The Khalas Tv Blog Punjab ਮੁਅੱਤਲ ਡੀਆਈਜੀ ਭੁੱਲਰ ED ਦੇ ਰਡਾਰ ’ਤੇ! ਜਲਦ ਦਰਜ ਹੋ ਸਕਦਾ ਇੱਕ ਹੋਰ ਮਾਮਲਾ
Punjab

ਮੁਅੱਤਲ ਡੀਆਈਜੀ ਭੁੱਲਰ ED ਦੇ ਰਡਾਰ ’ਤੇ! ਜਲਦ ਦਰਜ ਹੋ ਸਕਦਾ ਇੱਕ ਹੋਰ ਮਾਮਲਾ

ਬਿਊਰੋ ਰਿਪੋਰਟ (22 ਅਕਤੂਬਰ, 2025): ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਬੁੜੈਲ ਜੇਲ੍ਹ ਵਿੱਚ ਬੰਦ ਭੁੱਲਰ ਖ਼ਿਲਾਫ਼ ਕਿਸੇ ਵੀ ਵੇਲੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਸਬੰਧੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ।

ਸੀਬੀਆਈ (CBI) ਵੱਲੋਂ 16 ਅਕਤੂਬਰ ਨੂੰ ਮੰਡੀ ਗੋਬਿੰਦਗੜ੍ਹ ਦੇ ਇੱਕ ਵਪਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰੀ ਤੋਂ ਬਾਅਦ, ਜਾਂਚ ਏਜੰਸੀਆਂ ਨੇ ਉਸਦੇ ਘਰੋਂ ਵੱਡੀ ਰਕਮ ਅਤੇ ਕੀਮਤੀ ਸਮਾਨ ਬਰਾਮਦ ਕੀਤਾ ਸੀ। ਤਲਾਸ਼ੀ ਦੌਰਾਨ ਲਗਭਗ ਸਾਢੇ ਸੱਤ ਕਰੋੜ ਰੁਪਏ ਨਕਦ, ਕਰੀਬ ਢਾਈ ਕਿਲੋ ਸੋਨਾ, 24 ਮਹਿੰਗੀਆਂ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਜਾਇਦਾਦਾਂ ਨਾਲ ਸੰਬੰਧਿਤ ਕਰੀਬ 50 ਦਸਤਾਵੇਜ਼ ਮਿਲੇ ਸਨ। ਜਾਣਕਾਰੀ ਮੁਤਾਬਕ, ਇਨ੍ਹਾਂ ਵਿੱਚ ਕਈ ਬੇਨਾਮੀ ਜਾਇਦਾਦਾਂ ਦੇ ਸਬੂਤ ਵੀ ਸ਼ਾਮਲ ਹਨ।

ਭੁੱਲਰ ਨੇ ਆਪਣੇ ਆਮਦਨ ਕਰ ਰਿਟਰਨ (ITR) ਵਿੱਚ 18 ਕਰੋੜ ਰੁਪਏ ਦੀ ਸਾਲਾਨਾ ਆਮਦਨ ਦਰਸਾਈ ਹੈ। ਹੁਣ ਸੀਬੀਆਈ ਉਸਦੀ ਐਲਾਨੀ ਆਮਦਨ ਦਾ ਘਰੋਂ ਮਿਲੇ ਸਬੂਤਾਂ ਨਾਲ ਤੁਲਨਾਤਮਕ ਵਿਸ਼ਲੇਸ਼ਣ ਕਰ ਰਹੀ ਹੈ। ਜੇਕਰ ਗੜਬੜੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਹੋਰ ਮਾਮਲੇ ਦਰਜ ਹੋ ਸਕਦੇ ਹਨ। ਇਸੇ ਦੌਰਾਨ, ED ਵੀ ਇਸ ਪੂਰੇ ਮਾਮਲੇ ਦੀ ਨਿਗਰਾਨੀ ਕਰ ਰਹੀ ਹੈ।

ਇਸ ਤੋਂ ਇਲਾਵਾ, ਉਸਦੇ ਫਾਰਮਹਾਊਸ ਅਤੇ ਰਹਾਇਸ਼ ‘ਚ ਵਿਦੇਸ਼ੀ ਸ਼ਰਾਬ ਮਿਲਣ ਕਾਰਨ ਆਬਕਾਰੀ ਐਕਟ ਤਹਿਤ ਵੱਖਰਾ ਮਾਮਲਾ ਵੀ ਦਰਜ ਕੀਤਾ ਗਿਆ ਹੈ।

Exit mobile version