ਬਿਊਰੋ ਰਿਪੋਰਟ (ਥੂਥੂਕੁਡੀ): ਤਾਮਿਲ ਸਿੱਖ ਸੰਗਤ ਵੱਲੋਂ ਤਾਮਿਲਨਾਡੂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਤਾਮਿਲ ਸਿੱਖਾਂ ਨੂੰ ਘੱਟ ਗਿਣਤੀ ਦਰਜੇ ਵਜੋਂ ਮਾਨਤਾ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਧਾਰਮਿਕ ਧਰਮ-ਪਰਿਵਰਤਨ ਨੂੰ ਸਵੀਕਾਰਿਆ ਜਾਵੇ। ਸੰਗਤ ਵੱਲੋਂ ਇਹ ਮਾਮਲਾ ਹਾਲ ਹੀ ਵਿੱਚ ਤਾਮਿਲਨਾਡੂ ਸਟੇਟ ਮਾਇਨੋਰਟੀ ਕਮਿਸ਼ਨ ਦੇ ਚੇਅਰਮੈਨ ਫਾਦਰ ਜੋ ਅਰੁਣ ਸਾਹਮਣੇ ਰੱਖਿਆ ਗਿਆ।
ਸੰਗਤ ਦਾ ਕਹਿਣਾ ਹੈ ਕਿ ਖਾਸ ਕਰਕੇ ਦੱਖਣੀ ਤਾਮਿਲਨਾਡੂ ਦੇ ਤੂਤੀਕੋਰਨ ਇਲਾਕੇ ’ਚ ਕਈ ਲੋਕ ਸਿੱਖ ਧਰਮ ਅਪਣਾ ਰਹੇ ਹਨ, ਪਰ ਰਿਵੈਨਿਊ ਅਧਿਕਾਰੀ ਉਨ੍ਹਾਂ ਦੇ ਕਮੇਊਨਿਟੀ ਸਰਟੀਫਿਕੇਟਾਂ ’ਚ ਧਾਰਮਿਕ ਤਬਦੀਲੀ ਕਰਨ ਵਾਲੀਆਂ ਅਰਜ਼ੀਆਂ ਨੂੰ ਰੱਦ ਕਰ ਰਹੇ ਹਨ।
ਸਰਦਾਰ ਜੀਵਨ ਸਿੰਘ, ਤਾਮਿਲ ਸਿੱਖ ਸੰਗਤ ਦੇ ਸੰਸਥਾਪਕ ਅਤੇ ਬਹੁਜਨ ਦ੍ਰਾਵਿੜਾ ਪਾਰਟੀ (BDP) ਦੇ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਕਮੇਊਨਿਟੀ ਸਰਟੀਫਿਕੇਟਾਂ ’ਚ ‘ਸਿੱਖ’ ਦਾ ਸਪਸ਼ਟ ਜ਼ਿਕਰ ਹੋਣਾ ਚਾਹੀਦਾ ਹੈ, ਭਾਵੇਂ ਉਹ ਸ਼ੈਡੀਊਲ ਕਾਸਟ, ਬੈਕਵਰਡ ਕਲਾਸ ਜਾਂ ਹੋਰ ਕੋਈ ਵੀ ਸਮਾਜਕ ਦਰਜਾ ਰੱਖਦੇ ਹੋਣ। ਇਹ ਸੰਵਿਧਾਨ ਦੀਆਂ ਧਾਰਾਵਾਂ 25 ਤੋਂ 28 ਤੱਕ ਅਧੀਨ ਸੁਨਿਸ਼ਚਿਤ ਕੀਤਾ ਗਿਆ ਹੈ।
ਕਮੇਊਨਿਟੀ ਮੈਂਬਰਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪੁਲਿਸ ਉਨ੍ਹਾਂ ਨੂੰ ਕਿਰਪਾਨ ਰੱਖਣ ਲਈ ਤੰਗ ਕਰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮਾਲਾਂ ਅਤੇ ਹੋਰ ਜਨਤਕ ਥਾਵਾਂ ’ਤੇ ਉਨ੍ਹਾਂ ਨੂੰ ਅਕਸਰ ਰੋਕ ਕੇ ਪੁੱਛਗਿੱਛ ਕੀਤੀ ਜਾਂਦੀ ਹੈ।
