The Khalas Tv Blog Punjab ਕੀ ਆਪ ਵਿਧਾਇਕ ਸ਼ੈਰੀ ਕਲਸੀ ਦੀ ਥਾਂ 12ਵੀਂ ਦਾ ਇਮਤਿਹਾਨ ਦੇ ਰਿਹਾ ਸੀ ਇਹ ਅਧਿਆਪਕ ?
Punjab

ਕੀ ਆਪ ਵਿਧਾਇਕ ਸ਼ੈਰੀ ਕਲਸੀ ਦੀ ਥਾਂ 12ਵੀਂ ਦਾ ਇਮਤਿਹਾਨ ਦੇ ਰਿਹਾ ਸੀ ਇਹ ਅਧਿਆਪਕ ?

Sukhpal khaira shery kalsi proxy exam contro

ਖਹਿਰਾ ਬਨਾਮ ਕਲਸੀ

ਬਿਊਰੋ ਰਿਪੋਰਟ: ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਸ਼ੇਰ ਸਿੰਘ ਉਰਫ ਸ਼ੈਰੀ ਕਲਸੀ ਅਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ 12ਵੀਂ ਦੇ ਇਮਤਿਹਾਨ ਨੂੰ ਲੈਕੇ ਆਹਮੋ-ਸਾਹਮਮੇ ਆ ਗਏ ਹਨ । ਸ਼ੁੱਕਵਾਰ ਨੂੰ ਸੁਖਪਾਲ ਸਿੰਘ ਖਹਿਰਾ ਬਾਬਾ ਬਕਾਲਾ ਸਾਹਿਬ ਦੇ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਪਹੁੰਚੇ ਅਤੇ ਲਾਈਵ ਹੋਕੇ ਦਾਅਵਾ ਕੀਤਾ ਕਿ ਇਸ ਸੈਂਟਰ ਵਿੱਚ ਆਪ ਦੇ ਵਿਧਾਇਕ ਸ਼ੈਰੀ ਕਲਸੀ ਅਤੇ ਉਨ੍ਹਾਂ ਦੀ ਪਤਨੀ ਰਾਜਬੀਰ ਕੌਰ ਦੀ ਥਾਂ 12ਵੀਂ ਦਾ ਪੇਪਰ ਕੋਈ ਹੋਰ ਦੇ ਰਿਹਾ ਹੈ । ਉਨ੍ਹਾਂ ਨੇ ਸੈਂਟਰ ਦੀ ਰੋਲ ਨੰਬਰ ਦੀ ਉਹ ਲਿਸਟ ਵੀ ਜਾਰੀ ਕੀਤੀ ਜਿਸ ਵਿੱਚ ਵਿਧਾਇਕ ਕਲਸੀ ਅਤੇ ਉਨ੍ਹਾਂ ਦੀ ਪਤਨੀ ਦਾ ਨਾਂ ਸੀ । ਖਹਿਰਾ ਨੇ ਚੰਡੀਗੜ੍ਹ ਵਿੱਚ ਸਿਖਿਆ ਵਿਭਾਗ ਨੂੰ ਸ਼ਿਕਾਇਤ ਕੀਤੀ ਅਤੇ ਮੌਕੇ ‘ਤੇ ਫਲਾਇੰਗ ਪਹੁੰਚੀ । ਸੈਂਟਰ ਵਿੱਚ ਸ਼ੈਰੀ ਕਲਸੀ ਦੀ ਪਤਨੀ ਪੇਪਰ ਦੇ ਰਹੀ ਸੀ,ਜਦਕਿ ਸ਼ੈਰੀ ਮਾਨ ਨਹੀਂ ਸਨ। ਫਲਾਇੰਗ ਦੀ ਟੀਮ ਵੀ ਇਹ ਦਾਅਵਾ ਕਰਕੇ ਚੱਲੀ ਗਈ ਸੈਂਟਰ ਵਿੱਚ ਸਭ ਠੀਕ ਹੈ । ਪੇਪਰ ਤੋਂ ਬਾਅਦ ਵਿਧਾਇਕ ਕਲਸੀ ਦੀ ਪਤਨੀ ਰਾਜਬੀਰ ਨੇ ਇਲਜ਼ਾਮ ਲਗਾਇਆ ਕੀ ਉਨ੍ਹਾਂ ਖਿਲਾਫ ਝੂਠਾ ਇਲਜ਼ਾਮ ਲਗਾਇਆ ਗਇਆ ਹੈ ਅਤੇ ਪੇਪਰ ਦੌਰਾਨ ਪਰੇਸ਼ਾਨ ਕੀਤਾ ਗਿਆ । ਇਸ ਤੋਂ ਬਾਅਦ ਖਹਿਰਾ ਦੇ ਇਲਜ਼ਾਮਾਂ ਦਾ ਜਵਾਬ ਦੇਣ ਲਈ ਵਿਧਾਇਕ ਸ਼ੈਰੀ ਕਲਸੀ ਲਾਈਵ ਹੋਏ ਅਤੇ ਦਾਅਵਾ ਕੀਤਾ ਕਿ ਉਹ ਬਾਰਵੀਂ ਪਾਸ ਹਨ ਖਹਿਰਾ ਬੇਵਜ੍ਹਾ ਝੂਠੇ ਇਲਜ਼ਾਮ ਲਾ ਰਹੇ ਸਨ । ਉਨ੍ਹਾਂ ਨੇ ਦਾਅਵਾ ਕੀਤਾ ਕਿ ਹੋ ਸਕਦਾ ਕਿ ਉਨ੍ਹਾਂ ਦੀ ਪਤਨੀ ਨੇ ਜਦੋਂ 12ਵੀਂ ਦੇ ਪੇਪਰ ਲਈ ਫਾਰਮ ਭਰਿਆ ਹੋਵੇ ਤਾਂ ਗਲਤੀ ਨਾਲ ਉਨ੍ਹਾਂ ਦਾ ਨਾਂ ਭਰਿਆ ਗਿਆ ਹੋਵੇ । ਕਲਸੀ ਦੇ ਇਸ ਦਾਅਵੇ ‘ਤੇ ਖਹਿਰਾ ਨੇ ਮੁੜ ਸਵਾਲ ਚੁੱਕੇ ।

