The Khalas Tv Blog Punjab ਕੀਹਦੀ ਸ਼ਹਿ ‘ਤੇ ਕੋਰਟ ਕੰਪਲੈਕਸ ਵਿੱਚ ਧੂੰਆਂ ਛੱਡਦਾ ਰਿਹਾ ਸੈਣੀ
Punjab

ਕੀਹਦੀ ਸ਼ਹਿ ‘ਤੇ ਕੋਰਟ ਕੰਪਲੈਕਸ ਵਿੱਚ ਧੂੰਆਂ ਛੱਡਦਾ ਰਿਹਾ ਸੈਣੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੇਸ਼ੱਕ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਹਾਈਕੋਰਟ ਦੇ ਹੁਕਮਾਂ ਤਹਿਤ ਹੇਠਲੀ ਅਦਾਲਤ ਨੇ ਹਾਲ ਦੀ ਘੜ੍ਹੀ ਘਰ ਭੇਜ ਦਿੱਤਾ ਹੈ, ਪਰ ਕੋਰਟ ਕੰਪਲੈਕਸ ਦੇ ਅੰਦਰ ਸੁਮੇਧ ਸੈਣੀ ਵੱਲੋਂ ਮਿੰਟ-ਮਿੰਟ ਬਾਅਦ ਪੀਤੀਆਂ ਗਈਆਂ ਸਿਗਰਟਾਂ ਹੁਣ ਵਿਵਾਦ ਦਾ ਧੂੰਆਂ ਬਣ ਕੇ ਉਡ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਸੁਮੇਧ ਸੈਣੀ ਨੇ ਸਿਗਰਟਨੋਸ਼ੀ ਉਦੋਂ ਕੀਤੀ ਜਦੋਂ ਇਹ 14 ਘੰਟੇ ਅਦਾਲਤੀ ਕੰਪਲੈਕਸ ਦੇ ਅੰਦਰ ਸੀ ਤੇ ਵਿਜੀਲੈਂਸ ਦੇ ਅਧਿਕਾਰੀਆਂ ਵਿੱਚ ਘਿਰਿਆ ਹੋਇਆ ਸੀ।ਕਾਨੂੰਨ ਦੇ ਦਾਇਰੇ ਵਿੱਚ ਆ ਕੇ ਵੀ ਕਾਨੂੰਨ ਤੋੜਨ ਵਾਲੇ ਸੁਮੇਧ ਸੈਣੀ ਨੂੰ ਰੋਕਣ ਦੀ ਕਿਸੇ ਨੇ ਹਿੰਮਤ ਨਹੀਂ ਕੀਤੀ।ਹਾਲਾਂਕਿ ਇੱਕ ਦਿਨ ਪਹਿਲਾਂ ਹਵਾਲਾਤ ਵਿੱਚ ਜਦੋਂ ਸੈਣੀ ਨੇ ਸਿਗਰਟਾਂ ਵਾਲੀ ਡੱਬੀ ਅੰਦਰ ਲਿਜਾਣ ਦੀ ਮੰਗ ਕੀਤੀ ਸੀ ਤਾਂ ਪੁਲਿਸ ਅਧਿਕਾਰੀਆਂ ਨੇ ਸਾਫ ਇਨਕਾਰ ਕਰ ਦਿੱਤਾ ਸੀ।

ਸਾਡੇ ਭਰੋਸੇਯੋਗ ਸੂਤਰਾਂ ਮੁਤਾਬਕ ਪੰਜਾਬ ਵਿਜੀਲੈਂਸ ਦੀ ਟੀਮ ਸੁਮੇਧ ਸੈਣੀ ਦੇ ਵਕੀਲਾਂ ਅਤੇ ਬਾਹਰ ਮੀਡੀਆ ਦੇ ਨਾਲ ਅਦਾਲਤੀ ਕੰਪਲੈਕਸ ਦੇ ਕਮਰੇ ‘ਚ ਬਹਿ ਕੇ ਫੈਸਲੇ ਦੀ ਉਡੀਕ ਵਿੱਚ 14 ਘੰਟੇ ਬੈਠੀ ਰਹੀ ਹੈ।ਇਸ ਉਡੀਕ ਦੌਰਾਨ ਸੈਣੀ ਆਪਣਾ ਵਧ ਰਿਹਾ ਤਣਾਅ ਘੱਟ ਕਰਨ ਲਈ ਘੜੀ ਮੁੜੀ ਸਿਗਰਟ ਪੀ ਰਿਹਾ ਸੀ ਤੇ ਕਿਸੇ ਵੀ ਅਧਿਕਾਰੀ ਦੀ ਹਿੰਮਤ ਨਹੀਂ ਹੋਈ ਕਿ ਸੈਣੀ ਨੂੰ ਰੋਕਿਆ ਜਾ ਸਕੇ।ਹਾਲਾਂਕਿ ਅਦਾਲਤ ਦਾ ਕੋਰਟ ਕੰਪਲੈਕਸ ਇਕ ਜਨਤਕ ਥਾਂ ਹੈ ਤੇ ਕਾਨੂੰਨ ਦੀ ਇੰਨੀ ਵੱਡੀ ਸੰਸਥਾ ਵਿੱਚ ਸਿਗਰਟਾਂ ਫੂਕਣੀਆਂ ਕਿਸੇ ਵੱਡੇ ਜੁਰਮ ਤੋਂ ਘੱਟ ਨਹੀਂ ਹੈ, ਪਰ ਆਪਣੇ ਜੁਰਮਾਂ ਦੇ ਕਾਰਨ ਕਟਹਿਰੇ ਵਿੱਚ ਖੜ੍ਹਾ ਸੁਮੇਧ ਸੈਣੀ ਬਿਨਾਂ ਕਿਸੇ ਡਰ ਦੀ ਪਰਵਾਹ ਕੀਤਿਆਂ ਆਪਣੇ ਮਨ ਦੀ ਭਲ ਮਿਟਾਉਂਦਾ ਰਿਹਾ।

ਅਜਿਹਾ ਕਰਨ ਉੱਤੇ ਕਾਨੂੰਨ ਵਿੱਚ ਕਿਸ ਤਰ੍ਹਾਂ ਦੀ ਸਜ਼ਾ ਦਾ ਪ੍ਰਬੰਧ ਹੈ, ਇਸ ਬਾਰੇ ਅਸੀਂ ਹਾਈਕੋਰਟ ਦੇ ਵਕੀਲ ਪਰਦੀਪ ਸਿੰਘ ਵਿਰਕ, ਜੋ ਕਿ ਸੁਮੇਧ ਸੈਣੀ ਖਿਲਾਫ ਬਲਵੰਤ ਸਿੰਘ ਮੁਲਤਾਨੀ ਕੇਸ ਸਮੇਤ ਹੋਰ ਕਈ ਕੇਸਾਂ ‘ਚ ਪੀੜਤ ਧਿਰ ਦੇ ਵਕੀਲ ਹਨ, ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਰਟ ਕੰਪਲੈਕਸ ਦੇ ਅੰਦਰ ਸਿਗਰਟਨੋਸ਼ੀ ਜੁਰਮ ਹੈ ਤੇ ਇਸਨੂੰ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਆਰਟੀਆਈ ਰਾਹੀਂ ਚੈਲੇਂਜ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਪੁਲਿਸ ਤੇ ਹੋਰ ਅਧਿਕਾਰੀਆਂ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਯਕੀਨੀ ਬਣਾਉਣ ਕਿ ਕਿਸੇ ਅਪਰਾਧੀ ਕੋਲ ਅਜਿਹਾ ਕੁੱਝ ਨਾ ਹੋਵੇ, ਜਿਸ ਨਾਲ ਕਿਸੇ ਕਾਨੂੰਨ ਦੀ ਉਲੰਘਣਾ ਹੁੰਦੀ ਹੋਵੇ, ਪਰ ਇਕ ਮੁਲਜ਼ਮ ਦੀ ਹੈਸੀਅਤ ਨਾਲ ਕੋਰਟ ਵਿੱਚ ਖੜ੍ਹੇ ਸੁਮੇਧ ਸੈਣੀ ਨੇ ਜੇਕਰ ਇਹ ਕੀਤਾ ਹੈ ਤਾਂ ਇਸਦੀ ਸ਼ਿਕਾਇਤ ਤੇ ਜਾਂਚ ਕਰੂਗਾ ਕੌਣ ਇਹ ਇੱਕ ਸਵਾਲ ਹੈ।

