ਕੈਨੇਡਾ ਅਤੇ ਭਾਰਤ ਵਿਚਾਲੇ ਜ਼ਬਰਦਸਤ ਤਣਾਅ ਕਾਰਨ ਆਪਣੇ ਬੱਚਿਆਂ ਨੂੰ ਕੈਨੇਡਾ ਵਿੱਚ ਸਟੱਡੀ ਜਾਂ ਵਰਕ ਵੀਜ਼ੇ ‘ਤੇ ਭੇਜਣ ਵਾਲੇ ਮਾਪੇ ਚਿੰਤਾ ਵਿੱਚ ਹਨ। ਜਿੱਥੇ ਇੱਕ ਪਾਸੇ ਹਜ਼ਾਰਾਂ ਕਰੋੜ ਰੁਪਏ ਦੀ ਵਿਦੇਸ਼ੀ ਸਿੱਖਿਆ ਉਦਯੋਗ ਨੂੰ ਵੀ ਝਟਕਾ ਲੱਗ ਸਕਦਾ ਹੈ। ਉੱਥੇ ਹੀ ਕੈਨੇਡਾ ‘ਚ ਜਨਵਰੀ ਸੈਸ਼ਨ ਲਈ ਵਿਦਿਆਰਥੀਆਂ ਦੀਆਂ ਤਿਆਰੀਆਂ ਅੰਤਿਮ ਪੜਾਅ ‘ਤੇ ਹਨ, ਅਜਿਹੇ ਵਿੱਚ ਸਟੱਡੀ ਵੀਜ਼ੇ ਉੱਤੇ ਕੈਨੇਡਾ ਜਾਣ ਨੂੰ ਤਿਆਰ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਇਸ ਦੇ ਨਾਲ ਹੀ ਵਿਦੇਸ਼ੀ ਸਿੱਖਿਆ ਉਦਯੋਗ ਵੀ ਮੁਸੀਬਤ ਵਿੱਚ ਹੈ। ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ ਨੇ 700 ਨੌਜਵਾਨਾਂ ਨੂੰ ਡਿਪੋਰਟ ਕਰਨ ਦਾ ਨੋਟਿਸ ਪਹਿਲਾਂ ਹੀ ਦਿੱਤਾ ਹੋਇਆ ਹੈ, ਫਰਜੀ ਆਫਰ ਲੈਟਰ ਕੇਸ ਵਿੱਚ ਇਨ੍ਹਾਂ ਨੌਜਵਾਨਾਂ ਦਾ ਮਾਮਲਾ ਵੀ ਵਿਚਾਰ ਅਧੀਨ ਹੈ।
ਪੰਜਾਬ ਤੋਂ ਜ਼ਿਆਦਾਤਰ ਨੌਜਵਾਨ ਕੈਨੇਡਾ ਜਾਂਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਕੈਨੇਡਾ ਦੀਆਂ ਉਦਾਰਵਾਦੀ ਨੀਤੀਆਂ ਹਨ। ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨਾ ਸਭ ਤੋਂ ਆਸਾਨ ਹੈ। ਕੈਨੇਡਾ ਵਿੱਚ ਵੈਨਕੂਵਰ, ਬਰੈਂਪਟਨ, ਮਿਸੀਸਾਗਾ ਵਰਗੇ 20 ਤੋਂ ਵੱਧ ਸ਼ਹਿਰ ਹਨ, ਜਿੱਥੇ ਹਰ ਚੌਥਾ ਵਿਅਕਤੀ ਪੰਜਾਬੀ ਹੈ।
ਇੱਥੋਂ ਦੇ ਨਾਗਰਿਕਤਾ ਨਿਯਮਾਂ ਦੀ ਗੱਲ ਕਰੀਏ ਤਾਂ ਜੋ ਵਿਅਕਤੀ ਕੈਨੇਡਾ ਵਿੱਚ ਪੰਜ ਸਾਲਾਂ ਤੋਂ ਪ੍ਰਵਾਸੀ ਵਜੋਂ ਰਹਿ ਰਿਹਾ ਹੈ, ਉਹ ਉੱਥੇ ਦੀ ਨਾਗਰਿਕਤਾ ਲਈ ਅਪਲਾਈ ਕਰ ਸਕਦਾ ਹੈ, ਇਸ ਦੌਰਾਨ ਉਸ ਨੂੰ ਘੱਟੋ-ਘੱਟ ਤਿੰਨ ਸਾਲ ਲਗਾਤਾਰ ਦੇਸ਼ ਵਿੱਚ ਰਹਿਣਾ ਪਵੇਗਾ।
