The Khalas Tv Blog Punjab ਪੰਜ ਤੱਤਾਂ ‘ਚ ਵਿਲੀਨ ਹੋਏ ਸੁਰਜੀਤ ਪਾਤਰ, CM ਮਾਨ ਨੇ ਨਮ ਅੱਖਾਂ ਨਾਲ ਅੰਤਿਮ ਯਾਤਰਾ ਨੂੰ ਦਿੱਤਾ ਮੋਢਾ
Punjab

ਪੰਜ ਤੱਤਾਂ ‘ਚ ਵਿਲੀਨ ਹੋਏ ਸੁਰਜੀਤ ਪਾਤਰ, CM ਮਾਨ ਨੇ ਨਮ ਅੱਖਾਂ ਨਾਲ ਅੰਤਿਮ ਯਾਤਰਾ ਨੂੰ ਦਿੱਤਾ ਮੋਢਾ

ਪੰਜਾਬ ਦੇ ਸਾਹਿਤਕਾਰ ਮਰਹੂਮ ਸੁਰਜੀਤ ਪਾਤਰ ਦਾ ਅੱਜ ਲੁਧਿਆਣਾ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਹਰ ਅੱਖ ਨਮ ਨਜ਼ਰ ਆਈ।  ਸਾਹਿਤਕ ਤੇ ਸਿਆਸਤ ਤੋਂ ਇਲਾਵਾ ਹਰ ਖੇਤਰ ਵਿਚੋਂ ਪੁੱਜੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਦੇਹ ਨੂੰ ਮੋਢਾ ਦਿਤਾ। ਇਸ ਦੇ ਨਾਲ ਹੀ ਇਸ ਤੋਂ ਬਾਅਦ ਉਨ੍ਹਾਂ ਨੇ ਮਰਹੂਮ ਕਵੀ ਨੂੰ ਸ਼ਰਧਾਂਜਲੀ ਦਿਤੀ। ਇਸ ਤੋਂ ਪਹਿਲਾਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦੇਣ ਲਈ ਕਈ ਲੋਕ ਉਨ੍ਹਾਂ ਦੀ ਰਿਹਾਇਸ਼ ‘ਤੇ ਇਕੱਠੇ ਹੋਏ। ਇਸ ਵਿਚ ਪ੍ਰਸਿੱਧ ਸਾਹਿਤਕਾਰ, ਕਲਾਕਾਰ, ਨੇਤਾ, ਵਿਧਾਇਕ, ਪ੍ਰੋਫੈਸਰ ਅਤੇ ਮੀਡੀਆ ਨਾਲ ਜੁੜੇ ਲੋਕ ਸ਼ਾਮਲ ਸਨ। ਸੁਰਜੀਤ ਪਾਤਰ ਦਾ ਦੋ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ ਪਰ ਉਨ੍ਹਾਂ ਦਾ ਬੇਟਾ ਵਿਦੇਸ਼ ਵਿਚ ਸੀ। ਅਜਿਹੇ ‘ਚ ਬੇਟੇ ਦੇ ਆਉਣ ਤੋਂ ਬਾਅਦ ਅੱਜ ਅੰਤਿਮ ਸਸਕਾਰ ਕੀਤਾ ਗਿਆ।

ਇਸ ਮੌਕੇ ਮੁਹੰਮਦ ਸਦੀਕ, ਬਲਬੀਰ ਸਿੰਘ ਸੀਚੇਵਾਲ, ਪਰਾਸ਼ਰ ਪੱਪੀ, ਕੁਲਵੰਤ ਸਿੰਘ, ਗੁਰਪ੍ਰੀਤ ਘੁੱਗੀ, ਦੇਬੀ ਮਖਸੂਸਪੁਰੀ, ਜਸਵੰਤ ਸੰਦੀਲਾ, ਗੁਰਭਜਨ ਗਿੱਲ, ਡਾ: ਨਿਰਮਲ ਜੌੜਾ, ਮਹੇਸ਼ਇੰਦਰ ਗਰੇਵਾਲ, ਜਗਮੀਤ ਬਰਾੜ ਤੇਜਵੰਤ ਕਿੱਟੂ, ਪੰਮੀ ਬਾਈ ਆਦਿ ਹਾਜ਼ਰ ਸਨ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਬ੍ਹ ਜੀ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸੀ… ਜੋ ਘਾਟਾ ਪਰਿਵਾਰ ਅਤੇ ਪੰਜਾਬੀਆਂ ਲਈ ਨਾ ਪੂਰਾ ਹੋਣ ਵਾਲਾ ਹੈ…ਅੱਜ ਲੁਧਿਆਣਾ ਵਿਖੇ ਪਾਤਰ ਸਾਹਬ ਜੀ ਦੇ ਅੰਤਿਮ ਸਸਕਾਰ ‘ਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ… ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ‘ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ… ਪਾਤਰ ਸਾਬ੍ਹ ਜੀ ਭਾਵੇਂ ਸਰੀਰਕ ਤੌਰ ‘ਤੇ ਨਹੀਂ ਰਹੇ ਪਰ ਉਹਨਾਂ ਦੀਆਂ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਦਰਦ ਬਿਆਨ ਕਰਦੀਆਂ ਲਿਖ਼ਤਾਂ ਹਮੇਸ਼ਾ ਸਾਡੇ ਦਿਲਾਂ ‘ਚ ਜ਼ਿੰਦਾ ਰਹਿਣਗੀਆਂ…