ਕਿਸਨੇ ਪਹੁੰਚਾਈਆਂ ਸੈਣੀ ਕੋਲ ਸਿਗਰਟਾਂ

ਜ਼ਿਕਰਯੋਗ ਹੈ ਕਿ ਪੁਲਿਸ ਕਸਟਡੀ ਦੌਰਾਨ ਪੁਲਿਸ ਇਹ ਪੁਖਤਾ ਕਰਦੀ ਹੈ ਕਿ ਹਿਰਾਸਤ ਵਿੱਚ ਲਏ ਗਏ ਦੋਸ਼ੀ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਨਾ ਹੋਵੇ।ਪੁਲਿਸ ਇਸਦਾ ਰਿਕਾਰਡ ਬਣਾਉਂਦੀ ਹੈ, ਇਕ ਇਕ ਚੀਜ ਲਿਖੀ ਜਾਂਦੀ ਹੈ ਤੇ ਮੁਲਜ਼ਮ ਜਮਾਨਤ ਜਾਂ ਰਿਹਾਅ ਹੋਣ ਤੋਂ ਬਾਅਦ ਕੋਰਟ ਦੇ ਦਖਲ ਨਾਲ ਇਹ ਸਮਾਨ ਪੁਲਿਸ ਮਾਲਖਾਨੇ ਵਿੱਚੋਂ ਲਿਖਤੀ ਰੂਪ ਵਿੱਚ ਵਾਪਿਸ ਲੈ ਸਕਦਾ ਹੈ। ਜਦੋਂ ਸੈਣੀ ਨੂੰ ਪਿਛਲੇ ਦਿਨੀਂ ਰਾਤ ਅੱਠ ਵਜੇ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਵੇਲੇ ਵੀ ਸੈਣੀ ਕੋਲੋਂ ਸਾਰਾ ਸਮਾਨ ਜੇਬ੍ਹਾਂ ਵਿੱਚੋਂ ਬਾਹਕ ਕੱਢਣ ਲਈ ਕਿਹਾ ਗਿਆ ਸੀ। ਹਾਲਾਂਕਿ ਉਸ ਵੇਲੇ ਸਿਰਫ ਇਕ ਸਿਗਰਟ ਦੀ ਡੱਬੀ ਸੀ ਜੋ ਸੈਣੀ ਦੀ ਜੇਬ੍ਹ ਵਿੱਚ ਸੀ। ਸੈਣੀ ਨੇ ਕਸਟਡੀ ਵਿਚ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਇਹ ਉਸਦੇ ਨਾਲ ਅੰਦਰ ਜਾਣ ਦਿੱਤੀ ਜਾਵੇ, ਪਰ ਮੌਕੇ ਦੇ ਪੁਲਿਸ ਅਧਿਕਾਰੀਆਂ ਨੇ ਅਜਿਹਾ ਹੋਣ ਤੋਂ ਸਾਫ ਮਨਾਂ ਕਰ ਦਿੱਤਾ ਸੀ, ਪਰ ਕੋਰਟ ਕੰਪਲੈਕਸ ਵਿਚ ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਵਿਚਾਲੇ ਸੈਣੀ ਕਿਸ ਅਧਿਕਾਰ ਨਾਲ ਇਹ ਸਿਗਰਟਾਂ ਪੀ ਗਿਆ, ਇਹ ਵੱਡੀ ਜਾਂਚ ਦਾ ਵਿਸ਼ਾ ਹੈ।

Exit mobile version