’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦੇਸ਼ ਭਰ ਦੇ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ। ਪੰਜਾਬੀ ਫ਼ਿਲਮ ਇੰਡਸਟਰੀ ਤੋਂ ਇਲਾਵਾ ਖਿਡਾਰੀਆਂ, ਆੜ੍ਹਤੀਆਂ, ਟਰਾਂਸਪੋਰਟਰਾਂ ਆਦਿ ਦੀ ਵੀ ਕਿਸਾਨਾਂ ਨੂੰ ਹਮਾਇਤ ਮਿਲ ਰਹੀ ਹੈ। ਖ਼ਾਸ ਕਰਕੇ ਪੰਜਾਬ ਦੇ ਲੋਕ ਕਿਸਾਨ ਦੇ ਪੁੱਤ ਕਹੇ ਜਾਣ ਵਾਲੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੋਂ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੀ ਉਮੀਦ ਕਰ ਰਹੇ ਸਨ, ਪਰ ਫਿਲਹਾਲ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਸਹੀ ਕਰਾਰ ਦਿੱਤਾ ਹੈ।
ਲੰਮੇ ਸਮਾਂ ਚੁੱਪ ਰਹਿਣ ਪਿੱਛੋਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਹੁਮ ਇਸ ਪੂਰੇ ਮਾਮਲੇ ‘ਤੇ ਟਵੀਟ ਕੀਤਾ ਹੈ। ਗੁਰਦਾਸਪੁਰ ਤੋਂ ਬੀਜੇਪੀ ਦੇ ਲੋਕ ਸਭਾ ਮੈਂਬਰ ਸੰਨੀ ਦਿਓਲ, ਜੋ ਕਿ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਹੇ ਹਨ, ਨੇ ਹੁਣ ਕਿਸਾਨੀ ਸੰਘਰਸ਼ ’ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।
ਸੰਨੀ ਦਿਓਲ ਨੇ ਟਵੀਟ ਕਰਦਿਆਂ ਲਿਖਿਆ- ‘ਮੈਂ ਪੂਰੀ ਦੁਨੀਆ ਨੂੰ ਬੇਨਤੀ ਕਰਦਾ ਹਾਂ ਕਿ ਇਹ ਕਿਸਾਨਾਂ ਅਤੇ ਸਾਡੀ ਸਰਕਾਰ ਦਾ ਮਾਮਲਾ ਹੈ। ਕੋਈ ਵੀ ਇਸ ਦੇ ਵਿਚਕਾਰ ਨਾ ਆਏ ਕਿਉਂਕਿ ਅਸੀਂ ਆਪਸ ਵਿੱਚ ਗੱਲ ਕਰਕੇ ਇਸਦਾ ਹੱਲ ਲੱਭਾਂਗੇ।
ਸੰਨੀ ਦਿਓਲ ਨੇ ਆਪਣੇ ਟਵੀਟ ਵਿੱਚ ਅੱਗੇ ਲਿਖਿਆ- ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ ਅਤੇ ਉਹ ਇਸ ਵਿੱਚ ਰੁਕਾਵਟਾਂ ਪਾ ਰਹੇ ਹਨ। ਉਹ ਬਿਲਕੁਲ ਵੀ ਕਿਸਾਨਾਂ ਬਾਰੇ ਨਹੀਂ ਸੋਚ ਰਹੇ ਹਨ, ਉਨ੍ਹਾਂ ਦਾ ਸ਼ਾਇਦ ਆਪਣਾ ਕੋਈ ਸਵਾਰਥ ਹੋ ਸਕਦਾ ਹੈ।’
ਸੰਨੀ ਨੇ ਦੀਪ ਸਿੱਧੂ ਬਾਰੇ ਲਿਖਿਆ, ‘ਦੀਪ ਸਿੱਧੂ, ਜੋ ਚੋਣਾਂ ਵੇਲੇ ਮੇਰੇ ਨਾਲ ਸਨ, ਲੰਬੇ ਸਮੇਂ ਤੋਂ ਮੇਰੇ ਨਾਲ ਨਹੀਂ ਰਿਹਾ, ਤੇ ਜੋ ਵੀ ਉਹ ਕਹਿ ਰਿਹਾ ਅਤੇ ਕਰ ਰਿਹਾ ਹੈ, ਉਹ ਆਪਣੀ ਇੱਛਾ ਅਨੁਸਾਰ ਕਰ ਰਿਹਾ ਹੈ। ਮੇਰਾ ਉਸ ਦੀ ਕਿਸੇ ਵੀ ਗਤੀਵਿਧੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਆਪਣੀ ਪਾਰਟੀ ਅਤੇ ਕਿਸਾਨਾਂ ਦੇ ਨਾਲ ਹਾਂ ਅਤੇ ਹਮੇਸ਼ਾਂ ਕਿਸਾਨਾਂ ਦੇ ਨਾਲ ਰਹਾਂਗਾ। ਸਾਡੀ ਸਰਕਾਰ ਨੇ ਹਮੇਸ਼ਾਂ ਹੀ ਕਿਸਾਨਾਂ ਦੇ ਭਲੇ ਬਾਰੇ ਸੋਚਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਸਹੀ ਸਿੱਟੇ ’ਤੇ ਪਹੁੰਚੇਗੀ।
— Sunny Deol (@iamsunnydeol) December 6, 2020