The Khalas Tv Blog Punjab ਨਸ਼ੇ ਦੇ ਖਿਲਾਫ ਪੰਜਾਬ ਵਿੱਚ ‘ਅੱਠੇ ਪਹਿਰ ਟਹਿਲ ਸੇਵਾ ਲਹਿਰ’ ਵੱਲੋਂ ਵੱਡੀ ਮੁਹਿੰਮ ਦਾ ਐਲਾਨ !
Punjab

ਨਸ਼ੇ ਦੇ ਖਿਲਾਫ ਪੰਜਾਬ ਵਿੱਚ ‘ਅੱਠੇ ਪਹਿਰ ਟਹਿਲ ਸੇਵਾ ਲਹਿਰ’ ਵੱਲੋਂ ਵੱਡੀ ਮੁਹਿੰਮ ਦਾ ਐਲਾਨ !

ਬਿਉਰੋ ਰਿਪੋਰਟ : ਪੰਜਾਬ ਵਿੱਚ ਨਸ਼ੇ ਦੇ ਛੇਵੇਂ ਦਰਿਆ ਨੂੰ ਕੰਟਰੋਲ ਕਰਨ ਦੇ ਸਰਕਾਰਾਂ ਭਾਵੇਂ ਜਿੰਨੇ ਮਰਜ਼ੀ ਦਾਅਵੇ ਕਰਨ ਪਰ ਜ਼ਮੀਨੀ ਹਕੀਕਤ ਸਭ ਦੇ ਸਾਹਮਣੇ ਹੈ । ਸ਼ਾਇਦ ਹੀ ਕੋਈ ਅਜਿਹਾ ਦਿਨ ਗੁਜ਼ਰਦਾ ਹੋਵੇ ਜਦੋਂ ਕਿਸੇ ਮਾਂ ਦਾ ਪੁੱਤ ਨਸ਼ੇ ਦੇ ਨਾਲ ਨਾ ਮਰਦਾ ਹੋਵੇ। ਪੁਲਿਸ ਦੇ 1-2 ਦਿਨ ਦੀ ਰੇਡ ਅਤੇ ਡਰ ਨਾਲ ਨਸ਼ਾ ਨਹੀਂ ਰੁਕ ਸਕਦਾ ਹੈ ਇਸ ਦੇ ਲਈ ਜਾਗਰੂਕਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ । ਅੱਠੇ ਪਹਿਰ ਟਹਿਲ ਸੇਵਾ ਲਹਿਰ ਨੇ ਇਸ ਲਈ ਵੱਡੀ ਅਤੇ ਖ਼ਾਸ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ 1 ਸਤੰਬਰ ਨੂੰ ਇਸ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਕੀਤਾ ਜਾਵੇਗਾ । ਇਹ ਮੁਹਿੰਮ ਲੋਕਾਂ ਨੂੰ ਨਸ਼ੇ ਦੇ ਖ਼ਿਲਾਫ਼ ਜਗਾਉਣ ਦੇ ਲਈ ਸ਼ੁਰੂ ਕੀਤੀ ਗਈ ਹੈ ਇਸੇ ਲਈ ਇਸ ਦਾ ਨਾਂ ਵੀ ‘ਗੁਰਾਂ ਦੀ ਜਾਗੋ’ ਰੱਖਿਆ ਗਿਆ ਹੈ ।

ਅੱਠੇ ਪਹਿਰ ਟਹਿਲ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ‘ਗੁਰਾਂ ਦੀ ਜਾਗੋ’ ਪਿੰਡ-ਪਿੰਡ,ਸ਼ਹਿਰ-ਸ਼ਹਿਰ ਜਾ ਕੇ ਪੰਜਾਬੀਆਂ ਨੂੰ ਜਾਗਰੂਕ ਕਰੇਗੀ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਇੱਕਮੁੱਠ ਹੋਕੇ ਨਸ਼ਿਆਂ ਖ਼ਿਲਾਫ਼ ਡਟਣ ਲਈ ਲਾਮਬੰਦ ਕਰੇਗੀ । 1 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਣ ਵਾਲੀ ‘ਗੁਰਾਂ ਦੀ ਜਾਗੋ’ 15 ਸਤੰਬਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਸੰਪੂਰਨ ਹੋਵੇਗੀ । ਜਥੇਬੰਦੀ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਲਦ ਹੀ ਆਉਣ ਵਾਲੇ ਦਿਨਾਂ ਵਿੱਚ ‘ਗੁਰਾਂ ਦੀ ਜਾਗੋ’ ਦਾ ਪੂਰਾ ਰੂਟ ਮੈਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਵੇਗਾ ।

ਅੱਠੇ ਪਹਿਰ ਟਹਿਲ ਸੇਵਾ ਲਹਿਰ ਦੀ ਸ਼ੁਰੂਆਤ 1 ਸਤੰਬਰ 2021 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜਾਬ ਅਤੇ ਨੇੜਲੇ ਸੂਬਿਆਂ ਵਿੱਚ ਕਈ ਸਾਲਾਂ ਤੋਂ ਲਗਾਤਾਰ ਵੱਧ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ । ਹੁਣ ਇਸ ਦੀ ਦੂਜੀ ਵਰ੍ਹੇ ਗੰਢ ਮੌਕੇ ਇਸ ਦਾ ਦਾਇਰਾ ਹੋਰ ਵੱਡਾ ਕੀਤਾ ਗਿਆ ਹੈ। ਬੇਅਦਬੀਆਂ ਨੂੰ ਠੱਲ੍ਹਣ ਦੇ ਨਾਲ ਹੀ ਹੁਣ ਨਸ਼ਿਆਂ ਦੇ ਵਹਿਣ ਨੂੰ ਵੀ ਸੰਗਤਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਡੱਕਾ ਲਾਇਆ ਜਾਵੇਗਾ ।

ਅੱਠੇ ਪਹਿਰ ਟਹਿਲ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 10 ਅਕਤੂਬਰ 2021 ਨੂੰ ਲਹਿਰ ਵੱਲੋਂ ਕੱਢੇ ਗਏ ਪਹਿਲੇ ਵਿਸ਼ਾਲ ਚੇਤਨਾ ਮਾਰਚ ਦੌਰਾਨ 70 ਬੱਸਾਂ ਦੇ ਕਾਫ਼ਲੇ ਵਿੱਚ 3500 ਸੰਗਤਾਂ ਨੇ ਸ਼ਮੂਲੀਅਤ ਕੀਤੀ ਸੀ । ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਚੇਅਰਮੈਨ,ਸੰਗਤ ਟਰੱਸਟ ਯੂ ਕੇ ਦੀ ਪ੍ਰੇਰਨਾ ਨਾਲ ਆਰੰਭ ਹੋਈ ਅੱਠੇ ਪਹਿਰ ਟਹਿਲ ਸੇਵਾ ਲਹਿਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦੀਆਂ ਸਮੂਹ ਸੰਪਰਦਾਵਾਂ,ਨਿਹੰਗ ਸਿੰਘ ਦਲਾਂ,ਕਿਸਾਨ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਦਾ ਸਹਿਯੋਗ ਪ੍ਰਾਪਤ ਹੋਇਆ ਸੀ।

Exit mobile version