‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਤੋਂ ਇਨਸਾਫ਼ ਨਾ ਹੋਣ ਕਾਰਨ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਇੱਕ ਨਿੰਹਗ ਸਿੰਘ ਰਮਨਦੀਪ ਸਿੰਘ ਮੰਗੂ ਮੱਠ BSNL ਟਾਵਰ ‘ਤੇ ਚੜ੍ਹ ਗਿਆ ਜੋ ਬਾਅਦ ਵਿੱਚ ਪੁਲਿਸ ਵੱਲੋਂ ਬੇਅਦਬੀ ਦੇ ਦੋਸ਼ੀ ਦੇ ਨਾਰਕੋ ਟੈਸਟ ਦੇ ਭਰੋਸੇ ਤੋਂ ਬਾਅਦ ਥੱਲੇ ਉਤਰ ਆਏ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਮੋਬਾਇਲ ਇਹ ਨੌਜਵਾਨ ਟਾਵਰ ‘ਤੇ ਚੜ੍ਹ ਗਿਆ ਸੀ। ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਕਮੇਟੀ ਮੈਂਬਰਾਂ ਨੂੰ ਜ਼ਿੰਮੇਵਾਰ ਸਮਝਦੇ ਹਨ ਕਿਉਂਕਿ ਇਨ੍ਹਾਂ ਦਾ ਦੋਸ਼ ਹੈ ਕਿ ਕਮੇਟੀ ਵੱਲੋਂ ਗੁਰੂ ਘਰਾਂ ਵਿੱਚ ਪ੍ਰਬੰਧ ਮੁਕੰਮਲ ਨਹੀਂ ਹੈ। ਨਿਹੰਗ ਸਿੰਘਾਂ ਨੇ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਬਣੇ ਮੋਬਾਇਲ ਟਾਵਰ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੇ ਪਹੁੰਚੀ ਪੁਲਿਸ ਨੇ ਨਿਹੰਗ ਸਿੰਘਾਂ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ।
ਸਿੱਖ ਜਥੇਬੰਦੀਆਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਉਸਨੂੰ ਸਜ਼ਾ ਨਹੀਂ ਦੇ ਸਕਦਾ ਤਾਂ ਉਸਨੂੰ ਸੰਗਤ ਦੇ ਹਵਾਲੇ ਕੀਤਾ ਜਾਵੇ। ਸਿੰਘਾਂ ਨੇ ਕਿਹਾ ਕਿ ਜਦੋਂ ਵੀ ਦੋਸ਼ੀ ਫੜ੍ਹਿਆ ਜਾਂਦਾ ਹੈ ਤਾਂ ਉਸਨੂੰ ਪਾਗਲ ਐਲਾਨਿਆ ਜਾਂਦਾ ਹੈ। ਜੇਕਰ ਉਹ ਪਾਗਲ ਹਨ ਤਾਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ, ਹੋਰ ਕਿਸੇ ਨੂੰ ਕਿਉਂ ਨਹੀਂ ਕੁੱਝ ਕਿਹਾ ਜਾਂਦਾ। ਉਨ੍ਹਾਂ ਨੇ ਪੁਲਿਸ ਜਾਂਚ ‘ਤੇ ਬੇਭਰੋਸਗੀ ਜਤਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਵੱਈਆ ਬਿਲਕੁਲ ਸਹੀ ਨਹੀਂ ਹੈ। ਸਾਡੇ ਜਥੇਦਾਰ ਇਸ ਮਸਲੇ ਲਈ ਬਿਲਕੁਲ ਸੁਹਿਰਦ ਨਹੀਂ ਹਨ। ਉਨ੍ਹਾਂ ਨੇ ਸਾਰੀਆਂ ਜਥੇਬੰਦੀਆਂ ਨੂੰ ਇਸ ਮਸਲੇ ਸਬੰਧੀ ਸੁਹਿਰਦ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਖਦਸ਼ਾ ਜਾਹਿਰ ਕੀਤਾ ਕਿ ਅਸੀਂ ਪੁਲਿਸ ਨੂੰ ਕੱਲ੍ਹ ਤੱਕ ਦਾ ਸਮਾਂ ਦਿੱਤਾ ਸੀ। ਸਾਨੂੰ ਡਰ ਹੈ ਕਿ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ ਅਤੇ ਇਸ ਪਿੱਛੇ ਲੱਗੀਆਂ ਵੱਡੀਆਂ ਤਾਕਤਾਂ ਦਾ ਪਤਾ ਨਹੀਂ ਲੱਗ ਸਕੇਗਾ। ਪ੍ਰਸ਼ਾਸਨ ਅਤੇ ਪੁਲਿਸ ਇਸ ਮਸਲੇ ਨੂੰ ਨੱਪ ਦੇਣਾ ਚਾਹੁੰਦੇ ਹਨ। ਪ੍ਰਸ਼ਾਸਨ ਵਿੱਚ ਕੁੱਝ ਕਾਲੀਆਂ ਭੇਡਾਂ ਮੌਜੂਦ ਹਨ। ਅਸੀਂ ਚਾਹੁੰਦੇ ਹਾਂ ਕਿ ਦੋਸ਼ੀ ਦਾ ਨਾਰਕੋ ਟੈਸਟ ਸਾਰੀ ਦੁਨੀਆ ਦੇ ਸਾਹਮਣੇ ਹੋਵੇ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਅਜਿਹੀਆਂ ਘਟਨਾਵਾਂ ਲਈ ਫਾਂਸੀ ਦੀ ਸਜ਼ਾ ਵਾਲਾ ਕਾਨੂੰਨ ਬਣਾਵੇ, ਸਖ਼ਤ ਕਾਨੂੰਨ ਬਣਾਇਆ ਜਾਵੇ। ਸਾਡੀ ਮੰਗ ਹੈ ਕਿ ਸਿਰਸਾ ਵਾਲਿਆਂ ਨੂੰ ਰਿਮਾਂਡ ‘ਤੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਚੋਰ ਨੂੰ ਫੜ ਲਿਆ, ਹੁਣ ਚੋਰ ਦੀ ਮਾਂ ਨੂੰ ਵੀ ਕੱਢ ਕੇ ਲਿਆਉ।