ਚੰਡੀਗੜ੍ਹ : ਕਾਂਗਰਸ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ(Sukhjinder Randhawa) ਨੂੰ ਰਾਜਸਥਾਨ ਵਿੱਚ ਪਾਰਟੀ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਹੈ। ਰੰਧਾਵਾ ਨੂੰ ਕਾਂਗਰਸ ਸੰਚਾਲਨ ਕਮੇਟੀ ਦਾ ਮੈਂਬਰ ਵੀ ਲਾਇਆ ਗਿਆ ਹੈ। ਇਸਦੇ ਨਾਲ ਹੀ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੂੰ ਕਾਂਗਰਸ ਦੀ ਜਨਰਲ ਸਕੱਤਰ ਅਤੇ ਛੱਤੀਸਗੜ੍ਹ ਕਾਂਗਰਸ ਦੀ ਇੰਚਾਰਜ ਬਣਾਇਆ ਗਿਆ ਹੈ। ਰਾਜਸਥਾਨ ਦੇ ਆਗੂ ਸ਼ਕਤੀ ਸਿੰਘ ਗੋਹਿਲ ਨੂੰ ਹਰਿਆਣਾ ਵਿੱਚ ਪਾਰਟੀ ਦਾ ਇੰਚਾਰਜ ਬਣਾਇਆ ਗਿਆ ਹੈ।
ਦੱਸ ਦੇਈਏ ਕਿ ਰਾਜਸਥਾਨ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿੱਚ ਕੁਰਸੀ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਕਾਂਗਰਸ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਭ ਕੁੱਝ ਠੀਕ ਕਰਨਾ ਚਾਹੁੰਦੀ ਹੈ।
कांग्रेस पार्टी ने कुमारी शैलजा को छत्तीसगढ़ का महासचिव, शक्ति सिंह गोहिल को हरियाणा के अलावा दिल्ली का प्रभारी और सुखजिंदर सिंह रंधावा को राजस्थान का प्रभारी नियुक्त किया है। pic.twitter.com/pCPfE75Jqt
— ANI_HindiNews (@AHindinews) December 5, 2022
ਅਜੈ ਮਾਕਨ ਨੇ ਖਜਿੰਦਰ ਰੰਧਾਵਾ ਨੂੰ ਰਾਜਸਥਾਨ ਦਾ ਇੰਚਾਰਜ ਬਣਾਏ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, “ਮੈਂ ਇਸ ਨਿਯੁਕਤੀ ਤੋਂ ਬਹੁਤ ਖੁਸ਼ ਹਾਂ। ਸੁਖਜਿੰਦਰ ਸਿੰਘ ਰੰਧਾਵਾ ਨੂੰ ਸ਼ੁੱਭਕਾਮਨਾਵਾਂ। ਉਹ ਇੱਕ ਕਾਬਲ ਨੇਤਾ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇੱਕ ਚੰਗੇ ਵਿਅਕਤੀ ਦੀ ਨਿਯੁਕਤੀ ਕੀਤੀ ਹੈ।” ਕਾਂਗਰਸ ਦੇ ਜਨਰਲ ਸਕੱਤਰ ਅਜੇ ਮਾਕਨ ਨੇ ਪਿਛਲੇ ਨਵੰਬਰ ਮਹੀਨੇ ਰਾਜਸਥਾਨ ਦੇ ਕਾਂਗਰਸ ਇੰਚਾਰਜ ਦਾ ਅਹੁਦਾ ਛੱਡ ਦਿੱਤਾ ਸੀ।
ਦਰਅਸਲ, 25 ਸਤੰਬਰ ਨੂੰ ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿਰਦੇਸ਼ਾਂ ‘ਤੇ ਅਜੈ ਮਾਕਨ ਅਤੇ ਮਲਿਕਾਰਜੁਨ ਖੜਗੇ ਨਿਗਰਾਨ ਵਜੋਂ ਜੈਪੁਰ ਗਏ ਸਨ। ਉਦੋਂ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਦੇ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਦੀ ਚਰਚਾ ਸੀ। ਅਜਿਹੇ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਵਿਧਾਇਕ ਦਲ ਦੀ ਮੀਟਿੰਗ ਹੋਣੀ ਸੀ।
ਇਹ ਬੈਠਕ ਜੈਪੁਰ ‘ਚ ਬੁਲਾਈ ਗਈ ਸੀ ਪਰ ਸਚਿਨ ਪਾਇਲਟ ਦੀ ਉਮੀਦਵਾਰੀ ਦਾ ਵਿਰੋਧ ਕਰ ਰਹੇ ਗਹਿਲੋਤ ਦੇ ਸਮਰਥਕਾਂ ਨੇ ਬਾਗੀ ਸੁਰ ਅਪਣਾ ਲਿਆ। ਜਿਸ ਤੋਂ ਬਾਅਦ ਇਹ ਮੀਟਿੰਗ ਨਹੀਂ ਹੋ ਸਕੀ। ਹਾਈਕਮਾਨ ਵੀ ਇਸ ਘਟਨਾਕ੍ਰਮ ਤੋਂ ਨਾਖੁਸ਼ ਸੀ। ਇਸ ਤੋਂ ਬਾਅਦ ਤਿੰਨਾਂ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਅਸ਼ੋਕ ਗਹਿਲੋਤ ਨੇ ਸੋਨੀਆ ਗਾਂਧੀ ਤੋਂ ਮੁਆਫੀ ਵੀ ਮੰਗੀ ਸੀ।
ਰਾਜਸਥਾਨ ‘ਚ ਵਿਵਾਦ ਤੋਂ ਬਾਅਦ ਮਾਕਨ ਨੇ ਅਹੁਦਾ ਛੱਡ ਦਿੱਤਾ ਸੀ
ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਲਿਖੇ ਪੱਤਰ ‘ਚ ਅਜੇ ਮਾਕਨ ਨੇ ਕਿਹਾ ਸੀ ਕਿ ‘ਉਹ ਰਾਜਸਥਾਨ ‘ਚ 25 ਸਤੰਬਰ ਦੀਆਂ ਘਟਨਾਵਾਂ ਤੋਂ ਬਾਅਦ ਆਪਣੇ ਅਹੁਦੇ ‘ਤੇ ਬਣੇ ਰਹਿਣਾ ਨਹੀਂ ਚਾਹੁੰਦੇ ਹਨ। ਮਾਕਨ ਨੇ 8 ਨਵੰਬਰ ਦੇ ਆਪਣੇ ਪੱਤਰ ਵਿੱਚ ਕਿਹਾ ਸੀ ਕਿ ਭਾਰਤ ਜੋੜੋ ਯਾਤਰਾ ਦੇ ਰਾਜ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਤੇ ਰਾਜ ਵਿਧਾਨ ਸਭਾ ਦੀਆਂ ਉਪ ਚੋਣਾਂ ਤੋਂ ਪਹਿਲਾਂ ਕਿਸੇ ਨਵੇਂ ਵਿਅਕਤੀ ਨੂੰ ਜ਼ਿੰਮੇਵਾਰੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਆਪਣੇ ਆਪ ਨੂੰ ਰਾਹੁਲ ਗਾਂਧੀ ਦਾ ਸਿਪਾਹੀ ਦੱਸਦਿਆਂ ਕਿਹਾ ਕਿ ਉਹ ਦਿੱਲੀ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨਗੇ।’
ਦੋ ਸਾਲਾਂ ਵਿੱਚ ਤਿੰਨ ਇੰਚਾਰਜ ਬਦਲੇ
ਰਾਜਸਥਾਨ ਕਾਂਗਰਸ ਦੀ ਸਿਆਸਤ ‘ਚ ਸਾਲ 2018 ਤੋਂ ਚੱਲ ਰਿਹਾ ਸਿਆਸੀ ਤੂਫਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਚੱਲ ਰਹੀ ਸਿਆਸੀ ਸਰਦਾਰੀ ਦੀ ਲੜਾਈ ਦੇ ਸੇਕ ਤੋਂ ਇੰਚਾਰਜ ਵੀ ਨਹੀਂ ਬਚ ਸਕੇ ਹਨ। ਇਸ ਲਈ ਪਿਛਲੇ ਦੋ ਸਾਲਾਂ ਵਿੱਚ ਤਿੰਨ ਇੰਚਾਰਜ ਬਦਲੇ ਹਨ। ਸਾਲ 2020 ਦੇ ਸਿਆਸੀ ਸੰਕਟ ਤੋਂ ਬਾਅਦ ਅਵਿਨਾਸ਼ ਪਾਂਡੇ ਨੂੰ ਇੰਚਾਰਜ ਦਾ ਅਹੁਦਾ ਗੁਆਉਣਾ ਪਿਆ ਸੀ ਅਤੇ ਹੁਣ ਇਸ ਸਾਲ 25 ਸਤੰਬਰ ਨੂੰ ਸਿਆਸੀ ਡਰਾਮੇ ਤੋਂ ਬਾਅਦ ਅਜੇ ਮਾਕਨ ਨੇ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।