The Khalas Tv Blog Punjab ਪੰਜਾਬ ਸਕੂਲ ਸਿੱਖਿਆ ਬੋਰਡ ਦਫਤਰ ਦੀ ਛੱਤ ‘ਤੇ ਚੜ੍ਹੇ ਅਧਿਆਪਕ
Punjab

ਪੰਜਾਬ ਸਕੂਲ ਸਿੱਖਿਆ ਬੋਰਡ ਦਫਤਰ ਦੀ ਛੱਤ ‘ਤੇ ਚੜ੍ਹੇ ਅਧਿਆਪਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਹਾਲੀ ਵਿੱਚ ਕੱਚੇ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ ਹੈ। ਅਧਿਆਪਕਾਂ ਨੇ ਮੁਹਾਲੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਨੂੰ ਘੇਰਾ ਪਾਇਆ ਹੈ। ਕਰੀਬ 5 ਅਧਿਆਪਕ ਦਫਤਰ ਦੀ 8 ਮੰਜ਼ਿਲਾ ਬਿਲਡਿੰਗ ਦੀ ਛੱਤ ‘ਤੇ ਚੜ ਗਏ ਅਤੇ ਮੰਗਾਂ ਨਾ ਮੰਨੇ ਜਾਣ ‘ਤੇ ਖੁਦ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ। ਅਧਿਆਪਕਾਂ ਨੇ ਆਪਣੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਵੀ ਫੜ੍ਹੀਆਂ ਹੋਈਆਂ ਹਨ। ਅਧਿਆਪਕਾਂ ਨੇ ਕਿਹਾ ਕਿ ਸਾਡੇ ਹੱਥਾਂ ਵਿੱਚ ਸਲਫਾਸ ਦੀਆਂ ਗੋਲੀਆਂ ਹਨ, ਜੇ ਕਿਸੇ ਨੇ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜਾਨ ਦੇ ਦਿਆਂਗੇ। ਛੱਤ ‘ਤੇ ਚੜੇ ਅਧਿਆਪਕਾਂ ਵੱਲੋਂ ਜ਼ਮੀਨ ‘ਤੇ ਬੈਠੇ ਅਧਿਆਪਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ।

ਅਧਿਆਪਕਾਂ ਨੇ ਪ੍ਰਸ਼ਾਸਨ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਤਨਖਾਹ ਵੀ ਵਧਾਉਣ ਦੀ ਵੀ ਅਧਿਆਪਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਅਧਿਆਪਕਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ, ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਜਾਣਕਾਰੀ ਮੁਤਾਬਕ ਪ੍ਰਦਰਸ਼ਨ ਕਰਨ ਵਾਲੇ ਅਧਿਆਪਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀ-ਪ੍ਰਾਇਮਰੀ ਤੋਂ ਪੰਜਵੀ ਜਮਾਤ ਤੱਕ ਪੜ੍ਹਾਉਂਦੇ ਹਨ। ਇਨ੍ਹਾਂ ਦੀ ਤਨਖਾਹ ਸਿਰਫ 3500 ਰੁਪਏ ਤੋਂ ਲੈ ਕੇ 6 ਹਜ਼ਾਰ ਰੁਪਏ ਤੱਕ ਹੈ। ਅਧਿਆਪਕਾਂ ਨੇ ਆਪਣੀ ਤਨਖਾਹ 40 ਹਜ਼ਾਰ ਰੁਪਏ ਦੇ ਕਰੀਬ ਕਰਨ ਦੀ ਮੰਗ ਕੀਤੀ ਹੈ। ਔਰਤ ਅਧਿਆਪਕਾਂ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ। ਅਧਿਆਪਕਾਂ ਨੇ ਪ੍ਰਸ਼ਾਸਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅੱਜ ਕਿਸੇ ਵੀ ਮੀਟਿੰਗ ਦੇ ਨਾਲ ਮੰਨਣ ਵਾਲੇ ਨਹੀਂ ਹਨ, ਅੱਜ ਇਸੇ ਜਗ੍ਹਾ ‘ਤੇ ਹੀ ਫੈਸਲਾ ਹੋਵੇਗਾ।

ਸਰਕਾਰ ਨੇ ਅਧਿਆਪਕਾਂ ਨੂੰ ਕੱਲ੍ਹ ਸਿੱਖਿਆ ਮੰਤਰੀ ਅਤੇ ਸਕੱਤਰ ਨਾਲ ਗੱਲਬਾਤ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਅਧਿਆਪਕਾਂ ਨੂੰ ਕੱਲ੍ਹ ਸਵੇਰੇ 11 ਵਜੇ ਦਾ ਗੱਲਬਾਤ ਕਰਨ ਦਾ ਸੱਦਾ ਭੇਜਿਆ ਹੈ। ਅਧਿਆਪਕਾਂ ਨੇ ਸਰਕਾਰ ਦਾ ਸੱਦਾ ਠੁਕਰਾ ਦਿੱਤਾ ਹੈ। ਅਧਿਆਪਕਾਂ ਨੇ ਕਿਹਾ ਕਿ ਅੱਜ ਹੀ ਫੈਸਲਾ ਹੋਵੇਗਾ। ਪ੍ਰਦਰਸ਼ਨ ਦੌਰਾਨ ਇੱਕ ਅਧਿਆਪਕ ਨੇ ਸਲਫਾਸ ਦੀਆਂ 3 ਗੋਲੀਆਂ ਖਾ ਲਈਆਂ ਹਨ। ਉਸ ਅਧਿਆਪਕ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ। ਇਸ ਦੌਰਾਨ ਅਧਿਆਪਕਾਂ ਅਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਸ਼ੁਰੂ ਹੋ ਗਿਆ।

Exit mobile version