ਸ਼੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਟੇਜ ਤੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਆਪਣੀ ਸੂਰਤ ਸੰਭਾਲਣ ਤੋਂ ਲੈ ਕੇ ਹੁਣ ਤੱਕ ਇਸ ਇਕੱਠ ਨੂੰ ਦੇਖਦੇ ਆ ਰਹੇ ਹਨ। ਸਿੱਖ ਕੌਮ ਇੱਕ ਬਹਾਦਰ ਕੌਮ ਹੈ ਤੇ ਸੇਵਾ ਭਾਵ ਤੇ ਮਿਹਨਤ ਨਾਲ ਸਾਰੀ ਦੁਨੀਆ ਵਿੱਚ ਆਪਣਾ ਨਾਮ ਕਮਾਇਆ ਹੈ। ਸ਼੍ਰੋਮਣੀ ਕਮੇਟੀ ਵਰਗੀਆਂ ਜਥੇਬੰਦੀਆਂ ਉਦੋਂ ਹੋਂਦ ਵਿੱਚ ਆਈਆਂ ਜਦੋਂ ਗੁਰੂ ਘਰਾਂ ‘ਤੇ ਮਹੰਤਾਂ ਦਾ ਕਬਜਾ ਸੀ ਤੇ ਉਹਨਾਂ ਨੂੰ ਆਜ਼ਾਦ ਕਰਵਾਉਣ ਲਈ SGPC ਹੋਂਦ ਵਿੱਚ ਆਈ ਤੇ ਬਾਅਦ ਵਿਚ ਸਿਆਸੀ ਫੌਜ ਨੂੰ ਹੋਂਦ ਵਿੱਚ ਲਿਆਂਦਾ ਗਿਆ,ਜਿਸ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਰੱਖਿਆ ਗਿਆ। ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀਆਂ ਜਥੇਬੰਦੀਆਂ ਹਨ ਨਾ ਕਿ ਬਾਦਲ ਪਰਿਵਾਰ ਜਾ ਕਿਸੇ ਹੋਰ ਦੀਆਂ ਦੀਆਂ।
ਉਹਨਾਂ ਇਹ ਵੀ ਕਿਹਾ ਹੈ ਕਿ ਰਾਹੁਲ ਗਾਂਧੀ ਦੇ ਸੁਆਗਤ ਲਈ ਦਸਤਾਰਾਂ ਵਾਲੇ ਲਾਈਨਾਂ ਵਿੱਚ ਲਗੇ ਹੋਏ ਸਨ ਪਰ ਸਿੱਖ ਕੌਮ ਦਾ ਸਭ ਤੋਂ ਜਿਆਦਾ ਨੁਕਸਾਨ ਗਾਂਧੀ ਪਰਿਵਾਰ ਨੇ ਕੀਤਾ ਹੈ । ਆਪਣੇ ਦਸਤਾਰ ਵਾਲੇ ਬਿਆਨ ਲਈ ਰਵਨੀਤ ਬਿੱਟੂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ । ਇਹ ਚਮਚਾਗਿਰੀ ਵਿੱਚ ਐਨਾ ਡਿਗ ਗਿਆ ਹੈ ਕਿ ਇਸ ਨੂੰ ਹੋਰ ਕੁੱਝ ਵੀ ਨਜ਼ਰ ਨਹੀਂ ਆਉਂਦਾ।
ਪੰਜਾਬ ਦੇ ਪਾਣੀਆਂ ਦੇ ਮਸਲੇ ਬਾਰੇ ਬੋਲਦਿਆਂ ਉਹਨਾਂ ਇਸ ਦਾ ਜਿੰਮੇਵਾਰ ਇੰਦਰਾ ਗਾਂਧੀ ਤੇ ਕਾਂਗਰਸ ਸਰਕਾਰ ਨੂੰ ਦੱਸਿਆ ਤੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਇੱਕ ਵੀ ਬੁੰਦ ‘ਤੇ ਰਾਜਸਥਾਨ ਦਾ ਹੱਕ ਨਹੀਂ ਹੈ ਪਰ ਕਾਂਗਰਸ ਦੀ ਇੰਦਰਾਂ ਗਾਂਧੀ ਵਾਲੀ ਸਰਕਾਰ ਨੇ ਧੱਕਾ ਕਰਦਿਆਂ ਰਾਜ ਸਰਕਾਰ ਤੋਂ ਦਸਤਖਤ ਕਰਾਏ ਤੇ ਇੰਦਰਾਂ ਗਾਂਧੀ ਨਹਿਰ ਰਾਹੀਂ ਵਾਧੂ ਪਾਣੀ ਰਾਜਸਥਾਨ ਨੂੰ ਹੁਣ ਤੱਕ ਲਗਾਤਾਰ ਜਾ ਰਿਹਾ ਹੈ ਤੇ ਐਸਵਾਈਐਲ ਮਾਮਲੇ ਲਈ ਵੀ ਉਹਨਾਂ ਇੰਦਰਾਂ ਗਾਂਧੀ ਸਰਕਾਰ ਨੂੰ ਹੀ ਜਿੰਮੇਵਾਰ ਠਹਿਰਾਇਆ ਹੈ। ਬਾਦਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਐਸਵਾਈਐਲ ਨੂੰ ਅੱਧ ਵਿਚਾਲੇ ਹੀ ਰੋਕਣ ਦਾ ਸਿਹਰਾ ਅਕਾਲੀ ਦਲ ਨੂੰ ਜਾਂਦਾ ਹੈ ਤੇ ਇਹ ਪਾਰਟੀ ਹੀ ਪੰਜਾਬੀਆਂ ਨਾਲ ਦਰਦ ਰਖਣ ਵਾਲੀ ਪਾਰਟੀ ਹੈ ।
ਉਹਨਾਂ ਇਹ ਵੀ ਕਿਹਾ ਕਿ ਅੱਜ ਤੱਕ ਪੰਜਾਬ ਵਿੱਚ ਬਣੇ ਕੱਸੀਆਂ,ਨਾਲੇ,ਮੰਡੀਆਂ,ਸੜਕਾਂ ਤੇ ਹੋਰ ਸਾਰਾ ਵਿਕਾਸ ਅਕਾਲੀ ਦਲ ਨੇ ਕੀਤਾ ਹੈ ਤੇ ਇਹ ਵੀ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨਾ ਬਣਦੇ ਤਾਂ ਇਹ ਸਟੇਜ ਵੀ ਅੱਜ ਨਹੀਂ ਲਗਣੀ ਸੀ ਤੇ ਸਾਰਾ ਇਲਾਕਾ ਸੇਮ ਦੀ ਮਾਰ ਹੇਠ ਹੋਣਾ ਸੀ। ਬੇਅਦਬੀ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਬੇਅਦਬੀ ਕਰਵਾਈ ਗਈ ਤੇ ਕਾਂਗਰਸ ਤੇ ਦਾਦੂਵਾਲ ਵਰਗਿਆਂ ਪੰਥ ਦੋਸ਼ੀਆਂ ਨੇ ਇਲਜ਼ਾਮ ਅਕਾਲੀ ਸਰਕਾਰ ਤੇ ਲਾ ਦਿੱਤਾ ।ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਬੇਅਦਬੀ ਸੰਬੰਧੀ ਪੇਸ਼ ਕੀਤੇ ਗਏ ਚਲਾਨ ਵਿੱਚ ਕਿਸੇ ਅਕਾਲੀ ਆਗੂ ਦਾ ਨਾਂ ਨਹੀਂ ਹੈ ।
ਕੇਂਦਰ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜੋਰ ਕਰਨ ਲਈ ਖੇਰੂੰ ਖੇਰੂੰ ਕਰ ਦਿੱਤਾ ਹੈ। ਦਿੱਲੀ ਵਿੱਚ ਤੇ ਹਰਿਆਣਾ ਵਿੱਚ ਅਲੱਗ ਕਮੇਟੀਆਂ ਬਣਾਈਆਂ ਤੇ ਇਹਨਾਂ ਵਿੱਚ ਸਾਰੇ ਆਰਐਸਐਸ ਦੇ ਬੰਦੇ ਵਾੜ ਦਿੱਤੇ। ਦਾਦੂਵਾਲ ਤੇ ਮੰਡ ਤੇ ਹੋਰ ਜਥੇਬੰਦੀਆਂ ਨੇ ਚੁੱਪ ਧਾਰੀ ਹੋਈ ਹੈ ਅਤੇ ਬਾਦਲ ਪਰਿਵਾਰ ‘ਤੇ ਵੀ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ ।
