The Khalas Tv Blog Punjab ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ‘ਚ ਵਾਪਸੀ ! ਸੁਖਬੀਰ ਨੇ ਮੰਗੀ ਮਾਫੀ, ਪਿਤਾ ਦਾ ਅਹੁਦਾ ਵੀ ਸੌਂਪਿਆ ! ਬੀਬੀ ਜਗੀਰ ਕੌਰ ਨੇ ਰੱਖੀ ਸ਼ਰਤ
Punjab

ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ‘ਚ ਵਾਪਸੀ ! ਸੁਖਬੀਰ ਨੇ ਮੰਗੀ ਮਾਫੀ, ਪਿਤਾ ਦਾ ਅਹੁਦਾ ਵੀ ਸੌਂਪਿਆ ! ਬੀਬੀ ਜਗੀਰ ਕੌਰ ਨੇ ਰੱਖੀ ਸ਼ਰਤ

ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਤੇ ਪਾਰਟੀ ਦੇ ਹੋਰ ਸਾਥੀਆਂ ਦੇ ਨਾਲ ਅਕਾਲੀ ਦਲ ਦੀ ਵਿੱਚ ਘਰ ਵਾਪਸੀ ਕਰ ਲਈ ਹੈ । ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵਾ ਹੋ ਗਿਆ ਹੈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਢੀਂਡਸਾ ਨੇ ਮੁੜ ਅਕਾਲੀ ਦਲ ਵਿੱਚ ਜਾਣ ਪਿੱਛੇ ਪੰਥ ਅਤੇ ਸਿੱਖਾਂ ਦੀ ਸਿਆਸੀ ਜਮਾਤ ਅਕਾਲੀ ਦਲ ਨੂੰ ਮਜ਼ਬੂਰ ਕਰਨ ਨੂੰ ਵੱਡਾ ਕਾਰਨ ਦੱਸਿਆ । ਪਹਿਲਾਂ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੇ ਲਈ ਪਾਰਟੀ ਛੱਡੀ ਸੀ । ਹੁਣ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਪੁੱਤਰ ਦੱਸਿਆ,ਕਿਹਾ ਉਨ੍ਹਾਂ ਨੇ ਵੀ ਸਭ ਤੋਂ ਪਹਿਲਾਂ ਪ੍ਰਧਾਨਗੀ ਅਹੁਦੇ ਲਈ ਸੁਖਬੀਰ ਸਿੰਘ ਬਾਦਲ ਦਾ ਨਾਂ ਅੱਗੇ ਕੀਤਾ ਸੀ । ਢੀਂਡਸਾ ਨੇ ਕਿਹਾ ਪਰਿਵਾਰ ਵਿੱਚ ਕਦੇ ਵੀ ਸਿਆਸੀ ਰੰਜਿਸ਼ ਨਹੀਂ ਰਹੀ ਹੈ,ਜਿਹੜੀ ਮਤਭੇਦ ਹਨ ਅਸੀਂ ਮਿਲ ਕੇ ਦੂਰ ਕਰਾਂਗੇ ।

ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਦਾ ਸੁਆਗਤ ਕਰਦੇ ਹੋਏ ਕਿਹਾ ਅੱਜ ਦਾ ਦਿਨ ਇਤਿਹਾਸਕ ਹੈ । ਤੁਸੀਂ ਹੁਣ ਪ੍ਰਕਾਸ਼ ਸ਼ਿੰਘ ਬਾਦਲ ਦਾ ਅਹੁਦਾ ਸੰਭਾਲ ਦੇ ਹੋਏ ਪਾਰਟੀ ਦੇ ਸਰਪਰਸਤ ਦੀ ਜ਼ਿੰਮੇਵਾਰੀ ਸੰਭਾਲੋ । ਤੁਹਾਡੇ ਤਜ਼ੁਰਬੇ ਦੀ ਸਾਨੂੰ ਬਹੁਤ ਜ਼ਰੂਰਤ ਹੈ । ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕਰੌ ਅਤੇ ਹੋਰ ਬਾਗੀ ਆਗੂਆਂ ਨੂੰ ਮੁੜ ਇਕੱਠੇ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਪੰਜਾਬ ਨੂੰ ਤਗੜਾ ਕਰਨਾ ਹੈ ਤਾਂ ਸਾਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ । ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਮੁੜ ਤੋਂ ਮਾਫੀ ਦੀ ਪੇਸ਼ਕਸ਼ ਕੀਤੀ ।

