‘ਦ ਖ਼ਾਲਸ ਬਿਊਰੋ:- ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਕੋਰੋਨਾਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸੁਖਜਿੰਦਰ ਰੰਧਾਵਾ ਦਾ ਕੋਰੋਨਾ ਟੈਸਟ ਕੀਤੇ ਜਾਣ ਤੋਂ ਬਾਅਦ ਉਹਨਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਬਾਰੇ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਟਵੀਟ ਕਰਕੇ ਦਿੱਤੀ ਹੈ। ਉਹਨਾਂ ਲਿਖਿਆ ਹੈ ਕਿ “ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਰੋਨਾ ਪਾਜ਼ੀਟਿਵ ਹਨ ਅਤੇ ਮੈਂ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ।”
28 ਅਗਸਤ ਨੂੰ ਇੱਕ ਦਿਨ ਦਾ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ ਬੁਲਾਏ ਜਾਣ ਤੋਂ ਪਹਿਲਾਂ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਵੱਲੋਂ ਸਾਰੇ ਵਿਧਾਇਕਾਂ ਅਤੇ ਵਿਧਾਨ ਸਭਾ ਦੇ ਸਾਰੇ ਅਧਿਕਾਰੀਆਂ ਦੇ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕਿਸੇ ਵੀ ਵਿਧਾਇਕ ਜਾਂ ਮੰਤਰੀ ਦੀ ਨੈਗੇਟਿਵ ਕੋਰੋਨਾ ਰਿਪੋਰਟ ਤੋਂ ਬਿਨਾਂ ਵਿਧਾਨ ਸਭਾ ‘ਚ ਐਂਟਰੀ ਨਹੀਂ ਹੋਵੇਗੀ।
ਇਸ ਕਰਕੇ ਕਈ ਵਿਧਾਇਕਾਂ ਅਤੇ ਮੰਤਰੀਆਂ ਨੇ ਹੁਣ ਤੋਂ ਹੀ ਟੈਸਟ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਮੇਤ ਹਲਕਾ ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ ਅਤੇ ਹੋਰ ਕਈ ਅਫਸਰ ਪਹਿਲਾਂ ਹੀ ਕੋਰੋਨਾ ਦੀ ਲਪੇਟ ਆ ਚੁੱਕੇ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਆਪ ਨੂੰ ਆਈਸੋਲੇਟ ਕੀਤਾ ਹੋਇਆ ਹੈ।