ਬਿਊਰੋ ਰਿਪੋਰਟ : ਸੁਪਰੀਮ ਕੋਰਟ ਨੇ WFI ਦੇ ਪ੍ਰਧਾਨ ਬ੍ਰਿਜਭੂਸ਼ਣ ਦੇ ਖਿਲਾਫ ਮਹਿਲਾ ਪਹਿਲਵਾਨਾਂ ਦੀ ਪਟੀਸ਼ਨ ‘ਤੇ ਸੁਣਵਾਈ ਬੰਦ ਕਰ ਦਿੱਤੀ ਹੈ । ਅਦਾਲਤ ਨੇ ਕਿਹਾ ਮਹਿਲਾ ਰੈਸਲਰਾਂ ਨੂੰ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਦੀ ਮੰਗ ਬ੍ਰਿਜਭੂਸ਼ਣ ਖਿਲਾਫ FIR ਦਰਜ ਕਰਨ ਦੀ ਸੀ ਉਹ ਵੀ ਪੂਰੀ ਹੋ ਚੁੱਕੀ ਹੈ,ਹੁਣ ਹੋਰ ਕੋਈ ਮਸਲਾ ਹੈ ਤਾਂ ਪਟੀਸ਼ਨਕਰਤਾ ਹਾਈਕੋਰਟ ਜਾਂ ਫਿਰ ਨਿਚਲੀ ਅਦਾਲਤ ਵਿੱਚ ਜਾ ਸਕਦੇ ਹਨ । ਇਸ ‘ਤੇ ਪਹਿਲਵਾਨਾਂ ਨੇ ਕਿਹਾ ਕੋਰਟ ਦਾ ਹੁਕਮ ਮਨਜ਼ੂਰ ਹੈ ।
ਸੁਪਰੀਮ ਕੋਰਟ ਦਾ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਪਹਿਲਵਾਨਾਂ ਅਤੇ ਪੁਲਿਸ ਦੇ ਵਿਚਾਲੇ ਝੜਪ ਹੋਈ ਹੈ। ਜੰਤਰ-ਮੰਤਰ ਤੇ ਬੁੱਧਵਾਰ ਰਾਤ ਨੂੰ ਹੋਈ ਝੜਪ ਤੋਂ ਬਾਅਦ ਪਹਿਲਵਾਨ ਰਾਕੇਸ਼ ਯਾਦਵ ਅਤੇ ਵਿਨੇਸ਼ ਫੋਗਾਟ ਦੇ ਭਰਾ ਦੁਸ਼ਯੰਤ ਨੂੰ ਸੱਟਾਂ ਲੱਗ ਗਈਆਂ ਸਨ । ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਪਹਿਲਵਾਨ ‘ਤੇ ਕਿਸੇ ਤਰ੍ਹਾਂ ਦੀ ਹਿੰਸਕ ਕਾਰਵਾਈ ਨਹੀਂ ਕੀਤੀ ਗਈ ਹੈ । 5 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ,ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਹੈ ਉਹ ਨਸ਼ੇ ਵਿੱਚ ਨਹੀਂ ਹਨ । ਉਧਰ ਪੰਜਾਬ ਦੇ ਕਿਸਾਨ ਜਥੇਬੰਦੀਆਂ ਪਹਿਲਵਾਨਾਂ ਦੀ ਹਮਾਇਤ ਵਿੱਚ ਅੱਗੇ ਆਏ ਹਨ ਅਤੇ ਰੇਲ ਰੋਕਣ ਦਾ ਐਲਾਨ ਕਰ ਦਿੱਤਾ ਹੈ
ਕਿਸਾਨ ਜਥੇਬੰਦੀਆਂ ਨੇ ਕੀਤੀ ਹਮਾਇਤ
ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ ਦਰਸ਼ਨ ਪਾਲ ਨੇ ਰਾਤ ਜੰਤਰ-ਮੰਤਰ ‘ਤੇ ਭਾਰੀ ਸੁਰੱਖਿਆ ਬਲਾਂ ਰਾਹੀਂ ਦਿੱਲੀ ਪੁਲਿਸ ਦੁਆਰਾ ਕੀਤੇ ਗਏ ਲਾਠੀਚਾਰਜ ਦਾ ਸਖ਼ਤ ਨਿਖੇਧੀ ਕੀਤਾ ਹੈ । ਜਿਸ ਵਿੱਚ ਔਰਤਾਂ ਸਮੇਤ ਕੁਝ ਪ੍ਰਦਰਸ਼ਨਕਾਰੀ ਗੰਭੀਰ ਜਖਮੀ ਹੋ ਗਏ ਹਨ। ਪੀੜਤ ਪਹਿਲਵਾਨ ਨੂੰ ਪੁਲਿਸ ਨੇ ਸ਼ਾਂਤਮਈ ਰੋਸ ਦਾ ਜਮਹੂਰੀ ਹੱਕ ਕੁਚਲਣ ਲਈ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਆਲੇ-ਦੁਆਲੇ ਬੈਰੀਕੇਡ ਲਗਾ ਕੇ ਘੇਰਾ ਬੰਦੀ ਕਰ ਦਿੱਤੀ ਹੈ ਧਰਨੇ ਦੁਆਲੇ ਜੇਲ ਬਨਾ ਦਿੱਤੀ ਹੈ ਅਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।
ਰਾਤ ਪੁਲਿਸ ਦੇ ਜਬਰ ਵਿਰੁੱਧ ਪੰਜਾਬ ਤੇ ਹਰਿਆਣਾ ਤੋਂ ਕਿਸਾਨ ਆਗੂਆਂ ਜਥੇ ਲੈਕੇ ਦਿੱਲੀ ਪਹੰਚੇ ਸਨ ਜਿੰਨ੍ਹਾਂ ਨੂੰ ਦਿੱਲੀ ਪੁਲਿਸ ਨੇ ਰਾਸਤੇ ਵਿੱਚ ਗਿਰਫਤਾਰ ਕਰ ਲਿਆ ਹੈ । ਆਗੂਆਂ ਅਨੁਸਾਰ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਜਬਰ ਦੇ ਵਿਰੋਧ ਵਿੱਚ ਜਿੱਥੇ 8 ਮਈ ਨੂੰ ਸੈਂਕੜੇ ਕਿਸਾਨਾਂ ਦੇ ਜੱਥੇ ਆਗੂਆਂ ਦੀ ਅਗਵਾਈ ਹੇਠ ਦਿੱਲੀ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਪੱਖੀ ਹੋਣ ਦਾ ਦਾਅਵਾ ਕਰਨ ਵਾਲੀ ਦਿੱਲੀ ਦੀ ਆਪ ਸਰਕਾਰ ਨਾ ਤਾਂ ਧਰਨਾਕਾਰੀਆਂ ਨੂੰ ਬਿਜਲੀ ਪਾਣੀ ਮੁਹੱਈਆ ਨਹੀ ਕਰਵਾ ਰਹੀ ਹੈ ਅਤੇ ਨਾ ਹੀ ਕੋਈ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ।
ਉਧਰ ਕਿਸਾਨ ਮਜ਼ਦੂਰ ਜਥੇਬੰਦੀ ਦੇ ਵਫਦ ਨੂੰ ਦਿੱਲੀ ਪੁਲਿਸ ਵੱਲੋਂ ਗਿਰਫ਼ਤਾਰ ਕਰਨ ਦੇ ਵਿਰੋਧ ਵਜੋਂ ਕੱਲ ਨੂੰ ਪੰਜਾਬ ਭਰ ਵਿੱਚ ਰੇਲਾਂ ਜਾਮ ਕਰਨ ਦਾ ਐਲਾਨ।_ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ, ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕੁਸ਼ਤੀ ਮਹਾਂਸੰਘ ਦੇ ਮੁਖੀ ਬ੍ਰਿਜਭੁਸ਼ਣ ਸ਼ਰਨ ਸਿੰਘ ਖਿਲਾਫ ਪ੍ਰਦਰਸ਼ਨ ਕਰਨ ਪਹੁੰਚੇ ਕਿਸਾਨ ਆਗੂਆਂ ਨੂੰ ਗਿਰਫ਼ਤਾਰ ਕਰਕੇ ਬਵਾਨਾ ਥਾਣੇ ਲਿਜਾਇਆ ਗਿਆ ਹੈ। ਜਿਸਦੀ ਜਥੇਬੰਦੀ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆ ਕਿਹਾ ਕਿ ਜੰਤਰ ਮੰਤਰ ਵਿਖੇ ਪੁਰਅਮਨ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਨਾ ਅਤੇ ਦੇਸ਼ ਵਾਸੀਆਂ ਵੱਲੋਂ ਉਸਦਾ ਸਮਰਥਨ ਕਰਨਾ ਲੋਕਤੰਤਰੀ ਅਤੇ ਜਮਹੂਰੀ ਹੱਕ ਹੈ,ਜੇਕਰ ਦਿੱਲੀ ਪੁਲਿਸ ਹਰਿਆਣਾ ਅਤੇ ਯੂ ਪੀ ਦੇ ਕਿਸਾਨ ਆਗੂਆਂ ਸਮੇਤ ਜਥੇਬੰਦੀ ਦੇ ਆਗੂਆਂ ਨੂੰ ਰਿਹਾਅ ਨਹੀਂ ਕਰਦੀ ਤਾਂ ਸ਼ੁੱਕਰਵਾਰ ਨੂੰ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।ਜਿਸਦੀ ਜਿੰਮੇਵਾਰ ਕੇਂਦਰ ਸਰਕਾਰ ਹੋਵੇਗੀ।