The Khalas Tv Blog Punjab ਫੋਟੋ ਵੇਖ ਸੁਖਬੀਰ ਦੀ ਹਿੱਲੀ ਕੁਰਸੀ ! ਬਾਗ਼ੀਆਂ ਨੂੰ ਨਿਪਟਾਉਣ ਦੀ ਬਣੀ ਰਣਨੀਤੀ,ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਵੀ ਆਈ ਨਸੀਹਤ
Punjab

ਫੋਟੋ ਵੇਖ ਸੁਖਬੀਰ ਦੀ ਹਿੱਲੀ ਕੁਰਸੀ ! ਬਾਗ਼ੀਆਂ ਨੂੰ ਨਿਪਟਾਉਣ ਦੀ ਬਣੀ ਰਣਨੀਤੀ,ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਵੀ ਆਈ ਨਸੀਹਤ

ਅਕਾਲੀ ਦਲ ਵਿੱਚ ਵੱਡੀ ਬਗਾਵਤ ਦੀਆਂ ਤਸਵੀਰ ਆਈ ਸਾਹਮਣੇ

ਦ ਖ਼ਾਲਸ ਬਿਊਰੋ : ਸੁਖਬੀਰ ਬਾਦਲ ਦੀ ਅਗਵਾਈ ਵਿੱਚ ਲਗਾਤਾਰ ਦੂਜੀ ਵਾਰ ਸ਼ਰਮਨਾਕ ਹਾਰ ਤੋਂ ਬਾਅਦ ਅਕਾਲੀ ਦਲ ਵਿੱਚ ਸ਼ੁਰੂ ਬਾਗ਼ੀ ਚਿੰਗਾਰੀਆਂ ਕਿਸੇ ਵੇਲੇ ਵੀ ਭਾਂਬੜ ਦਾ ਰੂਪਾ ਲੈ ਸਕਦੀਆਂ ਹਨ। ਸੋਮਵਾਰ ਨੂੰ ਪਾਰਟੀ ਦੇ ਦਿੱਗਜ ਆਗੂਆਂ ਦੀ ਮੀਟਿੰਗ ਦੀ ਤਸਵੀਰ ਇਸ ਦੀ ਗਵਾਈ ਵੀ ਭਰ ਰਹੀਆਂ ਹਨ ਕਿ ਸੁਖਬੀਰ ਬਾਦਲ ਦੀ ਪਾਰਟੀ ਪ੍ਰਧਾਨ ਦੀ ਕੁਰਸੀ ਹੁਣ ਖ਼ਤਰੇ ਵਿੱਚ ਹੈ। ਸੁਖਬੀਰ ਬਾਦਲ ਨੇ ਜਵਾਬ ਵਿੱਚ ਅਟੈਕਿੰਗ ਹੁੰਦੇ ਹੋਏ ਅਨੁਸ਼ਾਸਨਿਕ ਕਮੇਟੀ ਦਾ ਗਠਨ ਕਰ ਦਿੱਤਾ ਹੈ। ਉਧਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ਼ਾਰਿਆਂ-ਇਸ਼ਾਰਿਆਂ ਵਿੱਚ ਸੁਖਬੀਰ ਬਾਦਲ ਨੂੰ ਬਹੁਤ ਕੁਝ ਅਜਿਹਾ ਕਿਹਾ ਹੈ ਜੋ ਭਵਿੱਖ ਦੀ ਅਕਾਲੀ ਦਲ ਨੂੰ ਬਦਲ ਸਕਦਾ ਹੈ ।

