‘ਦ ਖ਼ਾਲਸ ਬਿਊਰੋ:- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਪੁਸ਼ਾਕ ਮਾਮਲੇ ‘ਤੇ ਪੰਜਾਬ ਅੰਦਰ ਸਿਆਸਤ ਪੂਰੀ ਤਰਾਂ ਗਰਮਾਈ ਹੋਈ ਹੈ। ਇਸੇ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਦੇ ਪੈਰੋਕਾਰਾਂ ਦੇ ਅਧਾਰ ‘ਤੇ ਇੱਕ ਟੀਵੀ ਚੈਨਲ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਚੈਨਲ ’ਤੇ ਪ੍ਰਸਾਰਿਤ ਖ਼ਬਰ ਦੌਰਾਨ ਸੁਖਬੀਰ ਸਿੰਘ ਬਾਦਲ ’ਤੇ ਡੇਰਾ ਮੁਖੀ ਨੂੰ ਪੁਸ਼ਾਕ ਦੇਣ ਦੇ ਕਥਿਤ ਦੋਸ਼ ਲਾਏ ਗਏ ਸਨ।
ਸ੍ਰੋਮਣੀ ਅਕਾਲੀ ਦਲ ਨੇ ਇਲਜ਼ਾਮ ਲਾਉਦਿਆਂ ਕਿਹਾ ਕਿ ਡੇਰੇ ਦੀ ਇੱਕ ਪੈਰੋਕਾਰ ਨੇ ਆਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀਆਂ ਦੇ ਨਾਲ ਰਲ ਕੇ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਅਕਸ ਨੂੰ ਢਾਹ ਲਾਉਣ ਦਾ ਯਤਨ ਕੀਤਾ ਹੈ ਅਤੇ ਬੇਬੁਨਿਆਦ ਤੇ ਝੂਠੀ ਖ਼ਬਰ ਪ੍ਰਸਾਰਿਤ ਕੀਤੀ ਹੈ। ਉਹਨਾਂ ਕਿਹਾ ਕਿ ਇਸ ਖ਼ਬਰ ਦਾ ਪ੍ਰਸਾਰਨ 15 ਜੁਲਾਈ ਨੂੰ ਵਾਰ-ਵਾਰ ਸਾਰਾ ਦਿਨ ਲਗਾਤਾਰ ਦਿਖਾਇਆ ਗਿਆ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਨਾਂ ਲੈ ਕੇ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।
ਸ਼੍ਰੋ.ਅ.ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਣਹਾਨੀ ਨੋਟਿਸ ਵਿੱਚ ਇੱਕ ਪੈਰੋਕਾਰ ਵੀਰਪਾਲ ਕੌਰ, ਚੈਨਲ ਦੇ ਪੱਤਰਕਾਰ ਸਮੇਤ ਕਾਰਜਕਾਰੀ ਸੰਪਾਦਕ ਤੇ ਪ੍ਰਬੰਧਕੀ ਸੰਪਾਦਕ ਸਮੇਤ ਸਟਾਫ ਵੱਲੋਂ ਇਹ ਨੋਟਿਸ ਪ੍ਰਾਪਤ ਕਰਨ ’ਤੇ ਦੋ ਦਿਨਾਂ ਦੇ ਅੰਦਰ-ਅੰਦਰ ਲਿਖਤੀ ਮੁਆਫ਼ੀ ਪ੍ਰਸਾਰਿਤ ਕਰਨ ਲਿਆ ਕਿਹਾ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਕਿ ਨਿਊਜ਼ ਚੈਨਲ ਨੇ ਇਸ ਖ਼ਬਰ ਦੇ ਪ੍ਰਸਾਰਨ ਦੌਰਾਨ ਦੋ ਕਾਂਗਰਸੀ ਆਗੂਆਂ ਨੂੰ ਸਿਆਸੀ ਲਾਹਾ ਲੈਣ ਦਾ ਮੌਕਾ ਦਿੱਤਾ। ਚੀਮਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਿਉਜ਼ ਚੈਨਲ ਨੇ ਅਜਿਹਾ ਨਾ ਕੀਤਾ ਤਾਂ ਬਾਦਲ ਅਦਾਲਤ ਰਾਹੀਂ ਨਿਆ ਲੈਣਗੇ।