The Khalas Tv Blog India 3 ਤਖ਼ਤ ਸਾਹਿਬਾਨਾਂ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਹੁਕਮਨਾਮਾ ਮੁੱਢੋਂ ਖ਼ਾਰਜ
India Punjab Religion

3 ਤਖ਼ਤ ਸਾਹਿਬਾਨਾਂ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਹੁਕਮਨਾਮਾ ਮੁੱਢੋਂ ਖ਼ਾਰਜ

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਫਿਰ ਤੋਂ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਹੈ। ਪੰਜਾਂ ਪਿਆਰਿਆਂ ਨੇ ਇਕੱਤਰਤਾ ਤੋਂ ਬਾਅਦ ਬੀਤੇ ਦਿਨੀਂ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਜਾਰੀ ਹੋਏ ਆਦੇਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਆਦੇਸ਼ਾਂ ਨੂੰ ਖਾਰਜ ਕਰਨ ਦੇ ਨਾਲ -ਨਾਲ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਸਿੱਖੀ ਦੇ ਵਿਰੁੱਧ ਅਤੇ ਸਿਧਾਂਤਾਂ ਦੇ ਉਲਟ ਐਲਾਨਿਆ ਗਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਐਲਾਨੇ ਗਏ ਹੁਕਮਨਾਮੇ ਅਨੁਸਾਰ ਇਹ ਕਿਹਾ ਗਿਆ ਹੈ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਦੋਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਹੈ, ਇਹ ਸਿੱਖ ਜਗਤ ਵਿਚ ਸਰਵਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲੈ ਕੇ ਆਉਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਸਵੀਕਾਰ ਕਰਦੀ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਮਿਤੀ 21-05-2025 ਨੂੰ ਜੋ ਫੈਸਲਾ ਕੀਤਾ ਗਿਆ ਹੈ, ਉਹ ਪੰਥਕ ਏਕਤਾ ਨੂੰ ਢਾਅ ਲਗਾਉਣ ਵਾਲਾ ਹੈ ਤੇ ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲਾ ਹੈ, ਜੋ ਗੈਰ-ਸਿਧਾਂਤਕ ਤੇ ਗੈਰ-ਵਾਜ਼ਬ ਹੈ।

ਇਸ ਤੋਂ ਇਲਾਵਾ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ. ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮਾਮਲੇ ਦੇ ਸਬੰਧ ਵਿੱਚ ਵਿਸ਼ੇਸ਼ ਇਕੱਤਰਤਾ ਕਰਕੇ ਵੱਡਾ ਫ਼ੈਸਲਾ ਲਿਆ ਗਿਆ ਹੈ। ਪੰਜ ਪਿਆਰਿਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੇ ਗਏ ਹੁਕਮ ਪੰਜਾਂ ਤਖ਼ਤਾਂ ਅਤੇ ਸਮੁੱਚੇ ਸਿੱਖਾਂ ’ਤੇ ਲਾਗੂ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ਾਂ ਨੂੰ ਚੁਣੌਤੀ ਦੇਣਾ ਗੁਰੂ ਸਿਧਾਂਤ ਅਤੇ ਸਿੱਖ ਪਰੰਪਰਾਵਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ ਬੀਤੇ ਦਿਨ ਜਾਰੀ ਕੀਤੇ ਹੁਕਮਨਾਮੇ ’ਤੇ ਟਿੱਪਣੀ ਕਰਨ ਨੂੰ ਗੈਰ ਸੰਵਿਧਾਨਕ ਅਤੇ ਗੈਰ ਅਧਿਕਾਰਿਤ ਕਰਾਰ ਦਿੱਤਾ ਹੈ।

ਇਸ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜੋ 5 ਸਿੰਘ ਸਾਹਿਬਾਨਾਂ ਦੀ ਵਿਸ਼ੇਸ਼ ਇੱਕਤਰਤਾ ਹੋਈ ਉਸ ਵਿੱਚ ਵੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮਾਮਲੇ ਦੇ ਸਬੰਧ ਵਿੱਚ ਫ਼ੈਸਲਾ ਲਿਆ ਗਿਆ ਹੈ। ਪੰਜਾਂ ਪਿਆਰਿਆਂ ਨੇ ਇਕੱਤਰਤਾ ਤੋਂ ਬਾਅਦ ਬੀਤੇ ਦਿਨੀਂ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਜਾਰੀ ਹੋਏ ਆਦੇਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।  ਉਨ੍ਹਾਂ ਨੇ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਮੰਦਭਾਗਾ ਹੀ ਨਹੀਂ ਸਗੋਂ ਇਹ ਕੌਮ ਵਿੱਚ ਪਾੜ ਪਾਉਣ ਵਾਲਾ ਫੈਸਲਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਿਸੇ ਵੀ ਸਵਾਲ ’ਤੇ ਸਿਰਫ਼ ਗੁਰਮਤਾ ਗੋ ਸਕਦਾ ਹੈ ਨਾ ਕੇ ਕੋਈ ਵੱਖਰਾ ਹੁਕਮਨਾਮਾ ਜਾਰੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋ ਮੁਆਫੀ ਮੰਗ ਕੇ ਇਸ ਫੈਸਲੇ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਗਿਆਨੀ ਗੌਹਰ ਨੂੰ ਅਕਾਲ ਤਖਤ ਸਾਹਿਬ ਵਲੋਂ ਕਲੀਨ ਚਿੱਟ ਦੇਣ ਤੇ ਪਟਨਾ ਸਾਹਿਬ ਦੇ ਸੇਵਾਦਾਰ ਗੁੱਸੇ ਵਿਚ ਆ ਗਏ। ਜਿਸ ਤੋਂ ਬਾਅਦ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਨੇ ਮੀਟਿੰਗ ਕਰਕੇ ਜਿਥੇ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਖ਼ਾਰਿਜ ਕੀਤਾ ਉਥੇ ਹੀ ਉਨ੍ਹਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਟੇਕ ਗਿਆਨੀ ਟੇਕ ਸਿੰਘ ਧਨੌਲਾ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ। ਇਸ ਦੇ ਨਾਲ ਹੀ ਪੰਜ ਪਿਆਰਿਆਂ ਨੇ ਸੁਖਬੀਰ ਬਾਦਲ ਨੂੰ ਦਸ ਦਿਨਾਂ ਦਾ ਸਮਾਂ ਦੇ ਕੇ ਆਪਣਾ ਪੱਖ ਰੱਖਣ ਦੇ ਆਦੇਸ਼ ਵੀ ਦੇ ਦਿੱਤੇ।

Exit mobile version