‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਲਵੰਡੀ ਸਾਬੋ ਦਾ ਥਰਮਲ ਪਲਾਂਟ ਮੁੜ ਚਾਲੂ ਹੋ ਗਿਆ ਹੈ। ਪਲਾਂਟ ਦੀ ਇੱਕ ਯੂਨਿਟ ਚਾਲੂ ਹੋਣ ਨਾਲ ਬਿਜਲੀ ਸਪਲਾਈ ਸੁਧਰ ਗਈ ਹੈ। ਤਲਵੰਡੀ ਸਾਬੋ ਪਲਾਂਟ ਤੋਂ 660 ਮੈਗਾਵਾਟ ਉਤਪਾਦਨ ਮੁੜ ਸ਼ੁਰੂ ਹੋ ਗਿਆ ਹੈ। PSPCL ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ‘ਚ ਹੁਣ ਕਿੱਲਤ ਖਤਮ ਹੋ ਗਈ ਹੈ। PSPCL ਨੇ ਇੰਡਸਟਰੀ ਤੋਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਖੇਤਰੀ ਅਤੇ ਸ਼ਹਿਰੀ ਪੱਧਰ ‘ਤੇ ਪੂਰੀ ਸਮਰੱਥਾ ਨਾਲ ਇੰਡਸਟਰੀਆਂ ਚੱਲਣਗੀਆਂ। PSPCL ਨੇ ਸਥਿਤੀ ਵਿੱਚ ਸੁਧਾਰ ਹੋਣ ਦੇ ਨਾਲ ਤੁਰੰਤ ਪ੍ਰਭਾਵ ਨਾਲ ਉਦਯੋਗਾਂ ਨੂੰ ਬਿਜਲੀ ਦੀ ਵਰਤੋਂ ਸਬੰਧੀ ਬੰਦਿਸ਼ਾਂ ਵਿੱਚ ਢਿੱਲ ਦੇ ਦਿੱਤੀ ਹੈ। ਹੋਰ ਛੋਟ ਦੇਣ ਲਈ ਤਿੰਨ ਦਿਨਾਂ ਬਾਅਦ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਏ.ਵੇਣੂ ਪ੍ਰਸਾਦ ਨੇ ਦੱਸਿਆ ਕਿ ਕੇਂਦਰੀ ਅਤੇ ਸਰਹੱਦੀ ਜ਼ੋਨਾਂ ਵਿੱਚ ਪੈਂਦੇ ਜ਼ਿਲ੍ਹਿਆਂ ਦੇ ਸਾਰੇ ਉਦਯੋਗਿਕ ਖਪਤਕਾਰਾਂ ਨੂੰ ਅੱਜ ਤੋਂ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ ਨਿਰੰਤਰ ਚੱਲਣ ਵਾਲੇ ਉਦਯੋਗਾਂ ਜਿਨ੍ਹਾਂ ਵਿੱਚ ਟੈਕਸਟਾਈਲ, ਕੈਮੀਕਲ ਅਤੇ ਸਪਿਨਿੰਗ ਮਿੱਲਾਂ ਸ਼ਾਮਲ ਹਨ, ਜੋ 24 ਘੰਟੇ ਚੱਲਦੀਆਂ ਹਨ, ਨੂੰ ਹਾਲੇ ਪਹਿਲਾਂ ਤੋਂ ਲਾਗੂ ਕੀਤੀਆਂ ਪਾਬੰਦੀਆਂ ਦੀ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਹੋਰ ਫੈਸਲਾ ਲੈਣ ਤੋਂ ਪਹਿਲਾਂ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਤਿੰਨ ਦਿਨਾਂ ਬਾਅਦ ਇੱਕ ਵਾਰ ਫਿਰ ਤੋਂ ਸਮੀਖਿਆ ਕੀਤੀ ਜਾਵੇਗੀ।
ਬਿਜਲੀ ਖ਼ਪਤ ਦੀ ਬਹੁਤ ਜ਼ਿਅਦਾ ਮੰਗ ਦੇ ਬਾਵਜੂਦ ਵਿਭਾਗ ਨੇ ਘੱਟ ਅਤੇ ਦਰਮਿਆਨੀ ਸਪਲਾਈ ਵਾਲੇ ਉਦਯੋਗਿਕ ਖਪਤਕਾਰਾਂ, ਚੌਲਾਂ ਦੇ ਸ਼ੈਲਰਾਂ, ਕੈਟਲ ਫੀਡ ਯੂਨਿਟਾਂ, ਕਾਲ ਸੈਂਟਰਾਂ, ਮਸ਼ਰੂਮ ਫਾਰਮਾਂ, ਫੂਡ ਪ੍ਰੋਸੈਸਿੰਗ ਇਕਾਈਆਂ ਅਤੇ ਹੋਰ ਜ਼ਰੂਰੀ ਉਦਯੋਗਾਂ / ਸੇਵਾਵਾਂ ਉੱਤੇ ਸ਼ੁਰੂ ਤੋਂ ਹੀ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ।