ਬਿਉਰੋ ਰਿਪੋਰਟ – ਅੱਜ ਸਵੇਰੇ ਸਖਬੀਰ ਸਿੰਘ ਬਾਦਲ (Sukhbir Singh Badal) ਅਚਾਨਕ ਸ੍ਰੀ ਹਰਮਿੰਦਰ ਸਾਹਿਬ ਪਹੁੰਚਦੇ ਹਨ ਅਤੇ ਇਕ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Giani Raghbir Singh) ਦੇ ਨਾਮ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਚ ਸੌਂਪਦੇ ਹਨ। ਤਿੰਨ ਸਫਿਆਂ ਦੀ ਇਸ ਚਿੱਠੀ ਵਿਚ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬਾਨਾਂ ਤੋਂ ਤਨਖਾਹੀਆਂ ਕਰਾਰ ਦੇਣ ਤੋਂ ਬਾਅਦ ਕੋਈ ਫੈਸਲਾ ਲੈਣ ਦੀ ਮੰਗ ਕਰਦੇ ਹਨ।
ਸੁਖਬੀਰ ਸਿੰਘ ਬਾਦਲ ਨੇ ਸਿੰਘ ਸਾਹਿਬਾਨਾਂ ਤੋਂ ਮੰਗ ਕਰਦਿਆਂ ਚਿੱਠੀ ਵਿਚ ਲਿਖਿਆ ਕਿ ਮਾਨਯੋਗ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਦਾਸ ਨੂੰ ਤਨਖਾਹੀਆਂ ਕਰਾਰ ਦਿੱਤੇ ਗਏ ਨੂੰ ਢਾਈ ਮਹੀਨੇ ਤੋਂ ਜਿਆਦਾ ਦਾ ਸਮਾਂ ਹੋ ਚੁੱਕਿਆ ਹੈ। ਇੱਕ ਨਿਮਾਣੇ ਸੇਵਕ ਵਜੋਂ ਤਖਤ ਸਾਹਿਬ ਦੀ ਮਾਣ-ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਪਣੇ-ਆਪ ਨੂੰ ਪੰਥਕ, ਰਾਜਨੀਤਕ ਅਤੇ ਸਮਾਜਿਕ ਰੁਝੇਵਿਆਂ ਤੋਂ ਦੂਰ ਰੱਖਿਆ ਹੋਇਆ ਹੈ। ਪਰ ਅੱਜ ਸਿੱਖ ਪੰਥ ਅਤੇ ਪੰਜਾਬ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਪਰ ਦਾਸ ਇਸ ਸਮੇ ਚਾਹੁੰਦੇ ਹੋਏ ਵੀ ਇਹਨਾਂ ਗੰਭੀਰ ਹਾਲਾਤਾਂ ਵਿੱਚ ਕਿਸੇ ਤਰਾਂ ਦੀ ਵੀ ਮਦਦ ਕਰਨ ਵਿੱਚ ਅਸਮਰੱਥ ਹੈ। ਪੰਜਾਬ ਅਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਕੰਮਕਾਜ ਉਤੇ ਵੀ ਭਾਰੀ ਅਸਰ ਪੈ ਰਿਹਾ ਹੈ। ਇਸ ਲਈ ਦਾਸ ਅੱਜ ਫਿਰ ਨਿਮਾਣੇ ਸੇਵਕ ਵਜੋਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਦੋਬਾਰਾ ਜੋਦੜੀ ਕਰਦਾ ਹਾਂ ਕਿ ਹੋਇਆ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾ ਕੇ ਗੁਰ-ਮਰਿਆਦਾ ਅਨੁਸਾਰ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਇਆ ਜਾਣਾ ਹੈ ਉਹ ਲਗਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ। ਦਾਸ ਹਰ ਹੁਕਮ ਦੀ ਪਾਲਣਾਂ ਕਰਨ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਾ ਹੈ।