‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਦਰਮਿਆਨ ਤਿੱਖੀ ਨੋਕਝੋਕ ਚੱਲ ਰਹੀ ਹੈ। ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੀ ਲਾਈਵ ਕਵਰੇਜ ਨੂੰ ਲੈ ਕੇ ਆਮ ਆਦਮੀ ਪਾਰਟੀ ‘ਤੇ ਦੋਸ਼ ਲਾਏ ਹਨ। ਖਹਿਰਾ ਨੇ ਕਿਹਾ ਕਿ ਅੱਜ ਮੈਂ ਇਹ ਖੁਲਾਸਾ ਕਰਨਾ ਚਾਹੁੰਦਾ ਹਾਂ ਕਿ ਵਿਧਾਨ ਸਭਾ ਦੀ ਲਾਈਵ ਕਵਰੇਜ ਸੰਪਾਦਿਤ ਅਤੇ ਪੱਖਪਾਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਹੁਤ ਨੇੜੇ ਤੋਂ ਜ਼ੂਮ ਕਰਕੇ ਦਿਖਾਇਆ ਜਾਂਦਾ ਹੈ ਜਦੋਂ ਕਿ ਵਿਰੋਧੀ ਧਿਰ ਦੇ ਲੀਡਰ ਵਿਧਾਨ ਸਭਾ ਵਿੱਚ ਬੋਲਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਦੂਰ ਤੋਂ ਦਿਖਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲਾਈਵ ਕਵਰੇਜ 15 ਮਿੰਟ ਦੀ ਐਡੀਟਿੰਗ ਉੱਤੇ ਹੈ।
ਖਹਿਰਾ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਮਿਆਦ ਬਾਰੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਵਿੱਚ ਸੀ, ਉਦੋਂ ਉਸਦਾ ਸਭ ਤੋਂ ਜ਼ਿਆਦਾ ਰੌਲਾ ਸੈਸ਼ਨ ਛੋਟੇ ਹੋਣ ਦੇ ਖ਼ਿਲਾਫ਼ ਹੁੰਦਾ ਸੀ ਅਤੇ ਸੈਸ਼ਨ ਦੀ ਮਿਆਦ ਜ਼ਿਆਦਾ ਕਰਨ ਦੀ ਮੰਗ ਕਰਦੇ ਸਨ ਅਤੇ ਸੈਸ਼ਨ ਦੀ ਪਾਰਲੀਮੈਂਟ ਦੀ ਤਰਜ਼ ਉੱਤੇ ਕਵਰੇਜ ਲਾਈਵ ਕਰਨ ਦੀ ਮੰਗ ਕਰਦੀ ਸੀ। ਪਰ ਹੁਣ ਆਪਣੀ ਸਰਕਾਰ ਆਉਣ ਉੱਤੇ ਇਨ੍ਹਾਂ ਨੇ ਸਿਰਫ਼ ਛੇ ਦਿਨ ਦਾ ਬਜਟ ਇਜਲਾਸ ਰੱਖਿਆ ਹੈ। ਪੂਰੇ 10 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਸੀ ਪਰ ਇਨ੍ਹਾਂ ਨੇ ਸਿਰਫ਼ ਇੱਕ ਹਫ਼ਤੇ ਦਾ ਹੀ ਸੈਸ਼ਨ ਰੱਖਿਆ ਹੈ। ਸਿਰਫ਼ ਇੱਕ ਜਾਂ ਦੋ ਦਿਨ ਡਬਲ ਸਿਟਿੰਗਜ਼ ਹੋਈਆਂ ਹਨ।