ਸੁਖਬੀਰ ਸਿੰਘ ਬਾਦਲ ਨੇ ਆਪ ‘ਤੇ ਵੀ ਨਿਸ਼ਾਨਾ ਲਾਇਆ ਤੇ ਕਿਹਾ ਕਿ ਗੁਜਰਾਤ ਤੇ ਹਿਮਾਚਲ ਵਿੱਚ ਲੋਕਾਂ ਨੇ ਆਪ ਨੂੰ ਨਕਾਰਿਆ ਹੈ ਤੇ ਉਹਨਾਂ ਦੇ ਝੂਠੇ ਵਾਅਦਿਆਂ ‘ਤੇ ਯਕੀਨ ਨਹੀਂ ਕੀਤਾ । ਪੰਜਾਬ ਵਿੱਚ ਕੇਜਰੀਵਾਲ ਦਾ ਨਾਂ ‘ਤੇ ਵੋਟਾਂ ਪਈਆਂ ਪਰ ਹੁਣ ਸੂਬੇ ਵਿੱਚ ਅਮਨ ਸ਼ਾਤੀ ਨੂੰ ਖਤਰਾ ਪੈਦਾ ਹੋ ਗਿਆ ਹੈ ਤੇ ਆਉਣ ਵਾਲੇ ਸਾਲਾਂ ਵਿੱਚ ਹਾਲਾਤ ਹੋਰ ਵੀ ਬੇਕਾਬੂ ਹੋ ਜਾਣਗੇ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਦੀ ਫਿਕਰ ਹੀ ਨਹੀਂ,ਉਹ ਤਾਂ ਰੋਜ਼ ਦਾਰੂ ਪੀ ਕੇ ਬੈਠਾ ਰਹਿੰਦਾ ਹੈ।
ਉਹਨਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਵਿੱਚ ਬਿਜਲੀ ਵਿਵਸਥਾ ਵੀ ਆਉਣ ਵਾਲੇ ਸਮੇਂ ਵਿੱਚ ਪ੍ਰਭਾਵਤ ਹੋਵੇਗੀ ਤੇ ਪੰਜਾਬ ਸਿਰ ਕਰਜਾ ਹੋਰ ਵੀ ਵਧੇਗਾ।ਆਪਣੇ ਸੰਬੋਧਨ ਦੇ ਅੰਤ ਵਿੱਚ ਉਹਨਾਂ ਇੱਕ ਵਾਰ ਫਿਰ ਤੋਂ ਰਵਨੀਤ ਸਿੰਘ ਬਿੱਟੂ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਜਿੰਨੀ ਮਰਜੀ ਚਾਪਲੂਸੀ ਕਰ ਲਵੇ ਪਰ ਫਿਰ ਵੀ ਉਸ ਦਾ ਹਾਲ ਦਾਦੂਵਾਲ ਵਰਗਾ ਹੋਣਾ ਹੈ,ਜੋ ਹੁਣ ਰੁਲਦਾ ਫਿਰਦਾ ਹੈ ।
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ
ਇਸ ਤੋਂ ਇਲਾਵਾ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸਟੇਜ਼ ਤੋਂ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਦਸਵੀਂ ਪਾਤਸ਼ਾਹੀ ਨੇ ਭਾਈ ਮਹਾਂ ਸਿੰਘ ਦੇ ਅੰਤ ਸਮੇਂ ਉਹਨਾਂ ਨਾਲ ਹੋਏ ਭਾਵਪੂਰਨ ਵਾਰਤਾਲਾਪ ਤੋਂ ਬਾਅਦ ਬੇਦਾਵੇ ਨੂੰ ਇਸ ਧਰਤੀ ‘ਤੇ ਫਾੜਿਆ ਸੀ।