ਬਿਊਰੋ ਰਿਪੋਰਟ : ਤਰਨਤਾਰਨ ਵਿੱਚ ਹੋਏ RPG ਹਮਲੇ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ । ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ 7 ਦੀ ਗਿਰਫ਼ਤਾਰੀ ਹੋਈ ਹੈ। 6 ਦੀ ਗਿਰਫ਼ਤਾਰੀ ਵੱਖ-ਵੱਖ ਥਾਵਾਂ ਤੋਂ ਹੋਈ ਹੈ ਜਦਕਿ 1 ਮੁਲਜ਼ਮ ਨੂੰ ਗੋਬਿੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਇਆ ਗਿਆ ਹੈ। ਵੱਡੀ ਗੱਲ ਇਹ ਹੈ ਕਿ RPG ਅਟੈਕ ਨੂੰ ਅੰਜਾਮ ਦੇਣ ਵਾਲੇ 2 ਨਾਲਾਬਿਗ ਸਨ । ਪੰਜਾਬ ਪੁਲਿਸ ਮੁਤਾਬਿਕ ਇਸ ਪੂਰੇ ਮਾਮਲੇ ਦੇ ਮਾਸਟਰ ਮਾਇੰਡ ਤਿੰਨ ਲੋਕ ਹਨ। ਕੈਨੇਡਾ ਵਿੱਚ ਬੈਠਾ ਲਖਬੀਰ ਸਿੰਘ ਲੰਡਾ ਹਰੀਕੇ, ਯੂਰਪ ਵਿੱਚ ਬੈਠੇ ਸਤਬੀਰ ਸਿੰਘ ਸੱਤਾ ਅਤੇ ਗੁਰਦੇਵ ਸਿੰਘ । ਇੰਨਾਂ ਤਿੰਨਾਂ ਨੇ ਮਿਲ ਕੇ ਹੀ ਗੋਬਿੰਦਵਾਲ ਜੇਲ੍ਹ ਵਿੱਚ ਬੈਠੇ ਅਜਮੀਤ ਸਿੰਘ ਨੂੰ ਸਾਜਿਸ਼ ਰੱਚਣ ਦੀ ਜ਼ਿੰਮੇਵਾਰੀ ਸੌਂਪੀ ਸੀ । ਅਜਮੀਤ ਸਿੰਘ ਨੂੰ ਅਕਤੂਬਰ ਵਿੱਚ ਹੀ ਅੰਮ੍ਰਿਤਸਰ ਤੋਂ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ । ਸਾਫ ਹੈ ਕਿ ਭਾਵੇ ਡੀਜੀਪੀ ਵੱਲੋਂ ਤਰਨਤਾਰਨ RPG ਅਟੈਕ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ ਪਰ ਜਿਸ ਤਰ੍ਹਾਂ ਨਾਲ ਜੇਲ੍ਹ ਤੋਂ ਸਾਜਿਸ਼ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਨਾਲ ਜੇਲ੍ਹ ਤੰਤਰ ‘ਤੇ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਪੂਰੀ ਪਲਾਨਿੰਗ ਵਿੱਚ ਫੜੇ ਗਏ 6 ਮੁਲਜ਼ਮਾਂ ਵਿੱਚ ਕੋਈ ਵੀ ਇੱਕ ਦੂਜੇ ਨੂੰ ਨਹੀਂ ਜਾਣ ਦੇ ਸਨ । ਇੰਨਾਂ ਨੂੰ ਵੱਖ-ਵੱਖ ਕੰਮਾਂ ਦੇ ਲਈ ਚੁਣਿਆ ਗਿਆ ਸੀ ਤਾਂਕੀ ਫੜੇ ਜਾਣ ‘ਤੇ ਸਾਜਿਸ਼ ਦਾ ਪਰਦਾਫਾਸ਼ ਨਾ ਹੋਵੇ। ਉਧਰ ਜਦੋਂ ਡੀਜੀਪੀ ਨੂੰ ਗੋਲਡੀ ਬਰਾੜ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇੱਕ ਵਾਰ ਮੁੜ ਤੋਂ ਕਿਹਾ ਨੌ ਕਮੈਂਟ । ਡੀਜੀਪੀ ਗੌਰਵ ਯਾਦਵ ਦਾ ਇਹ ਨੌ ਕਮੈਂਟ ਵਾਲਾ ਬਿਆਨ ਹੀ ਆਪਣੇ ਆਪ ਵਿੱਚ ਵੱਡਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਲਡੀ ਬਰਾੜ ਦੇ ਫੜੇ ਜਾਣ ਦਾ ਦਾਅਵਾ ਕੀਤਾ ਸੀ ।