ਇਸ ਤਰ੍ਹਾਂ ਹਿੱਲੀ ਸੁਖਬੀਰ ਦੀ ਕੁਰਸੀ

ਮਰਹੂਮ ਅਕਾਲੀ ਲੀਡਰ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਰਵੀਕਰਣ ਸਿੰਘ ਕਾਹਲੋਂ ਦੀ ਰਿਹਾਇਸ਼ ‘ਤੇ ਅਕਾਲੀ ਦਲ ਦੇ ਦਿੱਗਜ ਆਗੂ ਜੁੱਟੇ। ਇਸ ਵਿੱਚ ਸੁਖਬੀਰ ਬਾਦਲ ਦੀ ਲੀਡਰਸ਼ਿਪ ‘ਤੇ ਸਵਾਲ ਚੁੱਕਣ ਵਾਲੇ ਮਨਪ੍ਰੀਤ ਇਯਾਲੀ,ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਬਰਾੜ,ਚਰਨਜੀਤ ਸਿੰਘ ਅਟਵਾਲ,ਗੁਰਪ੍ਰਤਾਪ ਸਿੰਘ ਵਡਾਲਾ, ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ SGPC ਦੇ ਸੀਨੀਅਰ ਆਗੂ ਸ਼ਾਮਲ ਸਨ, ਇਸ ਮੀਟਿੰਗ ਨੂੰ ਅਕਾਲੀ ਦਲ ਵਿੱਚ ਵੱਡੀ ਬਗਾਵਤ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਤਸਵੀਰ ਵੇਖ ਕੇ ਆਪਣੀ ਕੁਰਸੀ ਹਿੱਲ ਦੀ ਹੋਈ ਨਜ਼ਰ ਆ ਰਹੀ ਹੈ।

ਇਸ ਲਈ ਉਨ੍ਹਾਂ ਨੇ ਅਨੁਸ਼ਾਸਨਿਕ ਕਮੇਟੀ ਦਾ ਐਲਾਨ ਕਰਕੇ ਵਿਰੋਧੀਆਂ ਨੂੰ ਨਿਪਟਾਉਣ ਦਾ ਫੈਸਲਾ ਲਿਆ ਹੈ, ਅਨੁਸ਼ਾਸਨਿਕ ਕਮੇਟੀ ਦਾ ਮੁੱਖੀ ਸਿਕੰਦਰ ਸਿੰਘ ਮਲੂਕਾ ਨੂੰ ਬਣਾਇਆ ਗਿਆ ਹੈ, ਮਲੂਕਾ ਸੁਖਬੀਰ ਬਾਦਲ ਖਿਲਾਫ਼ ਸਿੱਧੀ ਬਗਾਵਤ ਕਰਨ ਵਾਲੇ ਜਗਮੀਤ ਬਰਾੜ ਦੇ ਧੁਰ ਵਿਰੋਧੀ ਨੇ ਇਸੇ ਲਈ ਸੁਖਬੀਰ ਬਾਦਲ ਨੇ ਉਨ੍ਹਾ ਨੂੰ ਹੀ ਕਮੇਟੀ ਦੀ ਕਮਾਨ ਸੌਂਪੀ ਹੈ। ਇਸ ਤੋਂ ਇਲਾਵਾ ਸੁਖਬੀਰ ਦੇ ਨਜ਼ਦੀਕੀ ਸ਼ਰਣਜੀਤ ਸਿੰਘ ਢਿੱਲੋਂ,ਵਿਰਸਾ ਸਿੰਘ ਵਲਟੋਹਾ,ਮਨਤਾਰ ਬਰਾੜ ਅਤੇ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕਮੇਟੀ ਬਣਾਉਣ ਤੋਂ ਬਾਅਦ ਅਕਾਲੀ ਦਲ ਨੇ ਬਿਆਨ ਵੀ ਜਾਰੀ ਕਰਦੇ ਹੋਏ ਕਿਹਾ ‘ਪਾਰਟੀ ਨੂੰ ਮਜਬੂਤ ਕਰਨ ਦੇ ਲਈ ਹਰ ਸੁਝਾਅ ਦਾ ਸਿਰਫ਼ ਪਾਰਟੀ ਪਲੇਟਫਾਰਮ ‘ਤੇ ਸੁਆਗਤ ਹੈ। ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਅਜਿਹਾ ਕੋਈ ਵੀ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਪਾਰਟੀ,ਪੰਥ ਅਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੋਵੇ’ ।

ਸਾਫ਼ ਹੈ ਸੁਖਬੀਰ ਬਾਦਲ ਦਾ ਇਹ ਸੁਨੇਹਾ ਪਾਰਟੀ ਦੇ ਉਨ੍ਹਾਂ ਆਗੂਆਂ ਲਈ ਸੀ ਜੋ ਰਵੀਕਰਣ ਸਿੰਘ ਕਾਹਲੋਂ ਦੇ ਘਰ ਤਸਵੀਰਾਂ ਵਿੱਚ ਨਜ਼ਰ ਆਏ ਅਤੇ ਜਿੰਨਾਂ ਤੋਂ ਪਾਰਟੀ ਪ੍ਰਧਾਨ ਨੂੰ ਬਾਗੀ ਸੁਰਾਂ ਦੀ ਆਵਾਜ਼ ਆ ਰਹੀ ਸੀ,ਉਧਰ ਇਤਿਹਾਸਤ ਗੁਰਦੁਆਰੇ ਗੁਰੂ ਕਾ ਬਾਗ ਤੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸੁਖਬੀਰ ਬਾਦਲ ਨੂੰ ਖਾਸ ਸਿਆਸੀ ਸੁਨੇਹਾ ਦਿੱਤਾ ਹੈ।