ਬੀਬੀ ਜਗੀਰ ਕੌਰ ਦਾ ਬਿਆਨ

ਉਧਰ ਬੀਬੀ ਜਗੀਰ ਕੌਰ ਨੇ ਕਿਹਾ ਆਪ ਕਦੇ ਅਕਾਲੀ ਦਲ ਨਹੀਂ ਛੱਡਿਆ ਹੈ । ਮੈਂ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹਾਂ ਪਰ ਜਦੋਂ SGPC ਦੇ ਕੰਮ-ਕਾਜ ਅਤੇ ਪ੍ਰਧਾਨ ਦੀ ਚੋਣ ਵਿੱਚ ਦਖਲ ਅੰਦਾਜ਼ੀ ਬੰਦ ਨਹੀਂ ਹੋਵੇਗੀ ਲੋਕਾਂ ਵਿੱਚ ਗਲਤ ਸਨੇਹਾ ਜਾਵੇਗਾ । ਬੀਬੀ ਜਗੀਰ ਕੌਰ ਨੇ ਬੀਜੇਪੀ ਨਾਲ ਅਕਾਲੀ ਦਲ ਦੀ ਗਠਜੋੜ ਨੂੰ ਲੈਕੇ ਵੀ ਸਵਾਲ ਚੁੱਕੇ । ਉਨ੍ਹਾਂ ਨੇ ਕਿਹਾ ਪੰਜਾਬ ਦੇ ਮੁੱਦਿਆਂ ਨੂੰ ਨਜ਼ਰ ਅੰਦਾਜ ਕਰਕੇ ਸਮਝੌਤਾ ਨਹੀਂ ਹੋਣਾ ਚਾਹੀਦਾ ਹੈ । 30 ਸਾਲ ਬੀਜੇਪੀ ਨਾਲ ਰਹਿਕੇ ਸਾਨੂੰ ਕੁਝ ਨਹੀਂ ਮਿਲਿਆ । ਸਾਫ ਹੈ ਕਿ ਬੀਬੀ ਜਗੀਰ ਕੌਰ ਸ਼ਰਤਾਂ ਦੇ ਬਿਨਾਂ ਅਕਾਲੀ ਦਲ ਵਿੱਚ ਵਾਪਸੀ ਨਹੀਂ ਕਰਨਾ ਚਾਹੁੰਦੀ ਹੈ ।

2019 ਵਿੱਚ ਜਦੋਂ ਅਕਾਲੀ ਦਲ ਦਾ ਲੋਕਸਭਾ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਰਿਹਾ ਸੀ ਤਾਂ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗਿਆ ਸੀ । ਪਰ ਪਾਰਟੀ ਨੇ ਉਨ੍ਹਾਂ ‘ਤੇ ਅਨੁਸ਼ਾਸਨਿਕ ਕਾਰਵਾਈ ਕਰਦੇ ਹੋਏ ਬਾਹਰ ਕੱਢ ਦਿੱਤਾ ਸੀ । ਜਿਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਸੰਯੁਕਤ ਪਾਰਟੀ ਬਣਾਈ । ਢੀਂਡਸਾ ਦੀ ਅਕਾਲੀ ਦਲ ਵਿੱਚ ਵਾਪਸੀ ਤੋਂ ਬਾਅਦ ਹੁਣ ਬੀਜੇਪੀ ਨਾਲ ਗਠਜੋੜ ਦੀ ਖਬਰ ਵੀ ਕਿਸੇ ਵੇਲੇ ਵੀ ਆ ਸਕਦੀ ਹੈ । ਸਿਆਸੀ ਮਾਹਿਰਾ ਦਾ ਕਹਿਣਾ ਹੈ ਸਭ ਕੁਝ ਤੈਅ ਹੋ ਗਿਆ ਹੈ,ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਸਮਝੌਤੇ ਵਿੱਚ ਦੇਰੀ ਹੋ ਰਹੀ ਹੈ । ਬੀਜੇਪੀ ਵੀ ਇਸੇ ਲਈ ਪੰਜਾਬ ਦੀਆਂ 13 ਸੀਟਾਂ ‘ਤੇ ਉਮੀਦਵਾਰਾਂ ਦੇ ਨਾਂ ਤੇ ਚਰਚਾ ਨਹੀਂ ਕਰ ਰਹੀ ਹੈ । ਅਮਿਤ ਸ਼ਾਹ,ਕੈਪਟਨ ਅਮਰਿੰਦਰ ਅਤੇ ਸੂਬਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਵੀ ਅਕਾਲੀ ਦਲ ਗਠਜੋੜ ਨੂੰ ਪਾਰਟੀ ਦੇ ਵਰਕਰਾਂ ਦੀ ਮੰਗ ਕਰਾਰ ਦੇ ਚੁੱਕੇ ਹਨ ।

Exit mobile version