ਸੁਖਪਾਲ ਖਹਿਰਾ ਦੇ ਕਲਸੀ ਦੇ ਦਾਅਵੇ ‘ਤੇ ਸਵਾਲ

ਸੁਖਬਾਰ ਸਿੰਘ ਖਹਿਰਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕਲਸੀ ਨੇ ਬਿਆਨ ਦੇ ਕੇ ਆਪਣੇ 2 ਝੂਠ ਕਬੂਲ ਕਰ ਲਏ ਹਨ । ਪਹਿਲਾ ਕਲਸੀ ਨੇ ਕਿਹਾ ਕਿ ਉਹ 12ਵੀਂ ਪਾਸ ਹਨ ਜਦਕਿ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫਨਾਮੇ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ 10ਵੀਂ ਪਾਸ ਹਨ। ਦੂਜੇ ਉਹ ਦਾਅਵਾ ਕਰ ਰਹੇ ਹਨ ਕਿ ਗਲਤੀ ਨਾਲ ਲਿਸਟ ਵਿੱਚ ਉਨ੍ਹਾਂ ਦਾ ਨਾਂ ਆ ਗਿਆ ਹੋਵੇਗਾ ਜਦਕਿ ਖਹਿਰਾ ਨੇ ਕਲਸੀ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਰੋਲ ਨੰਬਰ 2023701797 ਦੀ ਕਾਪੀ ਪੇਸ਼ ਕੀਤੀ ਅਤੇ ਦਾਅਵਾ ਕੀਤਾ ਕਿ ਰੋਲ ਨੰਬਰ ਦੇ ਹੇਠਾਂ ਸ਼ੈਰੀ ਕਲਸੀ ਦੇ ਹਸਤਾਖਰ ਹਨ । ਖਹਿਰਾ ਨੇ ਪੁੱਛਿਆ ਕੀ ਹੁਣ ਇਸ ‘ਤੇ ਸ਼ੈਰੀ ਕਲਸੀ ਕੀ ਕਹਿਣਗੇ ? ਉਨ੍ਹਾਂ ਨੇ ਕਿਹਾ ਸਾਰੀ ਧੋਖੇਬਾਜ਼ੀ ਸਿੱਖਿਆ ਮੰਤਰੀ ਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦੀ ਹੈ । ਖਹਿਰਾ ਨੇ ਚੋਣ ਕਮਿਸ਼ਨ ਨੂੰ ਕਲਸੀ ਵੱਲੋਂ ਦਿੱਤੇ ਗਏ ਹਲਫਨਾਮੇ ਦੇ ਜ਼ਰੀਏ ਇੱਕ ਹੋਰ ਝੂਠ ਬੇਨਕਾਬ ਕਰਨ ਦਾ ਦਾਅਵਾ ਕੀਤਾ ।

 

