The Khalas Tv Blog India ਰੰਧਾਵਾ ਨੇ ਪੰਜਾਬ ਪੁਲਿਸ ‘ਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਸਬੰਧੀ ਡੀਜੀਪੀ ਤੋਂ ਮੰਗੀ ਰਿਪੋਰਟ
India Punjab

ਰੰਧਾਵਾ ਨੇ ਪੰਜਾਬ ਪੁਲਿਸ ‘ਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਸਬੰਧੀ ਡੀਜੀਪੀ ਤੋਂ ਮੰਗੀ ਰਿਪੋਰਟ

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਵਿੱਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਬਾਰੇ ਅੱਜ ਛਪੀਆਂ ਮੀਡੀਆ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਸੂਬੇ ਦੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ ਵਿੱਚ ਹੋਈ ਭਰਤੀ ਦੇ ਵੇਰਵਿਆਂ ਦੀ ਰਿਪੋਰਟ ਮੰਗੀ ਹੈ।

ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਰੰਧਾਵਾ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਤੇ ਇਸਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਇਸ ਲਈ ਡੀਜੀਪੀ ਨੂੰ ਇਸ ਭਰਤੀ ਪ੍ਰਕਿਰਿਆ ਨਾਲ ਜੁੜੇ ਸਾਰੇ ਤੱਥ ਪੇਸ਼ ਕਰਨ ਲਈ ਆਖਿਆ ਹੈ।

ਉਨ੍ਹਾਂ ਡੀ.ਜੀ.ਪੀ. ਨੂੰ ਇਹ ਰਿਪੋਰਟ ਸੱਤ ਦਿਨਾਂ ਦੇ ਅੰਦਰ ਸੌਂਪਣ ਲਈ ਆਖਿਆ ਹੈ। ਗ੍ਰਹਿ ਮੰਤਰੀ ਰੰਧਾਵਾ ਨੇ ਕਿਹਾ ਕਿ ਸੂਬਾ ਸਰਕਾਰ ਇਸ ਸਮੁੱਚੇ ਮਾਮਲੇ ਦੀ ਤਹਿ ਤੱਕ ਜਾਵੇਗੀ ਅਤੇ ਜੇਕਰ ਇਸ ਭਰਤੀ ਪ੍ਰਕਿਰਿਆ ਵਿੱਚ ਕੋਈ ਉਲੰਘਣਾ ਜਾਂ ਬੇਨਿਯਮੀ ਪਾਈ ਗਈ ਤਾਂ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

ਲੱਖਾ ਸਿਧਾਣਾ ਨੇ ਚੁੱਕਿਆ ਸੀ ਮੁੱਦਾ
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੱਲ੍ਹ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਸਮਾਜਿਕ ਕਾਰਕੁੰਨ ਲੱਖਾ ਸਿਧਾਣਾ, ਕਿਸਾਨ ਲੀਡਰ ਬੂਟਾ ਸਿੰਘ ਸ਼ਾਦੀਪੁਰ ਅਤੇ ਕਿਰਪਾਲ ਸਿੰਘ ਸਮੇਤ ਕਈ ਹੋਰ ਕਿਸਾਨ ਅਤੇ ਸਮਾਜਿਕ ਲੀਡਰਾਂ ਵੱਲੋਂ ਪੰਜਾਬ ਪੁਲਿਸ ਵਿੱਚ ਹੋਈ ਭਰਤੀ ਨੂੰ ਲੈ ਵੱਡਾ ਖੁਲਾਸਾ ਕੀਤਾ ਗਿਆ ਸੀ। ਲੱਖਾ ਸਿਧਾਣਾ ਵੱਲੋਂ ਪਿਛਲੇ ਦਿਨੀਂ ਹੋਈਆਂ ਪੰਜਾਬ ਪੁਲਿਸ ਦੀਆਂ ਪ੍ਰੀਖਿਆਵਾਂ ਵਿੱਚ ਹੋਏ ਵੱਡੇ ਘਪਲੇ ਤੋਂ ਪਰਦਾ ਚੁੱਕਦਿਆਂ ਕਿਹਾ ਕਿ ਪੰਜਾਬ ਪੁਲਿਸ ਵਿੱਚ 300 ਬੰਦਾ ਭਰਤੀ ਕੀਤਾ ਗਿਆ ਹੈ। ਇਸ ਭਰਤੀ ਵਿੱਚ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਵੀ ਭਰਤੀ ਕੀਤੇ ਗਏ ਹਨ।

ਗੈਰ ਪੰਜਾਬੀਆਂ ਦੀ ਕੀਤੀ ਗਈ ਭਰਤੀ ਵਿੱਚ ਕੁੱਲ 5 ਡੀਐੱਸਪੀ, 44 ਇੰਸਪੈਕਟਰ, 21 ਸਬ ਇੰਸੈਪਕਟਰ, 40 ਏਐੱਸਆਈ, 78 ਹੌਲਦਾਰ ਅਤੇ 112 ਸਿਪਾਹੀ ਭਰਤੀ ਕੀਤੇ ਗਏ ਹਨ।

ਲੱਖਾ ਸਿਧਾਣਾ ਨੇ ਸਰਕਾਰ ਨੂੰ ਪੰਜਾਬ ਪੁਲਿਸ ਵਿੱਚ 300 ਗੈਰ ਪੰਜਾਬੀਆਂ ਦੀ ਕੀਤੀ ਗਈ ਭਰਤੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਗੈਰ ਪੰਜਾਬੀਆਂ ਨੂੰ ਭਰਤੀ ਕਰਨ ਵਾਲੇ ਅਫ਼ਸਰਾਂ ਅਤੇ ਸਿਆਸੀ ਲੀਡਰਾਂ ਖਿਲਾਫ਼ ਜਾਂਚ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਬਾਕੀ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਨੌਕਰੀਆਂ ਵਿੱਚ ਪੰਜਾਬੀਆਂ ਲਈ 80 ਫ਼ੀਸਦੀ ਰਾਖਵਾਂਕਰਨ ਰੱਖਣ ਦੀ ਮੰਗ ਕੀਤੀ। ਲੱਖਾ ਸਿਧਾਣਾ ਨੇ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਦੀ ਸਿਕਿਓਰਿਟੀ ਡੈਪੂਟੇਸ਼ਨ ‘ਤੇ ਹੈ ਤਾਂ ਪੰਜਾਬ ਵਿੱਚ ਗੈਰ ਪੰਜਾਬੀਆਂ ਦੀ ਪੱਕੀ ਭਰਤੀ ਕਿਉਂ ਕੀਤੀ ਗਈ ਹੈ।

Exit mobile version