ਆਪਣੇ ਸੰਬੋਧਨ ਵਿੱਚ ਉਹਨਾਂ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ‘ਤੇ ਵਰਦਿਆਂ ਕਿਹਾ ਹੈ ਕਿ ਇਹ ਦਾਅਵਾ ਕਰ ਰਿਹਾ ਹੈ ਕਿ ਦਸਤਾਰ ਉਸ ਨੂੰ ਉਸ ਵਿਅਕਤੀ ਦੀ ਵਜਾ ਨਾਲ ਮਿਲੀ ਹੈ,ਜਿਸ ਦੇ ਪਿਤਾ ਨੇ ਦਿੱਲੀ ਤੇ ਕਾਨਪੁਰ ਵਿੱਚ ਪੱਗਾਂ ਵਾਲਿਆਂ ਦਾ ਕਤਲ ਕਰਵਾਇਆ ਸੀ। ਬਿੱਟੂ ਲਈ ਇਹ ਬੜੀ ਸ਼ਰਮ ਦੀ ਗੱਲ ਹੈ ਤੇ ਉਸ ਦੀ ਅਣਖ ਤੇ ਗੈਰਤ ਮਰ ਚੁੱਕੀ ਹੈ। ਇਹ ਦਸਤਾਰ ਗੁਰੂਆਂ ਦੀ ਬਖਸ਼ੀਸ਼ ਹੈ।
ਪਟਨਾ ਸਾਹਿਬ ਵਿੱਖੇ ਹੋਏ ਵਿਵਾਦ ‘ਤੇ ਬੋਲਦਿਆਂ ਉਹਨਾਂ ਕਿਹਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਮੇਟੀ ਨੂੰ ਸੱਦ ਕੇ ਤਲਬ ਕੀਤਾ ਪਰ ਪੰਜਾ ਪਿਆਰਿਆਂ ਨੇ ਜਥੇਦਾਰ ਸਾਹਬ ਦੇ ਹੁਕਮ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ।ਜੋ ਕਿ ਗੁਰੂ ਬਖਸ਼ੀ ਮਰਿਆਦਾ ਦਾ ਨਿਰਾਦਰ ਸੀ।ਉਹਨਾਂ ਕਿਹਾ ਕਿ ਇਸ ਸਭ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹੋ ਰਿਹਾ ਹੈ ਤੇ ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਵੀ ਉਹਨਾਂ ਸਿੱਖ ਸਿਧਾਤਾਂ ਦੀ ਉਲੰਘਣਾ ਦੱਸਿਆ ਹੈ । ਜਗਦੀਸ਼ ਸਿੰਘ ਝੀਂਡਾ,ਦੀਦਾਰ ਸਿੰਘ ਨਲਵੀ ਤੇ ਸੰਤ ਦਾਦੂਵਾਲ ‘ਤੇ ਤੰਜ ਕਸਦੇ ਹੋਏ ਉਹਨਾਂ ਕਿਹਾ ਕਿ ਇਹ ਸਾਰੇ ਹੁਣ ਭਾਵੇਂ ਹੱਥਾਂ ‘ਤੇ ਦੰਦੀਆਂ ਵੱਢ ਰਹੇ ਨੇ ਪਰ ਇਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਛੱਤਰ ਛਾਇਆ ਹੇਠ ਆਉਣ ਦੀ ਅਪੀਲ ਕੀਤੀ ਗਈ ਸੀ ਜੋ ਕਿ ਇਹਨਾਂ ਨੇ ਮੰਨੀ ਨਹੀਂ। ਹੁਣ ਇਹ ਤਿੰਨੋਂ ਦਾਅਵੇ ਕਰ ਰਹੇ ਹਨ ਕਿ ਕਮੇਟੀ ਵਿੱਚ ਚੁਣੇ ਹੋਏ 37 ਮੈਂਬਰ ਆਰਐਸਐਸ ਵਾਲੇ ਹਨ। ਧਾਮੀ ਨੇ ਸਵਾਲ ਕਰਦਿਆਂ ਕਿਹਾ ਹੈ ਕਿ ਹੁਣ ਖਾਲਸਾ ਆਪਣਾ ਨਿਆਰਾਪਨ ਛੱਡ ਕੇ ਸਰਕਾਰਾਂ ਦੇ ਅਸਰ ਹੇਠ ਆ ਜਾਵੇਗਾ?
ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਸਿੱਖ ਫੌਜੀਆਂ ਨੂੰ ਹੈਲਮਟ ਪਾਉਣ ਦੀ ਤਜਵੀਜ਼ ਦਾ ਵੀ ਵਿਰੋਧ ਧਾਮੀ ਨੇ ਕੀਤਾ ਹੈ । ਉਹਨਾਂ ਕਿਹਾ ਕਿ ਦਸਤਾਰ ਤੇ ਕਕਾਰ ਗੁਰੂਆਂ ਦੀ ਬਖਸ਼ੀਸ਼ ਹੈ,ਜਿਸ ਦੀ ਇਜ਼ਤ ਵਿਦੇਸ਼ਾਂ ਵਿੱਚ ਵੀ ਹੈ । ਬਾਹਰਲੀਆਂ ਸਰਕਾਰਾਂ ਨੇ ਦਸਤਾਰਧਾਰੀ ਸਿੱਖਾਂ ਨੂੰ ਸਾਬਤ ਸਰੂਪ ਵਿੱਚ ਰਹਿ ਕੇ ਫੌਜ ਤੇ ਸੁਰੱਖਿਆ ਦਸਤਿਆਂ ਵਿੱਚ ਨੌਕਰੀ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ ਪਰ ਆਪਣੇ ਹੀ ਦੇਸ਼ ਵਿੱਚ ਸਰਕਾਰ ਆਹ ਨਿਯਮ ਲਾਗੂ ਕਰਨ ਦੀਆਂ ਯਤਨਾਂ ਵਿੱਚ ਹੈ।
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਦਿੱਲੀ ਕਮੇਟੀ ਵੱਲੋਂ ਕੀਤੀ ਹਮਾਇਤ ‘ਤੇ ਵੀ ਉਹਨਾਂ ਕਮੇਟੀ ਨੂੰ ਘੇਰਿਆ ਹੈ ਤੇ ਇਹ ਵੀ ਕਿਹਾ ਕਿ ਉਲਟਾ ਦਿੱਲੀ ਕਮੇਟੀ ਸ਼੍ਰੀ ਅਕਾਲ ਤਖਤ ਨੂੰ ਇਹ ਚਿੱਠੀ ਲਿੱਖ ਰਹੀ ਹੈ ਕਿ ਵੀਰ ਬਾਲ ਦਿਵਸ ਨੂੰ ਮਾਨਤਾ ਦੇ ਦਿੱਤੀ ਜਾਵੇ।
ਸੰਗਤ ਨੂੰ ਸੰਬੋਧਨ ਕਰਦੇ ਹੋਏ ਧਾਮੀ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਜੰਮ ਕੇ ਤਾਰੀਫ ਕੀਤੀ ਤੇ ਮੌਜੂਦਾ ਸਰਕਾਰ ਨੂੰ ਘੇਰਦੇ ਹੋਏ ਇਲਜ਼ਾਮ ਲਗਾਇਆ ਕਿ ਇਹਨਾਂ 10 ਮਹੀਨਿਆਂ ਵਿੱਚ ਪੰਜਾਬ ਦਾ ਅਮਨ ਕਾਨੂੰਨ ਖਤਮ ਹੋ ਗਿਆ ਹੈ। ਮੁੱਖ ਮੰਤਰੀ ਮਾਨ ਵਲੋਂ ਕਮੇਟੀ ਦਾ ਨਾਂ ਬਦਲਣ ਸੰਬੰਧੀ ਕੀਤੀ ਗਈ ਟਾਂਚ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਮਾਨ ਨੇ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਬਦਲ ਕੇ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਰੱਖ ਦਿਉ ਤੇ ਇਸੇ ਗੱਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਮਾਨ ਦੀ ਉਮਰ ਤੋਂ ਕੀਤੇ ਜਿਆਦਾ ਕੁਰਬਾਨੀਆਂ ਕਮੇਟੀ ਨੇ ਕੀਤੀਆਂ ਹਨ ।
ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮਾਨ ਉਹਨਾਂ ਨੂੰ ਮਜਾਕਾਂ ਕਰ ਰਹੇ ਹਨ ,ਜਿਹੜੇ ਨਿਰਛਲ ਸੇਵਾ ਕਰਦੇ ਹਨ ਤੇ ਕੋਈ ਮਾਇਕ ਸਹਾਇਤਾ ਜਾਂ ਭੱਤੇ ਵੀ ਨਹੀਂ ਲੈਂਦੇ। ਪਰ ਪੰਜਾਬ ਸਰਕਾਰ ਦੇ ਖੁਦ ਦੇ ਮੰਤਰੀ ਕੇਸਾਂ ਵਿੱਚ ਫਸੇ ਹੋਏ ਹਨ।