ਜਿੰਨਾਂ 6 ਨੂੰ ਪੰਜਾਬ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ ਉਨ੍ਹਾਂ ਦੇ ਨਾਂ ਗੁਰਪ੍ਰੀਤ ਸਿੰਘ ਉਰਫ ਗੋਪੀ,ਗੁਰਲਾਜ ਸਿੰਘ ਗੈਲਾ,ਗੁਰਲਾਲ ਸਿੰਘ ਲਾਲੀ,ਜੌਬਨਪ੍ਰੀਤ ਸਿੰਘ ਅਤੇ ਅਜਮੀਤ ਸਿੰਘ ਹੈ,ਇਸ ਤੋਂ ਇਲਾਵਾ 2 ਨਾਬਾਲਿਗ ਸਨ ਜਿੰਨਾਂ ਨੇ ਹਮਲੇ ਨੂੰ ਅੰਜਾਮ ਦਿੱਤਾ ਹੈ,ਜਿਨਾਂ ਦਾ ਨਾਂ ਪੁਲਿਸ ਨੇ ਨਹੀਂ ਦੱਸਿਆ । ਪੁਲਿਸ ਮੁਤਾਬਿਕ ਗੁਰਪ੍ਰੀਤ ਸਿਘ ਗੋਪੀ ਤੇ ਜੋਬਨਪ੍ਰੀਤ ਨੇ RPG ਦੀ ਕਨਸਾਇਮੈਂਟ ਲਈ ਸੀ,ਜਦਕਿ ਚੋਲਾ ਸਾਹਿਬ ਦੇ 2 ਲੋਕਾਂ ਨੇ ਇਸ ਨੂੰ ਆਪਣੇ ਘਰ ਵਿੱਚ 8ਦਿਨਾਂ ਦੇ ਲਈ ਲੁਕਾਇਆ ਸੀ ਜੋ ਹੁਣ ਵੀ ਪੁਲਿਸ ਦੀ ਗਿਰਫਤ ਤੋਂ ਬਾਹਰ ਹਨ । ਇਸ ਤੋਂ ਇਲਾਵਾ ਡੀਜੀਪੀ ਨੇ ਦੱਸਿਆ ਹਮਲਾ ਕਰਨ ਵਾਲੇ ਦੋਵੇ ਨਾਬਾਲਿਗ ਇੱਕ ਦੂਜੇ ਨੂੰ ਨਹੀਂ ਜਾਣ ਦੇ ਸਨ, ਇੱਕ ਲੰਡਾ ਦੇ ਸੰਪਰਕ ਵਿੱਚ ਸੀ ਦੂਜਾ ਯੂਰਪ ਵਿੱਚ ਬੈਠੇ ਸੱਤਾ ਦੇ ਸੰਪਰਕ ਵਿੱਚ ਸੀ । ਇੱਕ ਹਮਲਾਵਰ ਨੂੰ ਲੰਡਾ ਨੇ ਇੰਟਰਨੈੱਟ ਦੇ ਜ਼ਰੀਏ RPG ਅਟੈਕ ਦੀ ਸਿਖਾਲਾਈ ਦਿੱਤੀ ਸੀ । ਡੀਜੀਪੀ ਨੇ ਦੱਸਿਆ ਕਿ 1 ਅਕਤੂਬਰ ਨੂੰ RPG ਭਾਰਤ ਪਹੁੰਚ ਗਿਆ ਸੀ ਅਤੇ ਇਸ ਨੂੰ ਪਾਕਿਸਤਾਨ ਦੀ ਖੁਫਿਆ ਏਜੰਸੀ ISI ਦੀ ਮਦਦ ਨਾਲ ਭੇਜਿਆ ਗਿਆ ਸੀ । RPG ਨੂੰ ਤਰਨਤਾਰਨ ਦੇ ਬਰਹਾਲਾ ਪਿੰਡ ਵਿੱਚ ਰੱਖਿਆ ਗਿਆ ਸੀ । ਜਿਸ RPG ਨਾਲ ਹਮਲੇ ਨੂੰ ਅੰਜਾਮ ਦਿੱਤਾ ਗਿਆ ਹੈ ਉਹ 70 MM ਕੈਰੀਬਿਅਨ ਦਾ ਸੀ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਤੋਂ ਹੈਂਡ ਗ੍ਰਨੇਡ,ਕਾਰਤੂਸ ਅਤੇ ਪਸਤੌਲ ਵੀ ਬਰਾਮਦ ਕੀਤੀ ਹੈ ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਜਿਸ ਤਰ੍ਹਾਂ ਨਾਲ ਲੰਡਾ ਨੇ RGP ਅਟੈਕ ਨੂੰ ਅੰਜਾਮ ਦੇਣ ਲਈ ਲਈ ਵੱਖ-ਵੱਖ ਮੋਡੀਊਲ ਦੀ ਵਰਤੋਂ ਕੀਤੀ ਹੈ ਮਾਮਲੇ ਨੂੰ ਸੁਲਝਾਉਣਾ ਅਸਾਨ ਨਹੀਂ ਸੀ । ਪਰ ਮਾਹਿਰਾਂ ਦੀ ਟੀਮ, ਤਕਨੀਕ ਅਤੇ ਮੌਕੇ ਤੋਂ ਮਿਲੇ CCTV ਫੁਟੇਜ ਨੇ ਪੂਰੀ ਸਾਜਿਸ਼ ਦਾ ਪਰਦਾਫ਼ਾਸ਼ ਕਰ ਦਿੱਤਾ ਹੈ । ਪੁਲਿਸ ਨੇ ਹਮਲੇ ਦੌਰਾਨ ਵਰਤੀ ਗਈ ਮੋਟਰ ਸਾਈਕਲਾਂ ਨੂੰ ਪਹਿਲਾਂ ਹੀ ਬਰਾਮਦ ਕਰ ਲਿਆ ਸੀ ਜਿਸ ਨੇ ਪੁਲਿਸ ਦੀ ਕਾਫੀ ਮਦਦ ਕੀਤੀ । ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਦੀ ਇੰਟੈਲੀਜੈਂਸ ਬਿਲਡਿੰਗ ਵਿੱਚ ਹੋਏ RPG ਅਟੈਕ ਵਿੱਚ ਵੀ ਨਾਬਾਲਿਗ ਦਾ ਹੱਥ ਸਾਹਮਣੇ ਆਇਆ ਸੀ ।