‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 2022 ਦੀਆਂ ਵਿਧਾਨ ਸਭਾ ਚੋਣਾਂ ਲਈ ਸਾਰੇ ਸਿਆਸੀ ਲੀਡਰਾਂ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ ਅਤੇ ਲੋਕਾਂ ਲਈ ਵੱਡੇ-ਵੱਡੇ ਐਲਾਨ ਵੀ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਫਿਰ ਇੱਕ ਨਵਾਂ ਐਲਾਨ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਸੂਬੇ ਦਾ ਡਿਪਟੀ ਮੁੱਖ ਮੰਤਰੀ ਦਲਿਤ ਪਰਿਵਾਰ ਦਾ ਹੋਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਬਣਨ ‘ਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਨਾਮ ‘ਤੇ ਦੋਆਬੇ ਵਿੱਚ ਯੂਨੀਵਰਸਿਟੀ ਵੀ ਬਣਾਈ ਜਾਵੇਗੀ। ਸੁਖਬੀਰ ਬਾਦਲ ਅੱਜ ਜਲੰਧਰ ‘ਚ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ।
ਸੁਖਬੀਰ ਬਾਦਲ ਨੇ ਕੱਲ੍ਹ ਵੀ ਆਪਣੀ ਸਰਕਾਰ ਆਉਣ ‘ਤੇ ਔਰਤਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਆਈ ਤਾਂ ਉਹ ਔਰਤਾਂ ਨੂੰ ਸਿਰਫ ਸਰਕਾਰੀ ਬੱਸਾਂ ‘ਚ ਹੀ ਨਹੀਂ, ਸਗੋਂ ਪ੍ਰਾਈਵੇਟ ਬੱਸਾਂ ‘ਚ ਵੀ ਮੁਫਤ ਸਫਰ ਦੀ ਸਹੂਲਤ ਦੇਣਗੇ।