The Khalas Tv Blog Punjab ਸੁਖਬੀਰ ਬਾਦਲ ਨੂੰ ਕਿਸਾਨਾਂ ਨੇ ਕਿਹਾ-ਤੁਹਾਡੇ ਐੱਮਐੱਲਏ ਬਹੁਤ ਅਮੀਰ ਹਨ
Punjab

ਸੁਖਬੀਰ ਬਾਦਲ ਨੂੰ ਕਿਸਾਨਾਂ ਨੇ ਕਿਹਾ-ਤੁਹਾਡੇ ਐੱਮਐੱਲਏ ਬਹੁਤ ਅਮੀਰ ਹਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਵਿੱਚ ਆਪਣੀ 100 ਦਿਨ ਦੀ ਯਾਤਰਾ ਦੇ ਅੱਜ ਦੂਜੇ ਦਿਨ ਸੁਖਬੀਰ ਬਾਦਲ ਨੂੰ ਰਾਹ ਵਿੱਚ ਗੁਰੂਹਰਸਹਾਇ ਲਾਗੇ ਕਿਸਾਨਾਂ ਜਥੇਬੰਦੀਆਂ ਦਾ ਧਰਨਾ ਦੇਖ ਕੇ ਰੁਕਣਾ ਮਹਿੰਗਾ ਪੈ ਗਿਆ। ਇਸ ਮੌਕੇ ਸੁਖਬੀਰ ਬਾਦਲ ਨੂੰ ਕਿਸਾਨਾਂ ਨੇ ਇੰਨੇ ਤਿੱਖੇ ਸਵਾਲ ਕੀਤੇ ਕਿ ਸੁਖਬੀਰ ਬਾਦਲ ਨੂੰ ਮੁੜ ਤੋਂ ਪੜ੍ਹਿਆ ਵਿਚਾਰਨਾ ਪੈ ਗਿਆ। ਖੇਤੀ ਕਾਨੂੰਨਾਂ ਦੀ ਹਮਾਇਤ ਦੇ ਮੁੱਦੇ ਉੱਤੇ ਪੁੱਛੇ ਸਵਾਲ ਤੋਂ ਬਾਅਦ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਨੂੰਨ ਬਣਨ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਇਸ ਬਾਰੇ ਪਹਿਲਾਂ ਸਟੇਕਹੋਲਡਰਾਂ ਨੂੰ ਜਰੂਰ ਪੁੱਛੋ। ਸੁਖਬੀਰ ਨੇ ਕਿਹਾ ਕਿ ਮੈਂ ਖੁਦ ਕਿਹਾ ਸੀ ਕਿ ਕਾਨੂੰਨ ਨਾ ਬਣਾਇਓ।ਅਸੀਂ ਸੈਸ਼ਨ ਵਿਚ ਸ਼ਰੇਆਮ ਅਸਤੀਫਾ ਦਿੱਤਾ ਹੈ।

ਸੁਖਬੀਰ ਨੇ ਕਿਸਾਨਾਂ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਮੈਨੂੰ ਮੇਰੇ ਪਿਤਾ ਜੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਕਿ ਕਾਨੂੰਨ ਆਉਂਦੇ ਨੇ ਤਾਂ ਅਸੀਂ ਇਨ੍ਹਾਂ (ਬੀਜੇਪੀ) ਨਾਲ ਨਹੀਂ ਰਹਿ ਸਕਦੇ।ਇਸ ਮੌਕੇ ਸੁਖਬੀਰ ਨੇ ਬਿਜਲੀ ਸਮਝੌਤਿਆਂ ਦੀ ਗੱਲ ਵੀ ਕੀਤੀ, ਪਰ ਬਹੁਤੇ ਸਵਾਲ ਅਜਿਹੇ ਸਨ ਕਿ ਸੁਖਬੀਰ ਨੂੰ ਜਵਾਬ ਦਿੰਦਿਆਂ ਸੋਚਣਾ ਪੈ ਰਿਹਾ ਸੀ।ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਕਿਹਾ ਇਹ ਸਵਾਲ ਵੋਟਰਾਂ ਦੇ ਹਨ, ਨਾ ਕਿ ਸਿਰਫ ਕਿਸਾਨਾਂ ਦੇ। ਕਿਸਾਨਾਂ ਨੇ ਸੁਖਬੀਰ ਨੂੰ ਕਿਹਾ ਕਿ ਕਾਂਗਰਸ ਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ, ਪਰ ਇਹੀ ਹਾਲ ਸ਼ਿਰੋਮਣੀ ਅਕਾਲੀ ਦਲ ਦਾ ਹੈ।