ਪੰਜਾਬ ਤੋਂ ਕੈਨੇਡਾ ਜਾਣ ਵਾਲੇ ਨੌਜਵਾਨਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਅਜਿਹੇ ਹਨ, ਜੋ 12ਵੀਂ ਤੋਂ ਬਾਅਦ ਹੀ ਉੱਥੇ ਜਾਣਾ ਚਾਹੁੰਦੇ ਹਨ। ਕੈਨੇਡਾ ਜਾਣ ਦਾ ਫਾਇਦਾ ਇਹ ਹੈ ਕਿ ਉੱਥੇ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਫ਼ਤੇ ਵਿੱਚ 20 ਘੰਟੇ ਪਾਰਟ ਟਾਈਮ ਨੌਕਰੀ ਦਾ ਵਿਕਲਪ ਦਿੱਤਾ ਜਾਂਦਾ ਹੈ। 2021 ਦੇ ਮੁਕਾਬਲੇ 2022 ‘ਚ ਪੜ੍ਹਾਈ ਲਈ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ‘ਚ 68 ਫੀਸਦੀ ਦਾ ਵਾਧਾ ਹੋਇਆ ਹੈ।
2021 ਵਿੱਚ, ਭਾਰਤ ਤੋਂ 4,44,553 ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਨ ਲਈ ਗਏ ਸਨ, ਜਦੋਂ ਕਿ 2022 ਵਿੱਚ ਇਹ ਅੰਕੜਾ ਵਧ ਕੇ 7,50,365 ਹੋ ਗਿਆ ਸੀ। 2020 ‘ਚ ਕੋਰੋਨਾ ਕਾਰਨ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ‘ਚ ਕਮੀ ਆਈ ਸੀ ਪਰ ਉਸ ਸਾਲ ਵੀ ਕਰੀਬ 259655 ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਗਏ ਸਨ। ਇਨ੍ਹਾਂ ਵਿੱਚੋਂ 40 ਫੀਸਦੀ ਵਿਦਿਆਰਥੀ ਕੈਨੇਡਾ ਜਾਂਦੇ ਹਨ ਅਤੇ ਇਨ੍ਹਾਂ ਵਿੱਚੋਂ ਪੰਜਾਬ ਸਭ ਤੋਂ ਉਪਰ ਹੈ।
ਕੈਨੇਡਾ ਵਿੱਚ ਸਿੱਖਾਂ ਦਾ ਬੋਲਬਾਲਾ ਹੈ, ਇਸ ਲਈ ਪੰਜਾਬੀ ਪਹਿਲੀ ਪਸੰਦ ਹਨ।
