ਚੰਡੀਗੜ੍ਹ (ਰਾਹੁਲ ਕਾਲਾ): ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੋਕਾ ਸਭਾ ਦੀ ਚੋਣ ਸੰਗਰੂਰ ਤੋਂ ਲੜੀ ਸੀ ਅਤੇ ਉਹ ਆਪਣੀ ਚੋਣ ਹਾਰ ਗਏ ਸਨ। ਇਸ ਸਬੰਧੀ ਅੱਜ ਸੁਖਪਾਲ ਸਿੰਘ ਖਹਿਰਾ ਨੇ ਪਹਿਲੀ ਵਾਰ ਸੰਗਰੂਰ ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਬਾਰੇ ਖੁੱਲ੍ਹ ਕੇ ਅੰਦਰਲੀ ਕਹਾਣੀ ਜ਼ਾਹਿਰ ਕੀਤੀ ਹੈ।
’ਦ ਖ਼ਾਲਸ ਟੀਵੀ ਨਾਲ ਖਾਸ ਗੱਲਬਾਤ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਬਾਕੀ ਸੀਟਾਂ ’ਤੇ 4 ਕੋਣਾ ਮੁਕਾਬਲਾ ਸੀ ਪਰ ਮੇਰੀ ਵਾਲੀ ਸੰਗਰੂਰ ਸੀਟ ’ਤੇ 5 ਕੋਣਾ ਮੁਕਾਬਲਾ ਸੀ। ਜਿਸ ਕਰਕੇ ਇੱਥੇ ਕਾਂਗਰਸ ਦੀ ਹਾਰ ਹੋਈ ਹੈ। ਖਹਿਰਾ ਨੇ ਆਪਣੀ ਹਾਰ ਦਾ ਕਾਰਨ ਆਮ ਆਦਮੀ ਪਾਰਟੀ ਨੂੰ ਨਹੀਂ, ਸਗੋਂ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ ਦੱਸਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਅਤੇ ਕਾਂਗਰਸ ਨੇ 2-2 ਲੱਖ ਦੇ ਕਰੀਬ ਵੋਟ ਹਾਸਲ ਕਰ ਲਈਆਂ ਸਨ। ਖਹਿਰਾ ਨੇ ਕਿਹਾ ਕਿ ਮੈਨੂੰ ਪਾਰਟੀ ਨੇ ਇਸ ਲਈ ਟਿਕਟ ਦਿੱਤੀ ਸੀ ਕਿ ਮੈਂ ਸਿੱਖ ਪੰਥ ਦੇ ਮੁੱਦੇ, ਘੱਟ ਗਿਣਤੀਆਂ ’ਤੇ ਹੋ ਰਹੇ ਤਸ਼ੱਦਦ, UAPA ਦੇ ਮੁੱਦੇ ਚੁੱਕਦਾ ਰਿਹਾ ਹਾਂ, ਇਸ ਲਈ ਪਾਰਟੀ ਨੂੰ ਲੱਗਿਆ ਕਿ ਜੇਕਰ ਸੁਖਪਾਲ ਖਹਿਰਾ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਪੰਥਕ ਵੋਟ ਕਾਂਗਰਸ ਨੂੰ ਆਵੇਗੀ।
ਸੁਖਪਾਲ ਖਹਿਰਾ ਨੇ ਕਿਹਾ ਕਿ ਪਰ ਸੰਗਰੂਰ ’ਚ ਇਹ ਸਭ ਉਲਟ ਹੋ ਗਿਆ। ਇੱਥੇ ਵੋਟਰ ਮੇਰੇ ਅਤੇ ਸਿਮਰਨਜੀਤ ਸਿੰਘ ਮਾਨ ਵਿਚਾਲੇ ਵੰਡੇ ਗਏ ਸਨ। ਜਿਸ ਕਰਕੇ ਨਾਂ ਤਾਂ ਮੈਨੂੰ ਪੂਰੇ ਵੋਟ ਮਿਲੇ ਤੇ ਨਾ ਹੀ ਮਾਨ ਨੂੰ ਮਿਲੇ। ਖਹਿਰਾ ਨੇ ਇੱਥੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇ ਪੰਥਕ ਵੋਟ ਸਾਡੇ ਦੋਵਾਂ ’ਚੋਂ ਕਿਸੇ ਇੱਕ ਵੱਲ ਭੁਗਤ ਜਾਂਦੇ ਤਾਂ ਆਮ ਆਦਮੀ ਪਾਰਟੀ ਇੱਥੇ ਹਾਰ ਜਾਣੀ ਸੀ।
ਸੁਖਪਾਲ ਖਹਿਰਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਪਹਿਲੀ ਵਾਰ ਹੋਇਆ ਕਿ ਪੰਥਕ ਵੋਟ ਕਾਂਗਰਸ ਨੂੰ ਬਾਕੀ ਥਾਵਾਂ ’ਤੇ ਪਈ ਹੈ। ਕਿਉਂਕਿ ਸਿੱਖ ਵੋਟਰ ਅਕਾਲੀ ਦਲ ਤੋਂ ਨਾਰਾਜ਼ ਹੈ। ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਲੋਕਾਂ ਨੂੰ ਪਸੰਦ ਨਹੀਂ ਆਈ ਇਸ ਲਈ ਪਹਿਲੀ ਵਾਰ ਹੋਇਆ ਕਿ ਕਾਂਗਰਸ ਪੰਥਕ ਵੋਟ ਹਾਸਲ ਕਰ ਗਈ।
ਵੇਖੋ ਪੂਰੀ ਵੀਡੀਓ –