ਜਲੰਧਰ : ਪੰਜਾਬ ਦੇ ਜਲੰਧਰ ਸ਼ਹਿਰ ‘ਚ ‘ਆਪ’ ਆਗੂਆਂ ਵੱਲੋਂ ਖਿੱਚ-ਧੂਹ ਅਤੇ ਧੱਕਾ-ਮੁੱਕੀ ਦੀ ਵੀਡੀਓ ਸਾਹਮਣੇ ਆਈ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਸ਼ਮੂਲੀਅਤ ਨੂੰ ਲੈ ਕੇ ਰੱਖੇ ਗਏ ਪ੍ਰੋਗਰਾਮ ਵਿੱਚ ਪਾਰਟੀ ਦੇ ਆਗੂ ਮਾਈਕ ’ਤੇ ਬੋਲਣ ਲਈ ਆਪਸ ਵਿੱਚ ਉਲਝ ਗਏ। ਸਭ ਤੋਂ ਵੱਡੀ ਗੱਲ ਚੱਲਦੇ ਪ੍ਰੋਗਰਾਮ ਅਤੇ ਜਲੰਧਰ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਸਾਹਮਣੇ ਵੀ ਉਲਝ ਗਈ। ਮੰਤਰੀ ਨਿੱਝਰ ਵੀ ਚੁੱਪ-ਚਾਪ ਇਸ ਖਿੱਚ- ਧੂਹ ਨੂੰ ਦੇਖਦੇ ਰਹੇ।
ਵਿਧਾਇਕ ਰਮਨ ਅਰੋੜਾ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਰੱਖੇ ਪ੍ਰੋਗਰਾਮ ਵਿੱਚ ਉਮੀਦਵਾਰਾਂ ਦੇ ਨਾਂ ਬੋਲ ਰਹੇ ਸਨ। ਸ਼ਾਇਦ ਉਨ੍ਹਾਂ ਨੇ ਕੈਂਟ ਦੇ ਕੁਝ ਆਗੂਆਂ ਦਾ ਨਾਂ ਨਹੀਂ ਲਿਆ ਜੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਜਿਸ ਕਾਰਨ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਹੱਥ ਵਿੱਚ ਸੂਚੀ ਫੜ ਕੇ ਵਿਧਾਇਕ ਰਮਨ ਕੋਲ ਪਹੁੰਚ ਗਏ।
ਉਨ੍ਹਾਂ ਨੇ ਸਿੱਧੇ ਤੌਰ ’ਤੇ ਵਿਧਾਇਕ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ। ਜਿਸ ‘ਤੇ ਵਿਧਾਇਕ ਨੇ ਉਨ੍ਹਾਂ ਨੂੰ ਮਾਈਕ ਨਹੀਂ ਦਿੱਤਾ। ਇਸ ਦੌਰਾਨ ਇੱਕ ਤੀਜੇ ‘ਆਪ’ ਆਗੂ ਦੀ ਐਂਟਰੀ ਹੋਈ। ਉਸ ਨੇ ਪਿੱਛੇ ਤੋਂ ਹੱਥ ਪਾ ਕੇ ਮਾਈਕ ਖੋਹ ਲਿਆ। ਇਸ ਤੋਂ ਬਾਅਦ ਵਿਧਾਇਕ ਅਤੇ ਜਲੰਧਰ ਛਾਉਣੀ ਦੇ ਇੰਚਾਰਜ ਸੋਢੀ ਦੋਵੇਂ ਗੁੱਸੇ ਨਾਲ ਇੱਕ ਦੂਜੇ ਵੱਲ ਲਾਲ-ਪੀਲੇ ਹੁੰਦੇ ਨਜ਼ਰ ਆਏ। ਇਹ ਸਾਰਾ ਡਰਾਮਾ ਖੁੱਲ੍ਹ ਕੇ ਸਭ ਦੇ ਸਾਹਮਣੇ ਹੋ ਰਿਹਾ ਸੀ।
ਖੋਹ ਦੀ ਇਸ ਵੀਡੀਓ ਦੌਰਾਨ ਵਿਧਾਇਕ ਰਮਨ ਅਰੋੜਾ ਦੀ ਆਵਾਜ਼ ਵੀ ਰਿਕਾਰਡ ਕੀਤੀ ਗਈ, ਜਿਸ ਵਿਚ ਉਹ ਕੈਂਟ ਦੇ ਵਿਧਾਇਕ ਅਤੇ ਮਾਈਕ ਖੋਹਣ ਵਾਲੇ ਤੀਜੇ ਵਿਅਕਤੀ ਨੂੰ ਗੁੱਸੇ ਵਿਚ ਕਹਿ ਰਹੇ ਹਨ ਕਿ ਤੁਹਾਡੇ ਦੋਵਾਂ ਕਾਰਨ ਪ੍ਰੋਗਰਾਮ ਵਿਚ ਵਿਘਨ ਪੈਂਦਾ ਹੈ। ਹੰਗਾਮੇ ਦੌਰਾਨ ਗਰਮਾਏ ਮਾਹੌਲ ਨੂੰ ਸ਼ਾਂਤ ਕਰਨ ਲਈ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਵਿਧਾਇਕ ਰਮਨ ਅਰੋੜਾ ਦੀ ਬਾਂਹ ਫੜ ਕੇ ਉਸ ਨੂੰ ਆਪਣੇ ਵੱਲ ਖਿੱਚ ਲਿਆ।
ਜਦੋਂ ‘ਆਪ’ ਦੇ ਪ੍ਰੋਗਰਾਮ ਵਿੱਚ ਕਾਂਗਰਸੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਸੀ ਤਾਂ ਕਾਂਗਰਸੀ ਆਗੂ ਆਪਣੇ ਨਾਲ ਇੱਕ ਵੱਡਾ ਹਾਰ ਲੈ ਕੇ ਆਏ ਸਨ ਪਰ ਇਹ ਹਾਰ ਇੰਨਾ ਵੱਡਾ ਨਹੀਂ ਸੀ ਕਿ ਸਟੇਜ ’ਤੇ ਸਾਰੇ ਲੋਕ ਉਸ ਹਾਰ ਵਿੱਚ ਆ ਸਕਣ । ਇਸ ਦੌਰਾਨ ਹਾਰ ਪਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।