ਕੋਰਕਈ ਪੀ. ਪਲਨੀ ਸਿੰਘ, ਜਿਸ ਨੇ ਦੋ ਸਾਲ ਪਹਿਲਾਂ ਸਿੱਖ ਧਰਮ ਅਪਣਾਇਆ ਸੀ, ਨੇ ਦੱਸਿਆ ਕਿ ਉਸਨੇ ਵਿਰੁਧੁਨਗਰ ਦੇ ਕਰਿਆਪੱਟੀ ਤਹਿਸੀਲਦਾਰ ਦਫ਼ਤਰ ’ਚ ਅਰਜ਼ੀ ਦਿੱਤੀ ਸੀ, ਪਰ ਉਸਨੂੰ ਹਿੰਦੂ-ਐਸਸੀ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਉਸਦਾ ਕਹਿਣਾ ਹੈ ਕਿ ਅਫ਼ਸਰ ਨੇ ਉਸ ’ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਇਲਾਕੇ ’ਚ ਕੋਈ ਗੁਰਦੁਆਰਾ ਨਹੀਂ, ਇਸ ਲਈ ਉਸਨੂੰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਤੋਂ ਕਨਵਰਜ਼ਨ ਸਰਟੀਫਿਕੇਟ ਲੈਣਾ ਪਵੇਗਾ।
ਐਸ. ਸੈਲਵਾ ਸਿੰਘ (ਸੈਲਵਕੁਮਾਰ), ਜੋ ਤਾਮਿਲ-ਸਿੱਖ ਸੱਭਿਆਚਾਰਕ ਭਰਾਤਰਤਾ ਅਤੇ ਐਜੂਕੇਸ਼ਨਲ ਫਾਉਂਡੇਸ਼ਨ ਦੇ ਚੇਅਰਮੈਨ ਹਨ, ਨੇ ਕਿਹਾ ਕਿ ਰਾਜ ਸਰਕਾਰ ਨੂੰ ਤਾਮਿਲ ਸਿੱਖਾਂ ਨੂੰ ਘੱਟ ਗਿਣਤੀ ਦਰਜਾ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ਸੁਨਿਸ਼ਚਿਤ ਕਰਨੇ ਚਾਹੀਦੇ ਹਨ।
ਦੂਜੇ ਪਾਸੇ, ਘੱਟ ਗਿਣਤੀ ਕਮਿਸ਼ਨ ਦੇ ਐਕਸਪਰਟ ਮੈਂਬਰ ਰਮੀਤ ਸਿੰਘ ਕਪੂਰ ਨੇ ਕਿਹਾ ਕਿ ਸਿੱਖ ਕਮੇਊਨਿਟੀ ਵੱਲੋਂ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਲਈ ਮਾਮਲਾ ਚੁੱਕਿਆ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੂੰ ਕਿਰਪਾਨ ਦੇ ਮਾਮਲੇ ’ਚ ਸਪਸ਼ਟ ਨਿਰਦੇਸ਼ ਦਿੱਤੇ ਜਾਣਗੇ, ਤਾਂ ਜੋ ਸਿੱਖਾਂ ਨੂੰ ਤੰਗ ਨਾ ਕੀਤਾ ਜਾਵੇ। ਸਰਟੀਫਿਕੇਟਾਂ ਦੇ ਮਾਮਲੇ ’ਚ ਕਪੂਰ ਨੇ ਕਿਹਾ ਕਿ ਇਸਨੂੰ ਸਰਕਾਰ ਅੱਗੇ ਨੀਤੀ ਪੱਧਰ ’ਤੇ ਭੇਜਿਆ ਜਾਵੇਗਾ, ਤਾਂ ਜੋ ਲਾਜ਼ਮੀ ਸਰਕਾਰੀ ਹੁਕਮ ਜਾਰੀ ਹੋ ਸਕੇ।