The Khalas Tv Blog Punjab ਪੰਚਾਇਤੀ ਚੋਣਾਂ ਦੌਰਾਨ ਡਿਊਟੀ ’ਤੇ ਤਾਇਨਤ ਅਧਿਆਪਕ ਤੇ ਪੁਲਿਸ ਮੁਲਾਜ਼ਮ ਦੀ ਮੌਤ
Punjab

ਪੰਚਾਇਤੀ ਚੋਣਾਂ ਦੌਰਾਨ ਡਿਊਟੀ ’ਤੇ ਤਾਇਨਤ ਅਧਿਆਪਕ ਤੇ ਪੁਲਿਸ ਮੁਲਾਜ਼ਮ ਦੀ ਮੌਤ

ਬਿਉਰੋ ਰਿਪੋਰਟ: ਪੰਜਾਬ ਵਿੱਚ ਪੰਚਾਇਤੀ ਚੋਣਾਂ ਜਾਰੀ ਹਨ। ਇਸ ਦੌਰਾਨ ਚੋਣਾਂ ਵਿੱਚ ਡਿਊਟੀ ‘ਤੇ ਤਾਇਨਾਤ ਇੱਕ ਅਧਿਆਪਕ ਤੇ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਫਾਜ਼ਿਲਕਾ ਤੋਂ ਪੰਚਾਇਤੀ ਚੋਣ ਡਿਊਟੀ ਲਈ ਜਲੰਧਰ ਆਏ ਇਕ ਅਧਿਆਪਕ ਦੀ ਸੋਮਵਾਰ ਰਾਤ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਜਲੰਧਰ ਦੇ ਆਦਮਪੁਰ ਥਾਣੇ ਦੇ ਐਸਐਚਓ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਡਿਊਟੀ ਲਈ ਆਏ ਅਧਿਆਪਕ ਅਮਰਿੰਦਰ ਸਿੰਘ ਦੀ ਮੌਤ ਹੋ ਗਈ ਹੈ।

ਜਾਣਕਾਰੀ ਮੁਤਾਬਕ ਅਧਿਆਪਕ ਅਮਰਿੰਦਰ ਸਿੰਘ ਰਾਤ ਕਰੀਬ 10 ਵਜੇ ਪੋਲਿੰਗ ਬੂਥ ’ਤੇ ਆਪਣੇ ਕਮਰੇ ’ਚ ਆਰਾਮ ਕਰ ਰਹੇ ਸਨ। ਇਸ ਦੌਰਾਨ ਉਸ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਅਮਰਿੰਦਰ ਸਿੰਘ ਡਿਊਟੀ ਲਈ ਫਾਜ਼ਿਲਕਾ ਤੋਂ ਜਲੰਧਰ ਆਏ ਹੋਏ ਸਨ। ਉਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਫਿਲਹਾਲ ਇਹ ਦਿਲ ਦਾ ਦੌਰਾ ਪੈਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਸਪੱਸ਼ਟ ਹੋਵੇਗਾ। ਐੱਸਐੱਚਓ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬਰਨਾਲਾ ’ਚ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਮੌਤ

ਉੱਧਰ ਬਰਨਾਲਾ ਵਿੱਚ ਵੀ ਪੰਚਾਇਤੀ ਚੋਣ ਡਿਊਟੀ ’ਤੇ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਲੱਖਾ ਸਿੰਘ (53 ਸਾਲ) ਵਜੋਂ ਹੋਈ ਹੈ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਸ ਨੂੰ ਤੁਰੰਤ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਪੁਲਿਸ ਮੁਲਾਜ਼ਮ ਆਈਆਰਬੀ ਬਰਨਾਲਾ ਵਿਖੇ ਚੋਣ ਡਿਊਟੀ ’ਤੇ ਸਨ। ਉਹ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਛੀਨਾ ਦਾ ਵਸਨੀਕ ਸੀ। ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਮੁਲਾਜ਼ਮ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Exit mobile version