The Khalas Tv Blog Punjab “ਮੰਤਰੀ ਲਈ ਕਿੰਨੀ ਸ਼ਰਮ ਦੀ ਗੱਲ ਹੈ”
Punjab

“ਮੰਤਰੀ ਲਈ ਕਿੰਨੀ ਸ਼ਰਮ ਦੀ ਗੱਲ ਹੈ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਆਪ ਸਰਕਾਰ ਉੱਤੇ ਨਿਸ਼ਾਨਾ ਕੱਸਦਿਆਂ ਕੱਸਦਿਆਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ ਤਾਕਤਵਰ ਅਤੇ ਕਬਜ਼ਿਆਂ ਤੋਂ ਬਚਾਉਣ ਦੀ ਇੱਕ ਉੱਤਮ ਮਿਸਾਲ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਾਹੂਪੁਰ ਵਿੱਚ ਵਾਪਰੀ, ਜਿੱਥੇ 53 ਕਨਾਲਾਂ ਵਾਲੇ 9 ਪਰਿਵਾਰਾਂ ਨੂੰ ਤਾਂ ਉਖਾੜ ਦਿੱਤਾ ਗਿਆ ਪਰ 158 ਕਨਾਲਾਂ ਵਾਲੇ ਸਰਪੰਚ ਨੂੰ ਸੁਰੱਖਿਅਤ ਰੱਖਿਆ ਗਿਆ! ਮੰਤਰੀ ਲਈ ਕਿੰਨੀ ਸ਼ਰਮ ਦੀ ਗੱਲ ਹੈ।

ਦਰਅਸਲ, ਕੱਲ੍ਹ ਪਿੰਡ ਬਾਹੂਪੁਰ ਵਿੱਚ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਟਕਰਾਰ ਹੋਇਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮੌਕੇ ਉੱਤੇ ਪਹੁੰਚੇ। ਇਸ ਦੌਰਾਨ ਕੁੱਝ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਛੱਡਿਆ ਗਿਆ। ਸਥਾਨਕ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ, ਤਹਿਸੀਲਦਾਰ ਅਤੇ ਪੁਲਿਸ ਪ੍ਰਸ਼ਾਸਨ ਇੱਥੇ 53 ਕਨਾਲਾਂ ਵਾਲੇ 9 ਪਰਿਵਾਰਾਂ ਦੀ ਜ਼ਮੀਨ ਦਾ ਦਖਲ ਲੈਣ ਲਈ ਆਏ ਸਨ ਪਰ ਕਿਸਾਨਾਂ ਮੁਤਾਬਕ 168 ਕਨਾਲ ਵਾਲਿਆਂ ਨੂੰ ਕੁੱਝ ਨਹੀਂ ਕਿਹਾ ਜਾ ਰਿਹਾ। ਕਿਸਾਨਾਂ ਨੇ ਸਰਕਾਰ ਨੂੰ ਧੱਕਾਸ਼ਾਹੀ ਨਾ ਕਰਨ ਲਈ ਕਿਹਾ ਹੈ। ਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਨੇ ਜੋ ਕੁੱਝ ਵੀ ਕੀਤਾ ਹੈ, ਉਸਨੂੰ ਹਾਈਕੋਰਟ ਵਿੱਚ ਲਿਜਾਇਆ ਜਾਵੇਗਾ। ਕਿਸਾਨਾਂ ਨੇ ਗੁਰਦਾਸਪੁਰ ਪ੍ਰਸ਼ਾਸਨ ਦੇ ਖਿਲਾਫ਼ ਐਕਸ਼ਨ ਲੈਣ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਫਿਲਹਾਲ ਪਿੰਡ ਬਾਹੂਪੁਰ ਵਿੱਚ ਮੋਰਚਾ ਲਾ ਕੇ ਬੈਠੀ ਹੋਈ ਹੈ।

ਉੱਧਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਖ਼ਤਮ ਹੋਣ ਦਾ ਦਾਅਵਾ ਕੀਤਾ ਹੈ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਸੂਬੇ ਵਿੱਚੋਂ ਗੈਰ-ਕਾਨੂੰਨੀ ਮਾਈਨਿੰਗ ਖਤਮ ਕਰਨ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਦਿੱਤੀ ਸੀ, ਜਿਸ ਤਹਿਤ ਮਾਈਨਿੰਗ ਵਿਭਾਗ ਵੱਲੋਂ ਦਿਨ-ਰਾਤ ਸਖਤ ਮਿਹਨਤ ਕੀਤੀ ਗਈ ਤੇ ਸੂਬੇ ਵਿੱਚੋਂ ਗੈਰ-ਕਾਨੂੰਨੀ ਮਾਈਨਿੰਗ ਨੂੰ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਤਿਓਂ ਗੈਰ-ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਮਿਲਦੀ ਹੈ ਤਾਂ ਤੁਰੰਤ ਉਸ ‘ਤੇ ਕਾਰਵਾਈ ਕੀਤੀ ਜਾਂਦੀ ਹੈ, ਐੱਫਆਈਆਰ ਦਰਜ ਹੁੰਦੀ ਹੈ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਇਸ ਸਬੰਧੀ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ।

ਬੈਂਸ ਨੇ ਕਿਹਾ ਕਿ ਹੁਣ ਪੰਜਾਬ ਵਿਚ ਜਿਹੜਾ ਵੀ ਟਿੱਪਰ, ਟਰੱਕ ਰੇਤਾ ਲੈ ਕੇ ਚੱਲ ਰਿਹਾ ਹੈ, ਉਸ ਕੋਲ ਲੀਗਲ ਸਲਿੱਪ ਹੈ। ਪੰਜਾਬ ਵਿਚ ਜਿੰਨੇ ਵੀ ਮਾਈਨਿੰਗ ਵਿਭਾਗ ਦੇ ਭ੍ਰਿਸ਼ਟ ਅਧਿਕਾਰੀ ਸੀ, ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਹਾੜਾਂ ‘ਤੇ ਜੋ ਕਰੱਸ਼ਰ ਲੱਗੇ ਹੋਏ ਸਨ, ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜਦੋਂ ਲੀਗਲ ਮਾਈਨਿੰਗ ਦੀ ਗਿਣਤੀ ਵਧੇਗੀ ਤਾਂ ਲੋਕਾਂ ਨੂੰ ਰੇਤਾ, ਬੱਜਰੀ ਸਸਤੀ ਮਿਲੇਗੀ, ਸਰਕਾਰ ਦਾ ਖਜ਼ਾਨਾ ਭਰੇਗਾ। ਆਉਣ ਵਾਲੇ ਦਿਨਾਂ ਵਿਚ ਮਾਈਨਿੰਗ ਵਿਭਾਗ ਵੱਲੋਂ ਪੂਰੀ ਮਿਹਨਤ ਨਾਲ ਕੰਮ ਕੀਤੇ ਜਾਂਦੇ ਰਹਿਣਗੇ।

Exit mobile version