ਕੈਨੇਡਾ ਦੇ ਸਾਬਕਾ ਸੰਸਦ ਮੈਂਬਰ ਰਮੇਸ਼ ਸੰਘਾ ਦਾ ਕਹਿਣਾ ਹੈ ਕਿ 2021 ਦੇ ਇੱਕ ਅਧਿਐਨ ਮੁਤਾਬਕ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ 2.6 ਫੀਸਦੀ ਹੈ ਅਤੇ 9.50 ਲੱਖ ਸਿੱਖ ਤੇ ਪੰਜਾਬੀ ਉੱਥੇ ਵੱਸ ਰਹੇ ਹਨ। ਜਿਨ੍ਹਾਂ ਵਿਚੋਂ 7.70 ਲੱਖ ਪੰਜਾਬੀ ਹਨ। 2021 ਦੇ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਇੱਥੇ 17 ਸੀਟਾਂ ਸਨ ਜਿਨ੍ਹਾਂ ‘ਤੇ ਭਾਰਤੀਆਂ ਨੇ ਜਿੱਤ ਹਾਸਲ ਕੀਤੀ। ਇਨ੍ਹਾਂ 17 ਸੰਸਦ ਮੈਂਬਰਾਂ ਵਿੱਚੋਂ 16 ਪੰਜਾਬੀ ਸਨ। 338 ਸੀਟਾਂ ਲਈ 49 ਭਾਰਤੀਆਂ ਨੇ ਚੋਣ ਲੜੀ ਸੀ। ਜਿਸ ਵਿੱਚ 35 ਦੇ ਕਰੀਬ ਉਮੀਦਵਾਰ ਪੰਜਾਬ ਤੋਂ ਸਨ। ਓਨਟਾਰੀਓ ਵਿੱਚ 8 ਸੰਸਦ ਮੈਂਬਰ ਪੰਜਾਬੀ ਹਨ, ਜਦੋਂ ਕਿ ਬ੍ਰਿਟਿਸ਼ ਕੋਲੰਬੀਆ ਤੋਂ 4, ਅਲਬਰਟਾ ਤੋਂ 3 ਅਤੇ ਕਿਊਬਿਕ ਤੋਂ 1 ਸੰਸਦ ਮੈਂਬਰ ਹਨ।
ਟਰੂਡੋ ਕੈਨੇਡਾ ਦੀਆਂ ਆਮ ਚੋਣਾਂ ਬੜੀ ਮੁਸ਼ਕਲ ਨਾਲ ਜਿੱਤੇ। ਜਿੱਤਣ ਤੋਂ ਬਾਅਦ ਵੀ ਉਹ ਸਰਕਾਰ ਬਣਾਉਣ ਵਿਚ ਅਸਫ਼ਲ ਰਹੇ। ਟਰੂਡੋ ਦੀ ਲਿਬਰਲ ਪਾਰਟੀ ਆਫ ਕੈਨੇਡਾ ਨੂੰ 157 ਸੀਟਾਂ ਮਿਲੀਆਂ ਸਨ ਜਦਕਿ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ ਹਨ। ਟਰੂਡੋ ਨੂੰ ਸਰਕਾਰ ਬਣਾਉਣ ਲਈ 170 ਸੀਟਾਂ ਦੀ ਲੋੜ ਹੈ। ਜੇ ਕੋਈ ਉਨ੍ਹਾਂ ਨੂੰ ਇਹ ਸੀਟਾਂ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਦੇ ਸਕਦਾ ਸੀ, ਤਾਂ ਉਹ ਜਗਮੀਤ ਸਿੰਘ ਦੀ 24 ਸੀਟਾਂ ਜਿੱਤਣ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ ਸੀ। ਇਨ੍ਹਾਂ ਸੀਟਾਂ ਨਾਲ ਜਗਮੀਤ ਸਿੰਘ ਕੈਨੇਡਾ ਵਿੱਚ ਹੀਰੋ ਬਣ ਗਿਆ ਸੀ। ਚੋਣ ਤੋਂ ਬਾਅਦ, ਜਗਮੀਤ ਸਿੰਘ ਅਤੇ ਟਰੂਡੋ ਨੇ ਇੱਕ ਭਰੋਸੇ ਸਮਝੌਤੇ ‘ਤੇ ਦਸਤਖਤ ਕੀਤੇ। ਇਹ ਸਮਝੌਤਾ 2025 ਤੱਕ ਲਾਗੂ ਰਹੇਗਾ। ਹੁਣ ਤੱਕ ਜਗਮੀਤ ਸਿੰਘ ਟਰੂਡੋ ਦੇ ਭਰੋਸੇਮੰਦ ਸਾਥੀ ਰਹੇ ਹਨ।