ਉਨ੍ਹਾਂ ਦੱਸਿਆ ਕਿ 10 ਦਿਸੰਬਰ 2006 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਬਿਆਨ ਦਿੱਤਾ ਸੀ ਕਿ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਕਿਸਾਨਾਂ ਦੇ ਕਰਜੇ ਮਾਫ ਕਰਾਂਗੇ ਤੇ ਇਹ ਸਾਡਾ ਪਵਿੱਤਰ ਫਰਜ ਹੋਵੇਗਾ, ਪਰ ਇਹ ਨਹੀਂ ਹੋਇਆ। ਕਿਸਾਨਾਂ ਨੇ ਪੁੱਛਿਆ ਕਿ ਜੇ ਹੁਣ ਅਕਾਲੀ ਦਲ ਸਰਕਾਰ ਬਣਾਉਂਦੀ ਹੈ ਤਾਂ ਕੀ ਬਿਜਲੀ ਸਮਝੌਤੇ ਰੱਦ ਹੋਣਗੇ ਤੇ ਕੀ ਸਾਰਾ ਕੁੱਝ ਜੋ ਠੇਕੇ ਤੇ ਹੈ ਕੀ ਉਹਨਾਂ ਲਈ ਕੀਤੇ ਗਏ ਸਮਝੌਤੇ ਵੀ ਰੱਦ ਹੋਣਗੇ।ਕਿਸਾਨਾਂ ਨੇ ਸੁਖਬੀਰ ਨੂੰ ਕਿਹਾ ਕਿ ਪਹਿਲਾਂ ਤੁਸੀਂ ਰੱਜ ਕੇ ਕਾਨੂੰਨਾਂ ਦੇ ਹੱਕ ਵਿੱਚ ਭੁਗਤਦੇ ਰਹੇ ਹੋ, ਤੇ ਹੁਣ ਵਿਰੋਧ ਕਰ ਰਹੇ ਹੋ।

ਕਿਸਾਨਾਂ ਨੇ ਕਿਹਾ ਅਸੀਂ ਤੁਹਾਡੇ ਕਈ ਐਮਐਲਏ ਗਿਣਾ ਸਕਦੇ ਹਾਂ ਜੋ ਪਹਿਲਾਂ ਕਿਰਤ ਕਰਦੇ ਸੀ ਪਰ ਐਮਐਲਏ ਬਣਨ ਤੋਂ ਬਾਅਦ ਹੁਣ ਉਹ ਕਈ ਸੌ ਕਰੋੜ ਦੇ ਮਾਲਿਕ ਹਨ।ਇਸ ਮੌਕੇ ਸੁਖਬੀਰ ਬਾਦਲ ਨੂੰ ਕਿਸਾਨਾਂ ਨੇ ਤਿੱਖੇ ਸਵਾਲ ਕਰਦਿਆਂ ਕਿਹਾ ਕਿ ਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੀ ਕੁੱਲ ਪ੍ਰੋਡਕਸ਼ਨ ਦਾ ਕਿੰਨਾ ਫੀਸਦ ਪ੍ਰਾਇਵੇਟ ਪ੍ਰੋਡਕਸ਼ਨ ਹੁੰਦਾ ਹੈ।ਇਸਦਾ ਜਵਾਬ ਵੀ ਸੁਖਬੀਰ ਠੀਕ ਤਰ੍ਹਾਂ ਨਹੀਂ ਦੇ ਸਕੇ।

ਸੁਖਬੀਰ ਬਾਦਲ ਨੇ ਕਿਹਾ ਕਿ ਜੋ ਅਸੀਂ ਹਸਪਤਾਲਾਂ ਲਈ ਜੋ ਕਿਹਾ ਸੀ, ਉਹ ਪੂਰਾ ਕੀਤਾ ਹੈ।ਕਿਸਾਨਾਂ ਨੇ ਕਿਹਾ ਕਿ ਜਿਹੜੇ ਸੇਵਾ ਕੇਂਦਰ ਸ਼ਿਰੋਮਣੀ ਅਕਾਲੀ ਦਲ ਨੇ ਖੋਲ੍ਹੇ ਹਨ, ਉੱਥੇ ਸਭ ਤੋਂ ਵੱਧ ਕਰਪਸ਼ਨ ਹੁੰਦੀ ਹੈ।ਕਿਸਾਨਾਂ ਨੇ ਸੁਖਬੀਰ ਨੂੰ ਕਿਹਾ ਕਿ ਟਿਊਬਵੈਲਾਂ ਦੇ ਬਿੱਲ ਮਾਫ ਕਰਨ ਦੀ ਗੱਲ ਕਹੀ ਗਈ ਸੀ, ਉਹ ਪੂਰੀ ਨਹੀਂ ਕੀਤੀ ਗਈ। ਸੁਖਬੀਰ ਨੇ ਕਿਹਾ ਥਰਮਲ ਪਲਾਂਟ ਬੇਸ਼ੱਕ ਪ੍ਰਾਇਵੇਟ ਹੱਥਾਂ ਵਿਚ ਹਨ, ਪਰ ਉਨ੍ਹਾਂ ਨੂੰ ਵੇਚਣ ਦਾ ਹੱਕ ਹਾਲੇ ਵੀ ਸਰਕਾਰ ਕੋਲ ਹੈ। ਅਖੀਰ ਵਿੱਚ ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਤੁਹਾਡੇ ਐੱਮਐੱਲਏ ਬਹੁਤ ਅਮੀਰ ਹਨ।

ਸੁਖਬੀਰ ਬਾਦਲ ਦੇ ਜਾਣ ਤੋਂ ਬਾਅਦ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਲੀਡਰਾਂ ਨੇ ਕਿਹਾ ਕਿ ਘਿਰਾਓ ਦੇ ਨਾਲ ਨਾਲ ਅਸੀਂ ਕਾਂਗਰਸ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਉਨ੍ਹਾਂ ਦੇ ਵਾਅਦੇ ਵੀ ਯਾਦ ਕਰਵਾ ਰਹੇ ਹਾਂ।

Exit mobile version