ਬਿਉਰੋ ਰਿਪੋਰਟ: ਦੀਵਾਲੀ ਮੌਕੇ ਦਿੱਲੀ ਵਿੱਚ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ’ਤੇ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਅਤੇ ਪੁਲਿਸ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਸੂਓ ਮੋਟੋ ਕਾਰਵਾਈ ਕਰਦਿਆਂ ਕਿਹਾ ਕਿ ਸੂਬੇ ਵਿੱਚ ਪਟਾਕਿਆਂ ’ਤੇ ਪਾਬੰਦੀ ਸ਼ਾਇਦ ਹੀ ਲਾਗੂ ਕੀਤੀ ਜਾ ਸਕੇ। ਅਦਾਲਤ ਨੇ ਕਿਹਾ ਕਿ ਕੁਝ ਅਜਿਹਾ ਕਰਨਾ ਹੋਵੇਗਾ ਤਾਂ ਕਿ ਅਗਲੇ ਸਾਲ ਦੀਵਾਲੀ ਮੌਕੇ ਪਟਾਕਿਆਂ ’ਤੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਨਾ ਹੋਵੇ।
ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ, ਜਸਟਿਸ ਅਭੈ ਐਸ ਓਕਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਕਿਹਾ ਕਿ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੈਂਪਸ ਨੂੰ ਸੀਲ ਕਰਨ ਵਰਗੀ ਸਖ਼ਤ ਕਾਰਵਾਈ ਦੀ ਲੋੜ ਹੈ। ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਅਤੇ ਪੁਲਿਸ ਕਮਿਸ਼ਨਰ ਤੋਂ ਪਟਾਕਿਆਂ ’ਤੇ ਪਾਬੰਦੀ ਨੂੰ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ’ਤੇ ਇਕ ਹਫ਼ਤੇ ਅੰਦਰ ਜਵਾਬ ਮੰਗਿਆ ਹੈ। ਅਗਲੀ ਸੁਣਵਾਈ 14 ਨਵੰਬਰ ਨੂੰ ਹੋਵੇਗੀ।
ਪਰਾਲੀ ’ਤੇ ਵੀ ਪੰਜਾਬ-ਹਰਿਆਣਾ ਤੋਂ ਜਵਾਬ ਮੰਗਿਆ
ਸੁਣਵਾਈ ਦੌਰਾਨ ਐਮੀਕਸ ਕਿਊਰੀ ਨੇ ਕਿਹਾ ਕਿ ਦੀਵਾਲੀ ਮੌਕੇ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ। ਦੀਵਾਲੀ ਤੋਂ ਇਕ ਦਿਨ ਪਹਿਲਾਂ 160 ਖੇਤਾਂ ਨੂੰ ਅੱਗ ਲਾਈ ਗਈ ਸੀ, ਜਦੋਂ ਕਿ ਦੀਵਾਲੀ ਵਾਲੇ ਦਿਨ ਇਹ ਗਿਣਤੀ ਵਧ ਕੇ 605 ਹੋ ਗਈ ਸੀ। ਪ੍ਰਦੂਸ਼ਣ ਦੀ ਪ੍ਰਤੀਸ਼ਤਤਾ 10 ਤੋਂ ਵੱਧ ਕੇ 30 ਦੇ ਕਰੀਬ ਹੋ ਗਈ ਸੀ।
ਬੈਂਚ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਅਕਤੂਬਰ ਦੇ ਪਿਛਲੇ 10 ਦਿਨਾਂ ਦੌਰਾਨ ਖੇਤਾਂ ਨੂੰ ਅੱਗ ਲਗਾਉਣ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧੇ ਬਾਰੇ 14 ਨਵੰਬਰ ਤੱਕ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਦਿੱਲੀ ਸਰਕਾਰ ਹਲਫ਼ਨਾਮਾ ਦਾਇਰ ਕਰਦੇ ਹੋਏ ਇਹ ਵੀ ਦੱਸੇਗੀ ਕਿ ਕੀ ਰਾਜ ਦੀ ਹੱਦ ਅੰਦਰ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ।