੇ ਅੱਜ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਬੈਂਗਲੁਰੂ ਹਵਾਈ ਅੱਡੇ ਉੱਤੇ ਹਿਰਾਸਤ ਵਿਚ ਲਿਆ ਗਿਆ ਵਿਅਕਤੀ ਬੇਅਦਬੀ ਕਾਂਡ ਦਾ ਲੋੜੀਂਦਾ ਦੋਸ਼ੀ ਸੰਦੀਪ ਬਰੇਟਾ ਨਹੀਂ ਬਲਕਿ ਕੋਈ ਹੋਰ ਹੈ। ਹਾਲਾਂਕਿ, ਪੁਲਿਸ ਨੇ ਇਕ ਵਿਅਕਤੀ ਦੀ ਫੋਟੋ ਵੀ ਸਾਂਝੀ ਕਰਕੇ ਬਰੇਟਾ ਦੇ ਫੜੇ ਜਾਣ ਦੀ ਤਸਦੀਕ ਕੀਤੀ ਸੀ।
ਪੁਲਿਸ ਨੇ ਟਵੀਟ ਕਰਕੇ ਕਿਹਾ ਕਿ ਬਰਗਾੜੀ ਬੇਅਦਬੀ ਮਾਮਲਿਆਂ ਵਿੱਚ ਫਰੀਦਕੋਟ ਪੁਲਿਸ ਵੱਲੋਂ ਜਾਰੀ ਐਲਓਸੀ ਦੇ ਆਧਾਰ ਉੱਤੇ ਬੇਅਦਬੀ ਕਾਂਡ ਦੇ ਦੋਸ਼ੀ ਸੰਦੀਪ ਬਰੇਟਾ ਦੇ ਵੇਰਵੇ ਨਾਲ ਮੇਲ ਖਾਂਦੇ ਸੰਦੀਪ ਪੁੱਤਰ ਓਮ ਪ੍ਰਕਾਸ਼ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜੋ ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਤੁਰੰਤ ਪੁਖਤਾ ਜਾਂਚ ਕੀਤੀ ਗਈ।
ਹਾਲਾਂਕਿ, ਕੱਲ੍ਹ ਪੰਜਾਬ ਪੁਲਿਸ ਨੇ ਸੰਦੀਪ ਬਰੇਟਾ ਨੂੰ ਹਿਰਾਸਤ ਵਿੱਚ ਲਏ ਜਾਣ ਉੱਤੇ ਪੱਕੀ ਮੋਹਰ ਲਗਾ ਦਿੱਤੀ ਸੀ। ਪੰਜਾਬ ਪੁਲਿਸ ਨੇ ਕੱਲ੍ਹ ਟਵੀਟ ਕਰਕੇ ਕਿਹਾ ਸੀ ਕਿ ਬਰਗਾੜੀ ਬੇਅਦਬੀ ਮਾਮਲਿਆਂ ਵਿੱਚ ਭਗੌੜਾ ਕਰਾਰ ਦਿੱਤੇ ਗਏ ‘ਸੰਦੀਪ ਬਰੇਟਾ’ ਨੂੰ ਪੰਜਾਬ ਪੁਲਿਸ ਵੱਲੋਂ ਜਾਰੀ ਲੁਕਆਊਟ ਨੋਟਿਸ ਦੇ ਤਹਿਤ ਅੱਜ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਤਾਂ ਇੱਥੋਂ ਤੱਕ ਦਾਅਵਾ ਕਰ ਦਿੱਤਾ ਸੀ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਅਤੇ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਕਰਨ ਲਈ ਪੁਲਿਸ ਪਾਰਟੀ ਵੀ ਬੈਂਗਲੁਰੂ ਏਅਰਪੋਰਟ ਭੇਜੀ ਗਈ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ, ਅੰਗ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਸੰਦੀਪ ਬਰੇਟਾ ਨੂੰ ਭਗੌੜਾ ਐਲਾਨਿਆ ਗਿਆ ਸੀ। ਸੰਦੀਪ ਬਰੇਟਾ,ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ‘ਤੇ ਬੇਅਦਬੀ ਨਾਲ ਜੁੜੇ ਜਿਹੜੇ ਤਿੰਨ ਮਾਮਲੇ ਸਨ ਉਨ੍ਹਾਂ ਵਿੱਚ ਪਹਿਲਾਂ ਸੀ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਨੂੰ ਚੋਰੀ ਕਰਨਾ, ਦੂਜਾ ਸੀ ਵਿਵਾਦਿਤ ਪੋਸਟਰ ਛਾਪਨਾ ਅਤੇ ਤੀਜਾ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਸੀ। ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ ਤਿੰਨੋ ਫਰੀਦਕੋਟ ਦੀ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਸਨ।
ਵਿਸ਼ੇਸ਼ ਜਾਂਚ ਟੀਮ ਨੇ ਉਕਤ ਤਿੰਨੇ ਕਮੇਟੀ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਦੇਸ਼ ਭਰ ਵਿੱਚ ਛਾਪੇਮਾਰੀ ਕੀਤੀ ਸੀ, ਪਰ ਇਨ੍ਹਾਂ ਦੀ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ, ਜੋ ਕਿ ਪੁਲਿਸ ਦੀ ਬਹੁਤ ਵੱਡੀ ਨਾਕਾਮੀ ਮੰਨੀ ਜਾ ਰਹੀ ਹੈ। ਲਿਹਾਜ਼ਾ ਇਲਾਕਾ ਮੈਜਿਸਟਰੇਟ ਫਰੀਦਕੋਟ ਨੇ ਮਈ 2021 ਵਿੱਚ ਉਕਤ ਤਿੰਨੇ ਕਮੇਟੀ ਮੈਂਬਰਾਂ ਨੂੰ ਭਗੌੜੇ ਐਲਾਨਦਿਆਂ ਉਨ੍ਹਾਂ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਸਨ। ਸੂਚਨਾ ਅਨੁਸਾਰ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾ ਸੰਦੀਪ ਬਰੇਟਾ ਤੇ ਉਸ ਦੇ ਬਾਕੀ ਦੋ ਸਾਥੀ ਡੇਰਾ ਸੱਚਾ ਸੌਦਾ ਸਿਰਸਾ ਵਿੱਚ ਹੀ ਪੱਕੇ ਤੌਰ ’ਤੇ ਰਹਿ ਰਹੇ ਸਨ, ਪਰ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਇਹ ਅਚਾਨਕ ਰੂਪੋਸ਼ ਹੋ ਗਏ ਹਨ।