ਬਿਊਰੋ ਰਿਪੋਰਟ (31 ਅਕਤੂਬਰ, 2025): ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀਰਵਾਰ ਨੂੰ ਸੱਤ ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਹਰਾਇਆ। ਹਰਮਨਪ੍ਰੀਤ ਕੌਰ ਨੇ ਆਈਸੀਸੀ ਮਹਿਲਾ ਵਨਡੇ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਭਾਰਤੀ ਟੀਮ ਨੂੰ ਨੌਂ ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਜਿੱਤ ਦਿਵਾਈ, ਜਿਸ ਨਾਲ ਫਾਈਨਲ ਵਿੱਚ ਜਗ੍ਹਾ ਪੱਕੀ ਹੋ ਗਈ।
ਨਵੀ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ, ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ, ਅਤੇ 49.5 ਓਵਰਾਂ ਵਿੱਚ 338 ਦੌੜਾਂ ਬਣਾ ਕੇ ਆਲ ਆਊਟ ਹੋ ਗਿਆ। ਜਵਾਬ ਵਿੱਚ, ਭਾਰਤ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 48.3 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ। ਭਾਰਤੀ ਮਹਿਲਾਵਾਂ ਨੇ ਆਪਣੇ ਵਨਡੇ ਇਤਿਹਾਸ ਵਿੱਚ ਸਭ ਤੋਂ ਵੱਡਾ ਟੀਚਾ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ।
ਭਾਰਤੀ ਟੀਮ ਫਾਈਨਲ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ, ਜਿਸਨੇ ਪਹਿਲੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 125 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਫਾਈਨਲ ਮੈਚ ਐਤਵਾਰ ਨੂੰ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਮੈਚ ਦੌਰਾਨ ਜੇਮਿਮਾ ਰੋਡ੍ਰਿਗਜ਼ ਭਾਰਤ ਦੀ ਜਿੱਤ ਦੀ ਮੁੱਖ ਕਿਰਦਾਰ ਬਣੀ। ਉਹ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਈ ਅਤੇ 134 ਗੇਂਦਾਂ ’ਤੇ 14 ਚੌਕਿਆਂ ਦੀ ਮਦਦ ਨਾਲ ਨਾਬਾਦ 127 ਦੌੜਾਂ ਬਣਾ ਕੇ ਪਿੱਚ ’ਤੇ ਡਟੀ ਰਹੀ। ‘ਪਲੇਅਰ ਆਫ ਦਿ ਮੈਚ’ ਦਾ ਪੁਰਸਕਾਰ ਜਿੱਤਣ ਤੋਂ ਬਾਅਦ ਜੇਮਿਮਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਦੇਸ਼ ਨੂੰ ਜਿੱਤ ਦਿਵਾ ਕੇ ਬਹੁਤ ਖੁਸ਼ ਹੈ। ਇਸ ਦੌਰਾਨ ਜੇਮਿਮਾ ਨੇ ਕਈ ਰਿਕਾਰਡਾਂ ਦੀ ਝੜੀ ਲਗਾ ਦਿੱਤੀ
- ਉਹ ਵਨਡੇ ਵਰਲਡ ਕੱਪ ਦੇ ਨਾਕਆਊਟ ਮੈਚ ਵਿੱਚ ਸੈਂਕੜਾ ਲਗਾਉਣ ਵਾਲੀ ਦੂਜੀ ਮਹਿਲਾ ਬੱਲੇਬਾਜ਼ ਬਣ ਗਈ।
- ਉਹ ਵਰਲਡ ਕੱਪ ਦੇ ਨਾਕਆਊਟ ਮੈਚ ਵਿੱਚ ਦੂਜਾ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਬਣਾਉਣ ਵਾਲੀ ਭਾਰਤੀ ਮਹਿਲਾ ਬੱਲੇਬਾਜ਼ ਵੀ ਬਣੀ।