ਖਹਿਰਾ ਨੇ ਕਿਹਾ ਕਿ ਮੈਂ ਐਸਵਾਈਐੱਲ, ਕਿਸਾਨ ਮੋਰਚੇ ਸਮੇਂ ਬਣੇ ਟਵਿੱਟਰ ਅਕਾਊਂਟਾਂ ਨੂੰ ਬੰਦ ਕਰਨ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਨੇ ਖੇਤੀਬਾੜੀ ਸੈਕਟਰ ਬਾਰੇ ਬੋਲਦਿਆਂ ਕਿਹਾ ਕਿ ਮੂੰਗ ਦੀ ਦਾਲ ਦੀ ਐੱਮਐੱਸਪੀ ਵਾਸਤੇ ਸਿਰਫ਼ 66 ਕਰੋੜ ਰੁਪਏ ਰੱਖੇ ਗਏ ਹਨ। ਜੇ 7275 ਰੁਪਏ ਕੁਇੰਟਲ ਰੇਟ ਹੈ ਤਾਂ 66 ਕਰੋੜ ਰੁਪਏ ਨੂੰ ਖਰਚ ਕਰਨਾ ਹੋਵੇ ਤਾਂ ਸਿਰਫ਼ 18 ਹਜ਼ਾਰ ਏਕੜ ਮੂੰਗ ਬੀਜੀ ਜਾ ਸਕਦੀ ਹੈ। ਇਹ ਇੱਕ ਮਜ਼ਾਕ ਬਣ ਕੇ ਰਹਿ ਗਿਆ ਹੈ।
ਖਹਿਰਾ ਨੇ ਕਿਹਾ ਕਿ ਲਗਭਗ 780 ਕਰੋੜ ਰੁਪਏ ਰਾਜਸਥਾਨ ਫੀਡਰ ਕਨਾਲ ਦੀ ਰਿਪੇਅਰ ਕਰਨ ਵਾਸਤੇ ਰੱਖਿਆ ਗਿਆ ਹੈ। ਇਸ ਨਾਲ ਜ਼ਿਆਦਾ ਪਾਣੀ ਰਾਜਸਥਾਨ ਨੂੰ ਜਾਵੇਗਾ। ਪੰਜਾਬ ਦਾ ਸਾਰਾ ਪਾਣੀ ਮੁੱਕਦਾ ਜਾ ਰਿਹਾ ਹੈ। ਖਹਿਰਾ ਨੇ ਸਿਮਰਨਜੀਤ ਸਿੰਘ ਮਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਲੋਕਾਂ ਨੇ ਪੰਜਾਬ ਦੇ ਤਾਜ ਨੂੰ ਪਛਾਣ ਕੇ ਝਾੜੂ ਨੂੰ ਤਿੰਨ ਮਹੀਨਿਆਂ ਵਿੱਚ ਹੀ ਪਰ੍ਹਾ ਮਾਰਿਆ ਹੈ।
ਖਹਿਰਾ ਨੇ ਤੰਜ ਕੱਸਦਿਆਂ ਕਿਹਾ ਕਿ ਪੇਪਰਲੈੱਸ ਬਜਟ ਪਾਸ ਕਰਕੇ 21 ਲੱਖ ਰੁਪਏ ਤਾਂ ਬਚਾ ਲਏ ਪਰ ਅਗਲੇ ਦਿਨ ਅਖ਼ਬਾਰਾਂ ਵਿੱਚ ਪੂਰੇ ਪੂਰੇ ਸਫੇ ਦੇ ਵੱਡੇ ਇਸ਼ਤਿਹਾਰ ਦੇ ਕੇ 42 ਲੱਖ 70 ਹਜ਼ਾਰ ਰੁਪਏ ਖਰਚ ਕਰ ਦਿੱਤੇ ਹਨ। ਆਰਟੀਆਈ ਜਾਣਕਾਰੀ ਸਾਂਝਾ ਕਰਦਿਆਂ ਖਹਿਰਾ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ 50 ਕਰੋੜ ਰੁਪਏ ਬਾਹਰਲੇ ਸੂਬਿਆਂ ਵਿੱਚ ਪਬਲੀਸਿਟੀ ਉੱਤੇ ਖਰਚ ਕੀਤਾ ਹੈ। ਖਹਿਰਾ ਨੇ ਕਿਹਾ ਕਿ ਪੈਸਾ ਪੰਜਾਬ ਦਾ ਤੇ ਮਸ਼ਹੂਰੀ ਕੇਜਰੀਵਾਲ ਦੀ ਹੋ ਰਹੀ ਹੈ।