‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਨੇ ਕਿਸਾਨਾਂ ਦੀ ਤਰਜ਼ ਉੱਤੇ ਕੇਂਦਰ ਸਰਕਾਰ ਦੀ ਐੱਮਐੱਸਪੀ ਕਮੇਟੀ ਨੂੰ ਰੱਦ ਕਰ ਦਿੱਤਾ ਹੈ। ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਸਰਕਾਰ ਵੱਲ਼ੋਂ ਬਣਾਈ ਗਈ ਐੱਮਐੱਸਪੀ ਕਮੇਟੀ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਕਮੇਟੀ ਵਿੱਚ ਆਪਣੇ ਚਹੇਤੇ ਕਿਸਾਨਾਂ ਨੂੰ ਮੈਂਬਰ ਬਣਾਇਆ ਹੈ। ਉਨ੍ਹਾਂ ਨੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਉੱਤੇ ਭਰੋਸਾ ਦੇਣ ਤੋਂ ਮੁਕਰਣ ਦਾ ਦੋਸ਼ ਵੀ ਲਾਇਆ ਹੈ।
ਖੇਤੀ ਖੇਤਰ ‘ਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ
ਖਹਿਰਾ ਨੇ ਕਿਹਾ ਕਿ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਕਾਰਪੋਰੇਟ ਘਰਾਣਿਆਂ ਦਾ 12 ਲੱਖ ਕਰੋੜ ਰੁਪਏ ਮੁਆਫ਼ ਕੀਤਾ ਹੈ। ਖੇਤੀ ਖੇਤਰ ਵਿੱਚ ਕਈ ਅਸਾਮੀਆਂ ਖਾਲੀ ਪਈਆਂ ਹਨ। ਪੰਜਾਬ ਸਰਕਾਰ ਨੂੰ ਸਾਰੇ ਕੰਮ ਛੱਡ ਕੇ ਖਾਲੀ ਪੋਸਟਾਂ ਭਰਨੀਆਂ ਚਾਹੀਦੀਆਂ ਹਨ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਸੁਪੋਰਟ ਕਰਨੀ ਚਾਹੀਦੀ ਹੈ ਤਾਂ ਜੋ ਉਹ ਨਵੀਆਂ ਰਿਸਰਚ ਕਰਕੇ ਨਵੀਆਂ ਚੀਜ਼ਾਂ ਲਿਆ ਸਕੇ।
ਬੀਜ ਪਾਲਿਸੀ ਬਣਾਉਣ ਦੀ ਅਪੀਲ
ਪੰਜਾਬ ਸਰਕਾਰ ਦੀ ਕੋਈ ਵੀ ਬੀਜ ਪਾਲਿਸੀ ਨਹੀਂ ਹੈ। ਖਹਿਰਾ ਨੇ ਪੰਜਾਬ ਸਰਕਾਰ ਨੂੰ ਸੀਡ ਪਾਲਿਸੀ ਬਣਾਉਣ ਦੀ ਅਪੀਲ ਕੀਤੀ ਹੈ। ਕਿਸਾਨਾਂ ਕੋਲ ਬੀਜ ਹੀ ਸਹੀ ਨਹੀਂ ਹੈ, ਮਾਰਕਿਟ ਵਿੱਚ ਬਹੁਤ ਜਾਅਲੀ ਬੀਜ ਵਿਕ ਰਿਹਾ ਹੈ।
ਮੁਹੱਲਾ ਕਲੀਨਿਕਾਂ ਨੇ ਸੇਵਾ ਕੇਂਦਰਾਂ ‘ਤੇ ਫੇਰਿਆ ਪੋਚਾ
ਖਹਿਰਾ ਨੇ ਮੁਹੱਲਾ ਕਲੀਨਿਕਾਂ ਉੱਤੇ ਤੰਜ ਕੱਸਦਿਆਂ ਕਿਹਾ ਕਿ ਸੇਵਾ ਕੇਂਦਰਾਂ ਦੀਆਂ ਬਿਲਡਿੰਗਾਂ ਉੱਤੇ ਪੋਚਾ ਮਾਰ ਕੇ ਸਾਰੇ ਦੇਸ਼ ਵਿੱਚ ਮੁਹੱਲਾ ਕਲੀਨਿਕਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਬਾਹਰਲੇ ਸੂਬਿਆਂ ਵਿੱਚ ਹਿੰਦੀ ਵਿੱਚ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਪੰਜਾਬ ਦੀ ਰਾਜਨੀਤੀ ‘ਚ ਬਾਦਲ ਪਰਿਵਾਰ ਹੈ ਅੜਿੱਕਾ
ਲੋਕਾਂ ਨੇ ਅਕਾਲੀ ਦਲ ਨੂੰ ਰੱਦ ਨਹੀਂ ਕੀਤਾ ਬਲਕਿ ਬਾਦਲ ਪਰਿਵਾਰ ਨੂੰ ਰੱਦ ਕੀਤਾ ਹੈ। ਬਾਦਲ ਪਰਿਵਾਰ ਨੇ ਬੇਅਦਬੀਆਂ ਕਰਵਾਈਆਂ ਹਨ। ਬਾਦਲ ਪਰਿਵਾਰ ਹੁਣ ਪੰਜਾਬ ਦੀ ਰਾਜਨੀਤੀ ਵਿੱਚ ਅੜਿੱਕਾ ਬਣ ਰਹੇ ਹਨ। ਜੇ ਬਾਦਲ ਪਰਿਵਾਰ ਪਿੱਛੇ ਹਟ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੀ ਚੋਣ ਹੋਵੇ, SGPC ਨਿਰਪੱਖ ਹੱਥਾਂ ਵਿੱਚ ਜਾਵੇ।