‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਹਾਈਕੋਰਟ ਦੇ ਫੈਸਲੇ ਤੋਂ ਨਿਰਾਸ਼ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਨੇ ਅੱਜ ਮੁਹਾਲੀ ਦੇ ਗੁਰੂਦੁਆਰਾ ਸ਼੍ਰੀ ਅੰਬ ਸਾਹਿਬ ਵਿੱਖੇ ਵੱਖ-ਵੱਖ ਇੱਕ ਪ੍ਰੈੱਸ ਕਾਨਫਰੰਸ ਵਿੱਚ ਵੱਡੇ ਐਲਾਨ ਕੀਤੇ ਹਨ। ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਹਾਈਕੋਰਟ ਦਾ ਇਹ ਫੈਸਲਾ ਸਿੱਖ ਕੌਮ ਦੀਆਂ ਉਮੀਦਾਂ ਦੇ ਬਿਲਕੁਲ ਉਲਟ ਆਇਆ ਹੈ। ਕਲੀਨ ਚਿਟ ਵੀ ਉਨ੍ਹਾਂ ਨੂੰ ਮਿਲੀ ਹੈ ਜਿਨ੍ਹਾਂ ਨੇ ਮੰਗੀ ਹੀ ਨਹੀਂ। 9 ਚਾਲਾਨ ਪੇਸ਼ ਹੋ ਚੁੱਕੇ ਸਨ ਪਰ ਹਾਈਕੋਰਟ ਦੇ ਫੈਸਲੇ ਨਾਲ ਇਨਸਾਨੀਅਤ ਵਲੂੰਧਰੀ ਗਈ।
ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਪੁਲਿਸ ਨੇ ਤਸ਼ੱਦਦ ਕੀਤਾ, ਦੋ ਲੋਕਾਂ ਦੀ ਜਾਨ ਗਈ ਪਰ 6 ਸਾਲ ਦੀ ਲੰਬੀ ਲੜਾਈ ਬਾਅਦ ਵੀ ਇਹ ਸਾਬਿਤ ਨਹੀਂ ਹੋ ਸਕਿਆ ਕਿ ਅਸਲ ਦੋਸ਼ੀ ਕੌਣ ਹੈ। ਹਾਈਕੋਰਟ ਦੇ ਫੈਸਲੇ ਨਾਲ ਦੁਨੀਆਂ ਭਰ ਦੇ ਲੋਕਾਂ ਨੂੰ ਤਕਲੀਫ ਹੋਈ ਹੈ। ਖਹਿਰਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕੈਪਟਨ ਸਰਕਾਰ ਕਿਹੜੀ ਸਿਟ ਬਣਾਉਣਗੇ ਅਤੇ ਅੱਗੇ ਕੀ ਹੋਣਾ ਹੈ। ਅਸੀਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਕਮਜੋਰ ਨਹੀਂ ਕਰ ਰਹੇ। ਅਸੀਂ ਚਾਹੁੰਦੇ ਹਾਂ ਕਿ ਦੋਸ਼ੀ ਸਾਰਿਆਂ ਦੇ ਸਾਹਮਣੇ ਹੋਣ।
ਅਸੀਂ ਕਿਸਾਨਾਂ ਦੇ ਬਰਾਬਰ ਕੋਈ ਅੰਦੋਲਨ ਨਹੀਂ ਖੜ੍ਹਾ ਕਰ ਰਹੇ
ਕੋਰਟ ਨੂੰ ਚਾਹੀਦਾ ਸੀ ਕਿ ਸਾਨੂੰ ਦੱਸਿਆ ਜਾਂਦਾ ਕਿ ਦੋਸ਼ੀ ਕੌਣ ਹਨ। ਉਨ੍ਹਾਂ ਅਪੀਲ ਕੀਤੀ ਕਿ ਧਾਰਮਿਕ ਜਥੇਬੰਦੀਆਂ ਦੇ ਸੱਦੇ ‘ਤੇ 30 ਅਪ੍ਰੈਲ ਨੂੰ ਮਿਲ ਕੇ ਹਾਈਕੋਰਟ ਦੇ ਫੈਸਲੇ ਦੀ ਕਾਪੀ ਸਾੜੀ ਜਾਵੇ ਤੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਜਾਵੇ ਤਾਂ ਜੋ ਕਾਨੂੰਨ ਤੱਕ ਇਹ ਗੱਲ ਪਹੁੰਚੇ ਕਿ ਫੈਸਲਾ ਮਨਜੂਰ ਨਹੀਂ ਹੈ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਹੈ ਕਿ ਸਾਡਾ ਸਮਰਥਨ ਕੀਤਾ ਜਾਵੇ। ਇਸ ਦੀ ਸਾਰੀ ਅਗੁਵਾਈ ਧਾਰਮਿਕ ਲੀਡਰਸ਼ਿਪ ਕਰੇਗੀ। ਉਨ੍ਹਾਂ ਕਿਹਾ ਕਿ ਬੈਂਸ ਭਰਾ, ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਆਏ ਹਨ, ਜਿਨ੍ਹਾਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਕਿਸਾਨਾਂ ਦੇ ਬਰਾਬਰ ਕੋਈ ਰੋਸ ਮਾਰਚ ਨਹੀਂ ਖੜ੍ਹਾ ਕਰ ਰਹੇ ਹਾਂ ਤੇ ਕੋਰੋਨਾ ਮਹਾਂਮਾਰੀ ਦੇ ਦਿਸ਼ਾ ਨਿਰਦੇਸ਼ਾਂ ਦਾ ਵੀ ਪੂਰਾ ਖਿਆਲ ਰੱਖ ਰਹੇ ਹਾਂ।