ਪੰਜਾਬ ਸਰਕਾਰ ਨੇ ਪੰਜਾਬੀ ਕਵੀ ਅਤੇ ਸਾਹਿਤਕਾਰ ਸੁਰਜੀਤ ਪਾਤਰ ਦੀ ਯਾਦ ਵਿਚ ਹਰ ਸਾਲ ਪਾਤਰ ਪੁਰਸਕਾਰ ਦੇਣ ਦਾ ਵੀ ਐਲਾਨ ਕੀਤਾ ਹੈ। ਇਹ ਪੁਰਸਕਾਰ ਉੱਭਰ ਰਹੇ ਕਵੀਆਂ ਨੂੰ ਦਿਤਾ ਜਾਵੇਗਾ। ਇਸ ਸਬੰਧੀ ਸਾਰੀ ਯੋਜਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਆਰ ਕੀਤੀ ਹੈ। ਪਾਤਰ ਪੁਰਸਕਾਰ ਜੇਤੂ ਨੂੰ ਹਰ ਸਾਲ 1 ਲੱਖ ਰੁਪਏ ਦਾ ਨਕਦ ਇਨਾਮ ਅਤੇ ਇਕ ਯਾਦਗਾਰੀ ਚਿੰਨ੍ਹ ਦਿੱਤਾ ਜਾਵੇਗਾ। ਇਸ ਪੁਰਸਕਾਰ ਦੀ ਅਗਵਾਈ ਭਾਸ਼ਾ ਵਿਭਾਗ ਕਰੇਗਾ।

ਦੱਸ ਦੇਈਏ ਕਿ ਜਲੰਧਰ ਦੇ ਪਿੰਡ ਪਤਾੜ ਕਲਾਂ ਦੇ ਜੰਮਪਲ ਸੁਰਜੀਤ ਪਾਤਰ ਨੇ ਸਾਹਿਤ ਦੇ ਖੇਤਰ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ। ਪੰਜਾਬ ਯੂਨੀਵਰਸਿਟੀ, ਪਟਿਆਲਾ ਤੋਂ ਅਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ, ਪਾਤਰ ਨੇ ਗੁਰੂ ਨਾਨਕ ਦੇਵ (ਅੰਮ੍ਰਿਤਸਰ) ਯੂਨੀਵਰਸਿਟੀ ਤੋਂ ਪੀਐਚਡੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਵਿਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਯੋਗਦਾਨ ਪਾਇਆ ਅਤੇ ਉੱਥੋਂ ਸੇਵਾਮੁਕਤ ਹੋ ਗਏ।

ਉਨ੍ਹਾਂ ਨੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ। ਇਨ੍ਹਾਂ ਵਿਚ ਹਵਾ ਵਿਚ ਲਿਖੇ ਹਰਫ਼, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਬਾਜੇਬ, ਸੁਰ ਜ਼ਮੀਨ, ਬ੍ਰਿਖ ਅਰਜ ਕਰੇ, ਹਨੇਰ ਵਿਚ ਸੁਲਗਦੀ ਸਵਰਨਮਾਲਾ ਸ਼ਾਮਲ ਹਨ। ਸੁਰਜੀਤ ਪਾਤਰ ਨੂੰ 2012 ‘ਚ ਪਦਮ ਸ਼੍ਰੀ ਤੋਂ ਇਲਾਵਾ  1979 ਵਿਚ ਪੰਜਾਬ ਸਾਹਿਤ ਅਕਾਦਮੀ ਅਵਾਰਡ, 1993 ਵਿਚ ਸਾਹਿਤ ਅਕਾਦਮੀ ਅਵਾਰਡ, 1999 ਵਿਚ ਪੰਚਾਨੰਦ ਅਵਾਰਡ, 2007 ਵਿਚ ਅਨਦ ਕਾਵਯ ਸਨਮਾਨ, 2009 ਵਿਚ ਸਰਸਵਤੀ ਸਨਮਾਨ ਅਤੇ ਗੰਗਾਧਰ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ – ਗੈਂਗਸਟਰ ਨੇ ਹੋਟਲ ਕਾਰੋਬਾਰੀ ਕੋਲੋਂ ਮੰਗੇ 2 ਕਰੋੜ! ਪਰਿਵਾਰਿਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਦਿੱਤੀ ਧਮਕੀ

 

 

Exit mobile version