‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਪਰੀਮ ਕੋਰਟ ਨੇ ਗੈਂਗਸਟਰ ਜੈਪਾਲ ਸਿੰਘ ਭੁੱਲਰ ਦੇ ਪਿਤਾ ਵੱਲੋਂ ਆਪਣੇ ਪੁੱਤਰ ਦਾ ਮੁੜ ਪੋਸਟ ਮਾਰਟਮ ਕਰਵਾਉਣ ਲਈ ਦਾਖਿਲ ਕੀਤੀ ਪਟੀਸ਼ਨ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਮੁੜ ਸੁਣਵਾਈ ਕਰਨ ਦੀ ਹਦਾਇਤ ਕੀਤੀ ਹੈ।ਇਸ ਪਟੀਸ਼ਨ ਵਿੱਚ ਪੰਜਾਬ ਸਰਕਾਰ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਨਿਆਂ ਅਧਿਕਾਰ ਖੇਤਰ ਦੇ ਹਵਾਲੇ ਨਾਲ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਹਦਾਇਤ ਕੀਤੀ ਕਿ ਉਹ 21 ਜੂਨ ਨੂੰ ਮੁੜ ਉਪਰੋਕਤ ਪਟੀਸ਼ਨ ’ਤੇ ਵਿਚਾਰ ਕਰੇ। ਜਸਟਿਸ ਇੰਦਰਾ ਬੈਨਰਜੀ ਤੇ ਜਸਟਿਸ ਐੱਮ.ਆਰ.ਸ਼ਾਹ ਦੇ ਵੈਕੇਸ਼ਨ ਬੈਂਚ ਨੇ ਪੰਜਾਬ ਸਰਕਾਰ ਨੂੰ ਭੁੱਲਰ ਦੀ ਮ੍ਰਿਤਕ ਦੇਹ ਦੀ ਸੰਭਾਲ ਲਈ ਢੁੱਕਵਾਂ ਪ੍ਰਬੰਧ ਕੀਤੇ ਜਾਣ ਦੀ ਵੀ ਹਦਾਇਤ ਕੀਤੀ ਹੈ।
ਦੱਸ ਦਈਏ ਕਿ ਗੈਂਗਸਟਰ ਜੈਪਾਲ ਭੁੱਲਰ ਪੱਛਮੀ ਬੰਗਾਲ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਕਲਕੱਤੇ ਵਿਚ ਇਕ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ।ਉਸ ਦੀ ਮ੍ਰਿਤਕ ਦੇਹ ਨੂੰ ਫਿਰੋਜ਼ਪੁਰ ਲਿਆਂਦਾ ਗਿਆ ਤੇ ਮ੍ਰਿਤਕ ਦੇਹ ਦਾ ਇਕ ਵਾਰ ਪੋਸਟ ਮਾਰਟਮ ਵੀ ਹੋ ਚੁੱਕਾ ਹੈ।
ਮ੍ਰਿਤਕ ਦੀ ਦੇਹ ਨੂੰ ਦੇਖਣ ਤੋਂ ਬਾਅਦ ਭੁੱਲਰ ਦੇ ਪਿਤਾ ਨੇ ਖ਼ਦਸ਼ਾ ਜਤਾਇਆ ਹੈ ਕਿ ਉਸ ਦੇ ਪੁੱਤਰ ਨੂੰ ਕਥਿਤ ਮੁਕਾਬਲੇ ਤੋਂ ਪਹਿਲਾਂ ਤਸੀਹੇ ਦਿੱਤੇ ਗਏ ਸਨ, ਲਿਹਾਜ਼ਾ ਉਸ ਦੀ ਮ੍ਰਿਤਕ ਦੇਹ ਦਾ ਮੁੜ ਪੋਸਟ ਮਾਰਟਮ ਕਰਵਾਇਆ ਜਾਵੇ।