ਜਥੇਦਾਰ ਦੀ ਸੁਖਬੀਰ ਬਾਦਲ ਨੂੰ ਸਲਾਹ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਵਿੱਚ ‘ਸਰਕਾਰ’ ਸਥਾਪਤ ਕਰਨ ਦੇ ਮਨੋਰਥ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਧਿਆਨ ਪੰਥ ਦੇ ਹਿੱਤ ਵਿੱਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ‘ਤੇ ਜ਼ਿਆਦਾ ਹੋਣਾ ਚਾਹੀਦਾ ਹੈ। ਜਥੇਦਾਰ ਨੇ ਕਿਹਾ ਤੁਸੀਂ ਸਰਕਾਰ ਬਣਾ ਕੇ ਜਾਂ ਮੁੱਖ ਮੰਤਰੀ ਬਣ ਕੇ ਕੀ ਕਰੋਗੇ ? ਦੇਸ਼ ਵਿੱਚ ਮੁੱਖ ਮੰਤਰੀ ਦਾ ਰੁਤਬਾ ਹਰ ਕੋਈ ਜਾਣਦਾ ਹੈ?

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਜਥੇਦਾਰ ਨੇ ਤੰਜ ਕੱਸ ਦੇ ਹੋਏ ਕਿਹਾ ਅਕਾਲੀ ਦਲ ਤਾਂ ਤੱਕ ਹੀ ਜ਼ਿੰਦਾ ਰਹਿ ਸਕਦਾ ਹੈ ਕਿ ਜਦੋਂ ਤੱਕ ਸਿੱਖ ਪੰਥ ਮਜਬੂਤ ਅਤੇ ਖੁਸ਼ਹਾਲ ਰਹੇਗਾ। ਜਥੇਦਾਰ ਕਿ ਸੁਖਬੀਰ ਬਾਦਲ ਨੂੰ ਕੋਈ ਇਸ਼ਾਰਾ ਕਰਨਾ ਚਾਹੁੰਦੇ ਸਨ ਕਿ ਉਹ ਕੁਰਸੀ ਤੋਂ ਹੱਟ ਜਾਣ ? ਜਾਂ ਗਿਆਨੀ ਹਰਪ੍ਰੀਤ ਸਿੰਘ ਪੰਥ ਦਾ ਹਵਾਲਾ ਦਿੰਦੇ ਹੋਏ ਬਾਗੀ ਅਵਾਜ਼ਾਂ ਨੂੰ ਏਕਤਾ ਦਾ ਸੁਨੇਹਾ ਦੇ ਰਹੇ ਸਨ ? ਹਾਲਾਂਕਿ ਜਥੇਦਾਰ ਦੇ ਇਸ ਬਿਆਨ ਤੋਂ ਬਾਅਦ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਸੁਨੇਹਾ ਵੀ ਕਾਫੀ ਅਹਿਮ ਹੈ ਉਨ੍ਹਾਂ ਨੇ RSS ਦਾ ਨਾਂ ਲੈਂਦੇ ਹੋਏ ਕਿਹਾ ਸਿੱਧੇ ਅਤੇ ਅਸਿੱਧੇ ਤੌਰ ‘ਤੇ ਉਹ ਪੰਜਾਬ ਵਿੱਚ ਅਧਾਰ ਮਜਬੂਤ ਕਰ ਰਹੇ ਹਨ। ਯਾਨੀ ਧਾਮੀ ਕਿਧਰੇ ਨਾ ਕਿਧਰੇ ਅਕਾਲੀ ਦਲ ਵਿੱਚ ਉੱਠ ਰਹੀਆਂ ਬਾਗੀ ਸੁਰਾਂ ਦੇ ਪਿੱਛੇ ਬੀਜੇਪੀ ਨੂੰ ਵੱਡਾ ਕਾਰਨ ਦੱਸ ਰਹੇ ਹਨ।

Exit mobile version