ਦਿੱਲੀ : ਜਾਇਦਾਦ ਦੇ ਟਾਈਟਲ ਟਰਾਂਸਫ਼ਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਹੈ ਕਿ ਕਿਸੇ ਜਾਇਦਾਦ ਦੇ ਟਾਈਟਲ ਨੂੰ ਟਰਾਂਸਫ਼ਰ ਕਰਨ ਲਈ ਰਜਿਸਟਰਡ ਦਸਤਾਵੇਜ਼ ਹੋਣਾ ਜ਼ਰੂਰੀ ਹੈ। ਅਦਾਲਤ ਦੇ ਅਨੁਸਾਰ, ਸਿਰਫ ਵਿੱਕਰੀ ਸਮਝੌਤੇ ਜਾਂ ਪਾਵਰ ਆਫ਼ ਅਟਾਰਨੀ ਨੂੰ ਟਾਈਟਲ ਟਰਾਂਸਫ਼ਰ ਲਈ ਕਾਫ਼ੀ ਨਹੀਂ ਮੰਨਿਆ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਰਜਿਸਟ੍ਰੇਸ਼ਨ ਐਕਟ 1908 ਦੇ ਤਹਿਤ ਜੇਕਰ ਰਜਿਸਟਰਡ ਦਸਤਾਵੇਜ਼ ਹੋਣ ਤਾਂ ਹੀ ਜਾਇਦਾਦ ਦੀ ਮਾਲਕੀ ਹੋ ਸਕਦੀ ਹੈ।
ਜਿਸ ਕੇਸ ਵਿੱਚ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ, ਉਸ ਵਿੱਚ ਪਟੀਸ਼ਨਰ ਦਾ ਕਹਿਣਾ ਹੈ ਕਿ ਉਹ ਜਾਇਦਾਦ ਦਾ ਮਾਲਕ ਹੈ ਅਤੇ ਇਹ ਜਾਇਦਾਦ ਉਸਨੂੰ ਉਸਦੇ ਭਰਾ ਦੁਆਰਾ ਤੋਹਫ਼ੇ ਵਜੋਂ ਦਿੱਤੀ ਗਈ ਸੀ। ਉਸ ਦਾ ਕਹਿਣਾ ਹੈ ਕਿ ਇਹ ਜਾਇਦਾਦ ਉਸ ਦੀ ਹੈ ਅਤੇ ਕਬਜ਼ਾ ਵੀ ਉਸ ਦਾ ਹੈ। ਜਦੋਂਕਿ ਦੂਜੀ ਧਿਰ ਨੇ ਜਾਇਦਾਦ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਸ ਕੋਲ ਪਾਵਰ ਆਫ਼ ਅਟਾਰਨੀ, ਐਫੀਡੇਵਿਟ ਅਤੇ ਵਿਕਰੀ ਦਾ ਐਗਰੀਮੈਂਟ ਹੈ।
ਦੂਜੀ ਧਿਰ ਦੇ ਜਵਾਬ ਵਿੱਚ ਪਟੀਸ਼ਨਰ ਨੇ ਕਿਹਾ ਕਿ ਬਚਾਓ ਪੱਖ ਨੇ ਜਿਨ੍ਹਾਂ ਦਸਤਾਵੇਜ਼ਾਂ ਦੇ ਆਧਾਰ ‘ਤੇ ਦਾਅਵਾ ਕੀਤਾ ਹੈ, ਉਹ ਜਾਇਜ਼ ਨਹੀਂ ਹਨ। ਉਨ੍ਹਾਂ ਕਿਹਾ ਹੈ ਕਿ ਰਜਿਸਟਰਡ ਦਸਤਾਵੇਜ਼ਾਂ ਤੋਂ ਬਿਨਾਂ ਅਚੱਲ ਜਾਇਦਾਦ ਦੀ ਮਾਲਕੀ ਨਹੀਂ ਕੀਤੀ ਜਾ ਸਕਦੀ। ਸੁਪਰੀਮ ਕੋਰਟ ਨੇ ਇਸ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਅਚੱਲ ਜਾਇਦਾਦ ਦੀ ਮਾਲਕੀ ਰਜਿਸਟਰਡ ਦਸਤਾਵੇਜ਼ ਤੋਂ ਬਿਨਾਂ ਤਬਦੀਲ ਨਹੀਂ ਕੀਤੀ ਜਾ ਸਕਦੀ, ਇਸ ਲਈ ਬਚਾਅ ਪੱਖ ਦਾ ਦਾਅਵਾ ਰੱਦ ਕਰ ਦਿੱਤਾ ਜਾਂਦਾ ਹੈ। ਅਦਾਲਤ ਨੇ ਪਟੀਸ਼ਨਰ ਦੀ ਅਪੀਲ ਵੀ ਸਵੀਕਾਰ ਕਰ ਲਈ।
ਪਾਵਰ ਆਫ਼ ਅਟਾਰਨੀ ਇੱਕ ਕਾਨੂੰਨੀ ਅਥਾਰਿਟੀ ਹੈ ਜੋ ਕਿਸੇ ਜਾਇਦਾਦ ਦੇ ਮਾਲਕ ਦੁਆਰਾ ਕਿਸੇ ਹੋਰ ਵਿਅਕਤੀ ਨੂੰ ਦਿੱਤੀ ਜਾਂਦੀ ਹੈ। ਪਾਵਰ ਆਫ਼ ਅਟਾਰਨੀ ਪ੍ਰਾਪਤ ਕਰਕੇ, ਉਹ ਵਿਅਕਤੀ ਉਸ ਜਾਇਦਾਦ ਦੀ ਖਰੀਦ ਜਾਂ ਵਿਕਰੀ ਨਾਲ ਸਬੰਧਿਤ ਫੈਸਲੇ ਲੈ ਸਕਦਾ ਹੈ। ਪਰ ਇਹ ਜਾਇਦਾਦ ਦੀ ਮਾਲਕੀ ਬਿਲਕੁਲ ਨਹੀਂ ਹੈ। ਐਗਰੀਮੈਂਟ ਟੂ ਸੇਲ ਇੱਕ ਦਸਤਾਵੇਜ਼ ਹੈ ਜਿਸ ਵਿੱਚ ਖ਼ਰੀਦਦਾਰ ਅਤੇ ਵੇਚਣ ਵਾਲੇ ਵਿਚਕਾਰ ਜਾਇਦਾਦ ਨਾਲ ਸਬੰਧਿਤ ਸਾਰੇ ਵੇਰਵਿਆਂ ਦਾ ਫੈਸਲਾ ਕੀਤਾ ਜਾਂਦਾ ਹੈ। ਇਸ ਵਿੱਚ ਜਾਇਦਾਦ ਦੀ ਕੀਮਤ ਅਤੇ ਪੂਰੀ ਅਦਾਇਗੀ ਬਾਰੇ ਸਾਰੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