ਫਿਜ਼ੀਓਥੈਰੇਪਿਸਟ ਡਿਗਰੀ ਵਿਖਾਉਣ ਕਲਸੀ

ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ‘ਕਿ ਚੋਣ ਕਮਿਸ਼ਨ ਦੇ ਹਲਫਨਾਮੇ ਵਿੱਚ ਸ਼ੈਰੀ ਕਲਸੀ ਨੇ ਆਪਣੇ ਆਪ ਨੂੰ ਫਿਜ਼ੀਓਥੈਰੇਪਿਸਟ ਦੱਸਿਆ ਹੈ,ਖਹਿਰਾ ਨੇ ਕਿਹਾ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਆਪਣੀ ਫਿਜ਼ੀਓਥੈਰੇਪਿਸਟ ਦੀ ਡਿਗਰੀ ਜਨਤਕ ਕਰਨ । 10ਵੀਂ ਤੋਂ ਬਾਅਦ ਕਿਵੇਂ ਉਨ੍ਹਾਂ ਨੇ ਫਿਜ਼ੀਓਥੈਰੇਪਿਸਟ ਦੀ ਡਿਗਰੀ ਹਾਸਲ ਕੀਤੀ ? ਹਾਂ ਇਹ ਹੋ ਸਕਦਾ ਹੈ ਕਿ ਉਹ ਮਸਾਜ ਥੈਰੇਪੀ ਦਿੰਦੇ ਹੋਣ ਨਾਕੀ ਫਿਜ਼ੀਓਥੈਰੇਪਿਸਟ। ਖਹਿਰਾ ਨੇ ਕਿਹਾ ਕੇਜਰੀਵਾਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਲੋਕਾਂ ਨੂੰ ਪਰਮੋਟ ਕਰਨ ਲਈ’ । ਇੰਨਾਂ ਸਾਰਿਆਂ ਦਾਅਵਿਆਂ ਤੋਂ ਬਾਅਦ ਸੁਖਪਾਰ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਟਵੀਟ ਕਰਦੇ ਹੋਏ ਉਸ ਸ਼ਖਸ ਦੀ ਫੋਟੋ ਵੀ ਜਨਤਕ ਕੀਤੀ ਜੋ ਸ਼ੈਰੀ ਕਲਸੀ ਦੀ ਥਾਂ ‘ਤੇ ਪੇਪਰ ਦੇ ਰਿਹਾ ਸੀ ।

‘ਹਰਪ੍ਰੀਤ ਸਿੰਘ ਮਾਨ ਨੇ ਸ਼ੈਰੀ ਕਲਸੀ ਦੀ ਥਾਂ ਪੇਪਰ ਦਿੱਤਾ’

ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਇੱਕ ਹੋਰ ਟਵੀਟ ਕਰਕੇ ਦਾਅਵਾ ਕੀਤਾ ‘ਸਰਕਲ ਵਿੱਚ ਨਜ਼ਰ ਆ ਰਿਹਾ ਹਰਪ੍ਰੀਤ ਮਾਨ ਜੈਤੋ ਸਰਜਾ ਸਕੂਲ ਬਟਾਲਾ ਵਿੱਚ ਅਧਿਆਪਕ ਹੈ । ਉਹ ਹੀ ਸ਼ੈਰੀ ਕਲਸੀ ਦੀ ਥਾਂ ‘ਤੇ SMG ਬਾਬਾ ਬਕਾਲਾ ਇਮਤਿਹਾਨ ਸੈਂਟਰ ‘ਤੇ ਪੇਪਰ ਦੇ ਰਿਹਾ ਸੀ । ਖਹਿਰਾ ਨੇ ਕਿਹਾ ਮਕਸਦ ਸੀ ਸਾਰੇ ਪੰਜਾਂ ਇਮਤਿਹਾਨਾਂ ਤੋਂ ਬਾਅਦ ਉੱਤਰ ਪੱਤਰ ‘ਤੇ ਸ਼ੈਰੀ ਕਲਸੀ ਦੇ ਹਸਤਾਖਰ ਲੈ ਲਏ ਜਾਣਗੇ। ਸੁਖਪਾਲ ਖਹਿਰਾ ਨੇ ਅਧਿਆਪਕ ਹਰਪ੍ਰੀਤ ਮਾਨ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਵੀ ਫੋਟੋ ਨਸ਼ਰ ਕੀਤਾ ਅਤੇ ਪੁੱਛਿਆ ਕੀ ਇਹ ਹੀ ਹੈ ਤੁਹਾਡਾ ਦਿੱਲੀ ਦਾ ਸਿੱਖਿਆ ਮਾਡਲ। ਇਹ ਸਾਰੇ ਦਾਅਵੇ ਦਸਤਾਵੇਜ਼ ਦੇ ਜ਼ਰੀਏ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੇ ਗਏ ਹਨ । ‘ਦ ਖਾਲਸ ਟੀਵੀ ਇਸ ਦੀ ਤਸਦੀਕ ਨਹੀਂ ਕਰਦਾ ਹੈ । ਸਾਡਾ ਮਕਸਦ ਦੋਵਾਂ ਪੱਖਾ ਦੇ ਬਿਆਨਾਂ ਦੇ ਅਧਾਰ ‘ਤੇ ਤੁਹਾਡੇ ਸਾਹਮਣੇ ਖਬਰ ਨੂੰ ਪੇਸ਼ ਕਰਨਾ ਹੈ। ਫੈਸਲਾ ਜਨਤਾ ਨੇ ਆਪ ਕਰਨਾ ਹੈ ।

Exit mobile version